ਘੁਬਾਇਆ ਦੀ ਨਾਮਜ਼ਦਗੀ ਰੱਦ ਕੀਤੀ ਜਾਵੇ : ਅਕਾਲੀ ਦਲ

Wednesday, May 01, 2019 - 09:43 AM (IST)

ਘੁਬਾਇਆ ਦੀ ਨਾਮਜ਼ਦਗੀ ਰੱਦ ਕੀਤੀ ਜਾਵੇ : ਅਕਾਲੀ ਦਲ

ਚੰਡੀਗੜ੍ਹ (ਅਸ਼ਵਨੀ) - ਸ਼੍ਰੋਮਣੀ ਅਕਾਲੀ ਦਲ ਵਲੋਂ ਮੁੱਖ ਚੋਣ ਕਮਿਸ਼ਨਰ ਨੂੰ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦੇ ਨਾਮਜ਼ਦਗੀ ਕਾਗਜ਼ ਰੱਦ ਕੀਤੇ ਜਾਣ ਦੀ ਬੇਨਤੀ ਕੀਤੀ ਗਈ ਹੈ। ਉਨ੍ਹਾਂ ਨੇ ਬੇਨਤੀ ਕਰਦਿਆਂ ਕਿਹਾ ਕਿ ਘੁਬਾਇਆ ਨੇ 2014 'ਚ ਚੋਣ ਕਮਿਸ਼ਨ ਨੂੰ ਆਪਣੇ ਚੋਣ ਖਰਚੇ ਸਬੰਧੀ ਜਾਣ ਬੁੱਝ ਕੇ ਗਲਤ ਜਾਣਕਾਰੀ ਦੇ ਕੇ ਗੁੰਮਰਾਹ ਕੀਤਾ ਸੀ। ਇਸ ਸਬੰਧੀ ਅਕਾਲੀ ਦਲ ਵਲੋਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾਕਟਰ ਐੱਸ. ਕਰੁਣਾ ਰਾਜੂ ਕੋਲ ਇਕ ਰਸਮੀ ਸ਼ਿਕਾਇਤ ਦਿੱਤੀ ਗਈ। ਇਸ ਸ਼ਿਕਾਇਤ 'ਚ ਇਕ ਟੈਲੀਵਿਜ਼ਨ ਸਟਿੰਗ ਬਾਰੇ ਵਿਸਥਾਰ ਵਿਚ ਚਾਨਣਾ ਪਾਇਆ ਗਿਆ, ਜਿਸ 'ਚ ਸ਼ੇਰ ਸਿੰਘ ਘੁਬਾਇਆ ਕੈਮਰੇ ਦੇ ਸਾਹਮਣੇ ਕਹਿ ਰਿਹਾ ਹੈ ਕਿ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਉਸ ਦਾ ਚੋਣ ਖਰਚਾ ਤਕਰੀਬਨ 30 ਕਰੋੜ ਰੁਪਏ ਹੋਇਆ ਸੀ।

ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਵਲੋਂ ਦਿੱਤੀ ਗਈ ਇਸ ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ, ਜੇਕਰ ਕੋਈ ਉਮੀਦਵਾਰ ਚੋਣ ਕਮਿਸ਼ਨ ਵਲੋਂ ਨਿਰਧਾਰਿਤ ਕੀਤੇ ਖਰਚੇ ਤੋਂ ਵੱਧ ਖਰਚ ਕਰਦਾ ਹੈ ਤਾਂ ਉਸ ਅਯੋਗ ਠਹਿਰਾਇਆ ਜਾਵੇਗਾ। ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਘੁਬਾਇਆ ਦੇ ਆਪਣੇ ਬਿਆਨ ਅਨੁਸਾਰ, ਉਸ ਨੇ ਚੋਣ ਕਮਿਸ਼ਨ ਦੇ ਖਰਚੇ ਸਬੰਧੀ ਨਿਯਮਾਂ ਦੀ ਉਲੰਘਣਾ ਕੀਤੀ ਹੈ, ਜਿਸ ਕਰਕੇ ਆਪਣੇ ਚੋਣ ਖਰਚੇ ਬਾਰੇ ਸਹੀ ਤੱਥ ਛੁਪਾਉਣ ਲਈ ਉਸ ਖ਼ਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।


author

rajwinder kaur

Content Editor

Related News