ਸੁਖਬੀਰ ਅਤੇ ਹਰਸਿਮਰਤ ਵਲੋਂ ਸਾਰੇ ਸਾਂਸਦਾਂ ਨੂੰ ਹਸਪਤਾਲਾਂ ਨੂੰ ਫੰਡ ਜਾਰੀ ਕਰਨ ਦੀ ਅਪੀਲ
Monday, Mar 23, 2020 - 09:52 AM (IST)
ਚੰਡੀਗੜ੍ਹ (ਅਸ਼ਵਨੀ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਅੱਜ ਸਾਰੇ ਸਾਂਸਦਾਂ ਨੂੰ ਆਪਣੇ ਅਖ਼ਤਿਆਰੀ ਫੰਡਾਂ 'ਚੋਂ ਕੋਰੋਨਾਵਾਇਰਸ ਖਿਲਾਫ਼ ਲੜਾਈ ਲਈ ਲੋੜੀਂਦਾ ਮੈਡੀਕਲ ਸਾਜ਼ੋ-ਸਮਾਨ ਖਰੀਦਣ ਵਾਸਤੇ ਹਸਪਤਾਲਾਂ ਨੂੰ ਫੰਡ ਜਾਰੀ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਉਨ੍ਹਾਂ ਦੇ ਹਲਕਿਆਂ ਫਿਰੋਜ਼ਪੁਰ ਅਤੇ ਬਠਿੰਡਾ ਵਿਚ ਪੈਂਦੇ ਸਾਰੇ ਹਸਪਤਾਲ ਇਸ ਮੰਤਵ ਲਈ ਫੰਡ ਹਾਸਿਲ ਕਰ ਸਕਣਗੇ। ਇਥੇ ਇਕ ਸਾਂਝੇ ਬਿਆਨ 'ਚ ਸੁਖਬੀਰ ਅਤੇ ਹਰਸਿਮਰਤ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ 'ਚ ਮੈਡੀਕਲ ਸਾਜ਼ੋ-ਸਮਾਨ ਅਤੇ ਟੈਸਟਿੰਗ ਕਿੱਟਾਂ ਦੀ ਭਾਰੀ ਕਮੀ ਦੀਆਂ ਰਿਪੋਰਟਾਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜ਼ਿਲਾ ਪ੍ਰਸਾਸ਼ਨ ਹਸਪਤਾਲਾਂ ਨਾਲ ਸੰਪਰਕ ਕਰ ਸਕਦਾ ਹੈ ਅਤੇ ਵਿਸ਼ੇਸ਼ ਮੈਡੀਕਲ ਸਾਜ਼ੋਸਮਾਨ ਲਈ ਲੋੜੀਂਦੇ ਫੰਡ ਉਨ੍ਹਾਂ ਦੇ ਅਖ਼ਤਿਆਰੀ ਫੰਡਾਂ 'ਚੋਂ ਜਾਰੀ ਕੀਤੇ ਜਾਣਗੇ। ਦੋਵੇਂ ਸਾਂਸਦਾਂ ਨੇ ਪੰਜਾਬ ਅਤੇ ਦੇਸ਼ ਦੇ ਬਾਕੀ ਸਾਂਸਦਾਂ ਨੂੰ ਵੀ ਅਪੀਲ ਕੀਤੀ ਕਿ ਉਹ ਜਲਦੀ ਤੋਂ ਜਲਦੀ ਸਰਕਾਰੀ ਹਸਪਤਾਲਾਂ ਲਈ ਫੰਡ ਜਾਰੀ ਕਰਕੇ ਇਸ ਮਹਾਮਾਰੀ ਖ਼ਿਲਾਫ਼ ਲੜਾਈ 'ਚ ਆਪਣਾ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਬਾਕੀ ਸਾਰੇ ਚੁਣੇ ਹੋਏ ਨੁੰਮਾਇਦਿਆਂ ਅਤੇ ਜਨਤਾ ਵੀ ਨੂੰ ਇਸ ਕਾਰਜ ਵਿਚ ਸਹਾਇਤਾ ਕਰਨੀ ਚਾਹੀਦੀ ਹੈ। ਸਾਨੂੰ ਇਹ ਰਾਹਤ ਕਾਰਜ ਤੁਰੰਤ ਸ਼ੁਰੂ ਕਰਨਾ ਚਾਹੀਦਾ ਹੈ। ਸਾਨੂੰ ਹਰ ਤਰ੍ਹਾਂ ਦੀ ਸਥਿਤੀ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਐੱਸ.ਜੀ.ਪੀ.ਸੀ. ਨੂੰ ਵੀ ਅਪੀਲ ਕੀਤੀ ਕਿ ਉਹ ਮਾਸਕ ਅਤੇ ਸੈਨੇਟਾਈਜ਼ਰ ਵੰਡ ਕੇ ਇਸ ਕਾਰਜ 'ਚ ਆਪਣਾ ਯੋਗਦਾਨ ਪਾਉਣ।
ਇਹ ਵੀ ਪੜ੍ਹੋ: ਕੀ ਸਾਡੇ ਕੱਪੜਿਆਂ ਰਾਹੀਂ ਵੀ ਘਰ ਤੱਕ ਪਹੁੰਚ ਸਕਦੈ ਕੋਰੋਨਾ ਵਾਇਰਸ
ਅਕਾਲੀ ਦਲ ਪ੍ਰਧਾਨ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ 31 ਮਾਰਚ ਤਕ ਮੁਕੰਮਲ ਤਾਲਾਬੰਦੀ ਸਬੰਧੀ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਨਿਰਦੇਸ਼ਾਂ ਦਾ ਪੂਰੀ ਈਮਾਨਦਾਰੀ ਨਾਲ ਪਾਲਣ ਕਰਨ। ਉਨ੍ਹਾਂ ਅਕਾਲੀ ਵਰਕਰਾਂ ਅਤੇ ਵਲੰਟੀਅਰਾਂ ਨੂੰ ਵੀ ਲੋੜ ਦੀ ਇਸ ਘੜੀ 'ਚ ਪੰਜਾਬ ਸਰਕਾਰ ਦੀ ਸਹਾਇਤਾ ਕਰਨ ਅਤੇ ਲੋਕਾਂ 'ਚ ਵਲੰਟਰੀ ਤਾਲਾਬੰਦੀ ਦੀ ਲੋੜ ਸੰਬੰਧੀ ਜਾਗਰੂਕਤਾ ਫੈਲਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਗੱਲ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ ਕਿ ਬਜ਼ੁਰਗਾਂ ਨੂੰ ਸੁਰੱਖਿਅਤ ਰੱਖਿਆ ਜਾਵੇ। ਸੁਖਬੀਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਲੋਂ ਗੁਰਦੁਆਰਾ ਅਰਾਮ ਘਰਾਂ ਨੂੰ ਸਰਕਾਰ ਲਈ ਕੁਆਰੰਟਾਇਨ ਕੇਂਦਰ ਬਣਾਉਣ ਦੀ ਦਿੱਤੀ ਪੇਸ਼ਕਸ਼ ਅਤੇ ਸਿੱਖਾਂ ਨੂੰ ਘਰਾਂ ਅੰਦਰ ਰਹਿਣ ਦੀ ਕੀਤੀ ਅਪੀਲ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਿੱਖ ਧਰਮ ਦੀ 'ਸਰਬਤ ਦਾ ਭਲਾ' ਫਿਲਾਸਫੀ 'ਤੇ ਪੱਕੇ ਪੈਰੀਂ ਚੱਲਦਿਆਂ ਸਿੰਘ ਸਾਹਿਬ ਨੇ ਵਿਦੇਸ਼ਾਂ ਵਿਚਲੀਆਂ ਗੁਰਦੁਆਰਾ ਮੈਨੇਜਮੈਂਟਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਇਸ ਸੰਕਟ ਦੀ ਘੜੀ 'ਚ ਉਹ ਲੋੜਵੰਦਾਂ ਦੀ ਸਹਾਇਤਾ ਕਰਨ। ਅਕਾਲੀ ਦਲ ਪ੍ਰਧਾਨ ਨੇ ਪ੍ਰਭਾਵਿਤ ਦੇਸ਼ਾਂ 'ਚ ਅਕਾਲੀ ਦਲ ਦੀਆਂ ਇਕਾਈਆਂ ਨੂੰ ਇਸ ਕਾਰਜ 'ਚ ਮੱਦਦ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਭਾਰਤੀ ਇਟਲੀ, ਸਪੇਨ, ਬਰਤਾਨੀਆ, ਜਰਮਨੀ, ਕੈਨੇਡਾ ਅਤੇ ਅਮਰੀਕਾ ਵਰਗੇ ਮੁਲਕਾਂ ਅੰਦਰ ਰੁਜ਼ਗਾਰ ਗੁਆ ਬੈਠੇ ਹਨ ਅਤੇ ਲੋੜਵੰਦ ਹਨ, ਉਨ੍ਹਾਂ ਦੀ ਪੰਜਾਬੀ ਭਰਾਵਾਂ ਵਲੋਂ ਮੱਦਦ ਕੀਤੀ ਜਾਣੀ ਚਾਹੀਦੀ ਹੈ।