ਕਾਂਗਰਸ ਵੱਲੋਂ ਚੋਣਾਂ ਦੌਰਾਨ ਕੀਤੀ ਗਈ ਗੁੰਡਾਗਰਦੀ ਨੇ ਅਕਾਲੀਆਂ ਨੂੰ ਮਾਤ ਪਾਈ : ਮਿੱਤਲ
Thursday, Mar 01, 2018 - 12:50 PM (IST)

ਬੁਢਲਾਡਾ (ਮਨਜੀਤ) — ਸ਼੍ਰੋਮਣੀ ਅਕਾਲੀ ਦਲ ਨੇ ਆਪਣੇ 10 ਸਾਲਾ ਦੇ ਰਾਜ ਦੌਰਾਨ ਨਗਰ ਨਿਗਮਾਂ, ਨਗਰ ਪੰਚਾਇਤਾਂ ਅਤੇ ਨਗਰ ਕੌਂਸਲਾਂ ਦੀਆਂ ਚੋਣਾਂ ਜਿੱਤਣ ਲਈ ਗੁੰਡਾਗਰਦੀ ਦਾ ਰਾਹ ਅਖਤਿਆਰ ਕੀਤਾ, ਜਿਸ ਦੀ ਬਦੌਲਤ ਕਾਂਗਰਸ ਪਾਰਟੀ ਵੀ ਗੁੰਡਾਗਰਦੀ ਦੇ ਰਸਤੇ ਤੁਰ ਪਈ ਹੈ, ਜਿਸ ਦੀ ਮਿਸਾਲ ਪਿੱਛਲੇ ਦਿਨੀਂ ਲੁਧਿਆਣਾ ਵਿਖੇ ਦਿੱਤੀ ਜਾ ਸਕਦੀ ਹੈ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਇਨਸਾਫ ਪਾਰਟੀ ਦੇ ਸੀਨੀਅਰ ਨੇਤਾ ਅਤੇ ਮਾਨਸਾ ਹਲਕੇ ਦੇ ਸਾਬਕਾ ਵਿਧਾਇਕ ਪ੍ਰੇਮ ਮਿੱਤਲ ਨੇ ਅੱਜ ਇੱਥੇ ਇਕ ਸਮਾਗਮ 'ਚ ਹਿੱਸਾ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ । ਉਨ੍ਹਾਂ ਕਿਹਾ ਕਿ ਜਲਦੀ ਹੀ ਮਾਨਸਾ ਅਤੇ ਬਠਿੰਡਾ ਜ਼ਿਲੇ 'ਚ ਲੋਕ ਇਨਸਾਫ ਪਾਰਟੀ ਦੀਆਂ ਇਕਾਈਆਂ ਦਾ ਗਠਨ ਕੀਤਾ ਜਾਵੇਗਾ ਤਾਂ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਨੂੰ ਸਖਤ ਟੱਕਰ ਦਿੱਤੀ ਜਾ ਸਕੇ । ਮਿੱਤਲ ਨੇ ਕਿਹਾ ਕਿ ਲੋਕ ਸਭਾ ਚੋਣਾਂ ਆਪਣੀ ਸਹਿਯੋਗੀ ਪਾਰਟੀਆਂ ਨਾਲ ਰਲ ਕੇ ਲੜਨ ਦਾ ਰਾਹ ਅਖਤਿਆਰ ਕਰਾਂਗੇ । ਉਨ੍ਹਾਂ ਸਪੱਸ਼ਟ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ 'ਚ ਬੈਠੇ ਇਮਾਨਦਾਰ ਅਤੇ ਪੁਰਾਣੇ ਵਰਕਰ ਉਨ੍ਹਾਂ ਦੇ ਸੰਪਰਕ 'ਚ ਹਨ, ਜਿਨ੍ਹਾਂ ਨੂੰ ਕਿਸੇ ਵੀ ਸਮੇਂ ਆਪਣੇ ਨਾਲ ਪਾਰਟੀ 'ਚ ਸ਼ਾਮਲ ਕੀਤਾ ਜਾ ਸਕਦਾ ਹੈ । ਇਕ ਸਵਾਲ ਦੇ ਜਵਾਬ 'ਚ ਮਿੱਤਲ ਨੇ ਕਿਹਾ ਕਿ ਪਾਰਟੀ ਜੇ ਮੈਨੂੰ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜਨ ਦਾ ਹੁਕਮ ਦੇਵੇਗੀ ਤਾਂ ਉਹ ਖਿੜ੍ਹੇ ਮੱਥੇ ਪ੍ਰਵਾਨ ਹੋਵੇਗਾ ।