ਅਕਾਲੀ ਦਲ ਦੇ ਜੁਝਾਰੂ ਵਰਕਰ ਕਾਂਗਰਸੀਆਂ ਦੀਆਂ ਗਿੱਦੜ-ਭਬਕੀਆਂ ਤੋਂ ਡਰਨ ਵਾਲੇ ਨਹੀਂ : ਮਜੀਠੀਆ
Wednesday, Nov 22, 2017 - 10:23 AM (IST)
ਅੰਮ੍ਰਿਤਸਰ (ਛੀਨਾ/ਅਗਨੀਹੋਤਰੀ) - ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜੁਝਾਰੂ ਵਰਕਰ ਕਾਂਗਰਸੀਆਂ ਦੀਆਂ ਗਿੱਦੜ-ਭਬਕੀਆਂ ਤੋਂ ਡਰਨ ਵਾਲੇ ਨਹੀਂ। ਇਹ ਵਿਚਾਰ ਪੰਜਾਬ ਦੇ ਸਾਬਕਾ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਇਥੇ ਗੱਲਬਾਤ ਕਰਦਿਆਂ ਪ੍ਰਗਟਾਏ। ਉਨ੍ਹਾਂ ਕਿਹਾ ਕਿ ਪੰਜਾਬ 'ਚ ਅਕਾਲੀ ਦਲ ਨਾਲੋਂ ਵੱਧ ਵਿਕਾਸ ਤੇ ਸਹੂਲਤਾਂ ਪ੍ਰਦਾਨ ਕਰਨ ਦੇ ਦਾਅਵੇ ਕਰ ਕੇ ਸੱਤਾ ਹਥਿਆਉਣ ਵਾਲੇ ਕਾਂਗਰਸ ਦੇ ਹਾਰੇ ਤੇ ਜਿੱਤੇ ਹੋਏ ਵਿਧਾਇਕ ਹੁਣ ਲੋਕਾਂ ਨਾਲ ਕੀਤੇ ਵਾਅਦੇ ਪੁਗਾਉਣ ਦੀ ਬਜਾਏ ਅਕਾਲੀ ਦਲ ਦੇ ਨੁਮਾਇੰਦਿਆਂ ਨੂੰ ਸਿਆਸੀ ਰੰਜਿਸ਼ ਤਹਿਤ ਤੰਗ-ਪ੍ਰੇਸ਼ਾਨ ਕਰਨ 'ਚ ਰੁੱਝੇ ਹੋਏ ਹਨ ਤੇ ਦੂਜੇ ਪਾਸੇ ਪੁਰਾਣੀਆਂ ਸਹੂਲਤਾਂ ਤੋਂ ਵੀ ਹੱਥ ਧੋ ਬੈਠੇ ਲੋਕ ਸਰਕਾਰ ਦੇ ਪੁਤਲੇ ਸਾੜ ਕੇ ਆਪਣਾ ਗੁਬਾਰ ਕੱਢ ਰਹੇ ਹਨ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਰਕਿੰਗ ਕਮੇਟੀ ਮੈਂਬਰ ਜਥੇ. ਦਿਲਬਾਗ ਸਿੰਘ ਵਡਾਲੀ ਤੇ ਸਾਥੀਆਂ ਨੇ ਸ. ਮਜੀਠੀਆ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਜਨਰਲ ਸਕੱਤਰ ਨਿਯੁਕਤ ਹੋਣ 'ਤੇ ਬੁੱਕਾ ਭੇਟ ਕਰਦਿਆਂ ਵਧਾਈ ਦਿੱਤੀ ਅਤੇ ਪਾਰਟੀ ਦੀ ਹੋਰ ਵਧੇਰੇ ਮਜ਼ਬੂਤੀ ਲਈ ਹਰ ਪੱਖੋਂ ਸਹਿਯੋਗ ਦਾ ਭਰੋਸਾ ਵੀ ਦਿਵਾਇਆ। ਇਸ ਮੌਕੇ ਮਜੀਠੀਆ ਨੇ ਕਿਹਾ ਕਿ ਭਾਵੇਂ ਹੁਣ ਸੂਬੇ 'ਚ ਅਕਾਲੀ ਦਲ ਬਾਦਲ ਦੀ ਸਰਕਾਰ ਨਹੀਂ ਹੈ ਪਰ ਅਕਾਲੀ ਦਲ ਦੇ ਵਫਾਦਾਰ ਆਗੂਆਂ ਤੇ ਵਰਕਰਾਂ ਦੇ ਹੌਸਲੇ ਪਹਿਲਾਂ ਦੀ ਤਰ੍ਹਾਂ ਹੀ ਬੁਲੰਦ ਹਨ।
ਇਸ ਸਮੇਂ ਸਿਆਸੀ ਸਲਾਹਕਾਰ ਤਲਬੀਰ ਸਿੰਘ ਗਿੱਲ, ਯੂਥ ਅਕਾਲੀ ਦਲ ਬਾਦਲ ਮਾਝਾ ਜ਼ੋਨ ਦੇ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਵਡਾਲੀ, ਨਿਸ਼ਾਨ ਸਿੰਘ ਡੇਅਰੀ ਵਾਲੇ, ਗੁਰਚਰਨ ਸਿੰਘ ਲੱਧੂ, ਸਰਬਬੀਰ ਸਿੰਘ ਬੱਬੂ, ਹਰਪਾਲ ਸਿੰਘ, ਗੁਰਚਰਨ ਸਿੰਘ ਦਿੱਲੀ ਵਾਲੇ, ਸਰਬਜੀਤ ਸਿੰਘ ਛੱਬਾ ਤੇ ਹੋਰ ਵੀ ਆਗੂ ਹਾਜ਼ਰ ਸਨ।
