ਵਿਧਾਨ ਸਭਾ ਹਲਕਾ ਮਾਨਸਾ ਅੰਦਰ ਅਕਾਲੀ ਦਲ ''ਚ ਦੂਜਾ ਵੱਡਾ ਸਿਆਸੀ ਧਮਾਕਾ!
Tuesday, Feb 06, 2018 - 05:18 PM (IST)
ਮਾਨਸਾ (ਸੰਦੀਪ ਮਿੱਤਲ)-ਵਿਧਾਨ ਸਭਾ ਚੋਣਾਂ 'ਚ ਸ਼ਰਮਨਾਕ ਹਾਰ ਤੋ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਅੰਦਰ ਇਸ ਵੇਲੇ ਕੁੱਝ ਵੀ ਸਹੀ ਨਹੀ ਚੱਲ ਰਿਹਾ ਕਿਉਂਕਿ ਅਕਾਲੀ ਦਲ ਦੀ ਕੁਰਬਾਨੀਆਂ ਨਾਲ ਪਰੋਈ ਮਾਲਾ ਦਾ ਧਾਗਾ ਟੁੱਟਣ ਤੋਂ ਬਾਅਦ ਹੁਣ ਇਸ ਦੇ ਚਮਕ ਦਮਕ ਵਾਲੇ ਮਣਕੇ ਵੀ ਇਕ-ਇਕ ਕਰਕੇ ਖਿੱਲਰਣੇ ਸ਼ੁਰੂ ਹੋ ਗਏ ਹਨ । ਇਸ ਤੋਂ ਪਹਿਲਾਂ ਯੂਥ ਅਕਾਲੀ ਦਲ ਮਾਨਸਾ ਸ਼ਹਿਰੀ ਦੇ ਜ਼ਿਲਾ ਪ੍ਰਧਾਨ ਮਨਦੀਪ ਸਿੰਘ ਗੋਰਾ ਨੇ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਨੂੰ ਕਮਰਸ਼ੀਅਲ ਲੋਕਾਂ ਦੀ ਪ੍ਰਾਈਵੇਟ ਲਿਮਟਿਡ ਕੰਪਨੀ ਕਹਿ ਕੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਸੀ ਤੇ ਕਾਂਗਰਸ ਦਾ ਹੱਥ ਫੜ੍ਹ ਲਿਆ ਸੀ । ਹੁਣ ਵਿਧਾਨ ਸਭਾ ਹਲਕਾ ਮਾਨਸਾ ਤੋਂ ਨੱਤੀਆਂ ਵਾਲੇ ਅਕਾਲੀ ਵਿਧਾਇਕ ਰਹੇ ਪ੍ਰੇਮ ਮਿੱਤਲ ਨੇ ਪਾਰਟੀ ਅੰਦਰ ਕੋਈ ਪੁੱਛ ਪੜਤਾਲ ਨਾ ਹੋਣ ਦਾ ਦੋਸ਼ ਲਗਾ ਕੇ ਪਾਰਟੀ ਦਾ ਪੱਲਾ ਛੱਡ ਦਿੱਤਾ ਹੈ ਤੇ ਲੁਧਿਆਣਾ ਵਿਖੇ ਲੋਕ ਇਨਸਾਫ ਪਾਰਟੀ 'ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਪਾਰਟੀ ਅੰਦਰ ਕੁੱਝ ਵੀ ਸਹੀ ਨਹੀਂ ਰਿਹਾ, ਜੋ ਕੁੱਝ ਲੰਘੇ 5 ਸਾਲਾ ਦੌਰਾਨ ਪਾਰਟੀ ਦੇ ਸੀਨੀਅਰ ਆਗੂਆਂ ਤੇ ਟਕਸਾਲੀ ਵਰਕਰਾਂ ਨਾਲ ਹੋਇਆ ਹੈ, ਉਸ ਬਾਰੇ ਪੰਜਾਬ ਦੇ ਲੋਕਾਂ ਨੂੰ ਭਲੀ-ਭਾਂਤ ਪਤਾ ਹੈ ।
ਜ਼ਿਕਰਯੋਗ ਹੈ ਕਿ ਲੰਘੀਆਂ ਵਿਧਾਨ ਸਭਾ ਚੋਣਾਂ 'ਚ ਹੋਈ ਸ਼ਰਮਨਾਕ ਹਾਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਗ੍ਰਾਫ ਲਗਾਤਾਰ ਹੇਠਾਂ ਜਾ ਰਿਹਾ ਹੈ ਤੇ ਵਿਧਾਨ ਸਭਾ ਹਲਕਾ ਮਾਨਸਾ ਅੰਦਰ ਅਕਾਲੀ ਦਲ 'ਚ ਇਹ ਦੂਜਾ ਵੱਡਾ ਸਿਆਸੀ ਧਮਾਕਾ ਹੋਇਆ ਹੈ। ਪਾਰਟੀ ਨਾਲ ਰੁੱਸੇ ਟਕਸਾਲੀ ਆਗੂਆਂ ਅਤੇ ਵਰਕਰਾਂ ਦਾ ਮੰਨਣਾ ਹੈ ਕਿ ਹਾਲੇ ਤਾਂ ਇਨ੍ਹਾਂ ਸਿਆਸੀ ਧਮਾਕਿਆਂ ਦੀ ਸ਼ੁਰੂਆਤ ਹੋਈ ਹੈ ਦੂਜੇ ਪਾਸੇ ਹਰ ਟਕਸਾਲੀ ਆਗੂ ਜਾਂ ਵਰਕਰ ਦੇ ਪਾਰਟੀ ਛੱਡਣ ਤੇ ਪਾਰਟੀ ਨਾਲ ਜੁੜੇ ਸੀਨੀਅਰ ਅਕਾਲੀ ਨੇਤਾਵਾਂ ਦਾ ਹਮੇਸ਼ਾ ਤਕੀਆ ਕਲਾਮ ਇਹ ਰਿਹਾ ਹੈ ਕਿ ਅਕਾਲੀ ਦਲ ਇਕ ਵੱਡੀ ਜਮਾਤ ਹੈ ਅਤੇ ਕਿਸੇ ਇਕ ਪਾਰਟੀ ਆਗੂ ਜਾਂ ਵਰਕਰ ਦੇ ਪਾਰਟੀ ਛੱਡਣ ਨਾਲ ਕੋਈ ਫਰਕ ਨਹੀ ਪੈਂਦਾ। ਦੋ ਵਾਰ ਵਿਧਾਇਕ ਰਹੇ ਪਾਰਟੀ ਦੇ ਸੀਨੀਅਰ ਅਕਾਲੀ ਨੇਤਾ ਜਗਦੀਪ ਸਿੰਘ ਨੱਕਈ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਚੜਦੀ ਕਲਾ 'ਚ ਰਿਹਾ ਹੈ। ਜਿਹੜਾ ਆਗੂ ਜਾਂ ਵਰਕਰ ਪਾਰਟੀ ਨਾਲ ਚੰਗੇ ਮਾੜੇ ਦਿਨਾਂ 'ਚ ਖੜਦੈ, ਉਹੀ ਪਾਰਟੀ ਦਾ ਸੱਚਾ ਸੁੱਚਾ ਸਿਪਾਹੀ ਹੁੰਦਾ ਹੈ। ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਅਜਿਹੇ ਮੋਕਾਪ੍ਰਸਤ ਲੋਕਾਂ ਅੱਗੇ ਲਿਆ ਕੇ ਜੋ ਕੰਡੇ ਬੀਜੇ ਹਨ। ਉਹ ਹੁਣ ਸਾਨੂੰ ਇਕ-ਇਕ ਚੁਗਣੇ ਪੈ ਰਹੇ ਹਨ । ਫਿਲਹਾਲ! ਇਸ ਵੇਲੇ ਅਕਾਲੀ ਦਲ ਨੂੰ ਪਾਰਟੀ ਅੰਦਰ ਜੋ ਕੁੱਝ ਵਾਪਰ ਰਿਹਾ ਹੈ । ਉਸ ਬਾਰੇ ਸੁਚੇਤ ਹੋ ਕੇ ਪਾਰਟੀ ਦੀ ਮਜ਼ਬੂਤੀ ਲਈ ਟਕਸਾਲੀ ਆਗੂਆਂ ਅਤੇ ਵਰਕਰਾਂ ਨਾਲ ਪਹੁੰਚ ਬਨਾਉਣ ਲਈ ਅੰਦਰੂਨੀ ਫੈਸਲੇ ਦੀ ਲੋੜ ਹੈ।
