ਜੇਕਰ ਸ਼੍ਰੋਮਣੀ ਅਕਾਲੀ ਦਲ ਸੱਚਮੁੱਚ ਕਿਸਾਨਾਂ ਲਈ ਫਿਕਰਮੰਦ ਹੈ ਤਾਂ ਕੇਂਦਰ ਨਾਲੋਂ ਤੋੜੇ ਆਪਣਾ ਨਾਤਾ : ਕੈਪਟਨ

Tuesday, Sep 22, 2020 - 10:04 PM (IST)

ਜੇਕਰ ਸ਼੍ਰੋਮਣੀ ਅਕਾਲੀ ਦਲ ਸੱਚਮੁੱਚ ਕਿਸਾਨਾਂ ਲਈ ਫਿਕਰਮੰਦ ਹੈ ਤਾਂ ਕੇਂਦਰ ਨਾਲੋਂ ਤੋੜੇ ਆਪਣਾ ਨਾਤਾ : ਕੈਪਟਨ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੇਤੀ ਬਿੱਲਾਂ ਵਿਰੁੱਧ ਕਿਸਾਨ ਜਥੇਬੰਦੀਆਂ ਵੱਲੋਂ 25 ਸਤੰਬਰ ਨੂੰ ਦਿੱਤੇ ਬੰਦ ਦੇ ਸੱਦੇ ਵਾਲੇ ਦਿਨ ਹੀ ਅਕਾਲੀ ਦਲ ਵੱਲੋਂ ਸੂਬਾ ਪੱਧਰੀ ਚੱਕਾ ਜਾਮ ਦੇ ਲਏ ਗਏ ਫੈਸਲੇ ਨੂੰ ਕਿਸਾਨਾਂ ਦੇ ਜਜ਼ਬਾਤਾਂ ਨਾਲ ਖੇਡਣ ਦੀ ਇਕ ਹੋਰ ਢੀਠਤਾ ਭਰੀ ਕੋਸ਼ਿਸ਼ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਅਕਾਲੀ ਦਲ, ਕੇਂਦਰ ਸਰਕਾਰ ਵਿੱਚ ਆਪਣੇ ਭਾਈਵਾਲਾਂ ਦੇ ਇਸ਼ਾਰੇ 'ਤੇ ਕਿਸਾਨਾਂ ਦੇ ਸੰਘਰਸ਼ ਨੂੰ ਸਾਬੋਤਾਜ ਕਰਨ ਲਈ ਇਹ ਕਦਮ ਚੁੱਕ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਤੁਸੀਂ ਦਿੱਲੀ ਕਿਉਂ ਨਹੀਂ ਜਾਂਦੇ ਅਤੇ ਉੱਥੇ ਭਾਜਪਾ ਨੇਤਾਵਾਂ ਅਤੇ ਹੋਰਾਂ ਆਗੂਆਂ ਦੇ ਘਰਾਂ ਦੇ ਬਾਹਰ ਚੱਕਾ ਜਾਮ ਕਿਉਂ ਨਹੀਂ ਕਰਦੇ, ਜਿਨ੍ਹਾਂ ਨੇ ਆਪਣੇ ਸੌੜੇ ਸਿਆਸੀ ਮੁਫਾਦ ਲਈ ਪੰਜਾਬ ਦੇ ਕਿਸਾਨਾਂ ਦੇ ਹਿੱਤ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਬੇਸ਼ਰਮੀ ਭਰੇ ਢੰਗ ਨਾਲ ਵੇਚ ਦਿੱਤੇ। ਮੁੱਖ ਮੰਤਰੀ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਉਹ ਸੱਚਮੁੱਚ ਹੀ ਕਿਸਾਨਾਂ ਲਈ ਫਿਕਰਮੰਦ ਹਨ ਤਾਂ ਕੇਂਦਰ ਸਰਕਾਰ ਨਾਲੋਂ ਆਪਣਾ ਨਾਤਾ ਤੋੜਨ।

ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਉਸ ਦੀ ਪਤਨੀ ਹਰਸਿਮਰਤ ਬਾਦਲ 'ਤੇ ਵਰਦਿਆਂ ਕਿਹਾ ਕਿ ਇਹ ਦੋਵੇਂ ਆਗੂ ਕਿਸਾਨਾਂ ਦੀ ਪਿੱਠ 'ਤੇ ਖੜਣ ਦਾ ਪਖੰਡ ਕਰ ਰਹੇ ਹਨ ਜਦ ਕਿ ਅਕਾਲੀ ਦਲ ਦੀ ਭਾਈਵਾਲ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਰੋਜ਼ੀ ਰੋਟੀ ਨੂੰ ਲੱਤ ਮਾਰੀ ਹੈ। ਉਨ੍ਹਾਂ ਨੇ ਸੁਖਬੀਰ ਨੂੰ ਕਿਹਾ ਕਿ ਇਸ ਦੋਗਲਾਪਣ ਦਾ ਕੀ ਮਤਲਬ ਹੈ? ਤੁਹਾਡੀ ਕੋਰ ਕਮੇਟੀ ਨੇ ਅੱਜ ਭਾਜਪਾ ਦੀ ਅਗਵਾਈ ਵਾਲੀ ਐਨ. ਡੀ. ਏ. ਸਰਕਾਰ ਤੋਂ ਬਾਹਰ ਆਉਣ ਦਾ ਫੈਸਲਾ ਕਿਉਂ ਨਹੀਂ ਲਿਆ? ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਆੜਤੀਆਂ ਨਾਲ ਖੜਨ ਦੀ ਆੜ ਵਿੱਚ ਪੰਜਾਬ ਭਰ ਵਿੱਚ ਚੱਕਾ ਜਾਮ ਕਰਨ ਦੇ ਕੀਤੇ ਐਲਾਨ 'ਤੇ ਸਵਾਲ ਉਠਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਅਕਾਲੀਆਂ ਦਾ ਅਸਲ ਚਿਹਰਾ ਬੇਨਕਾਬ ਹੋ ਗਿਆ ਕਿਉਂਕਿ ਕਿਸਾਨ ਅਤੇ ਹੋਰ ਜਥੇਬੰਦੀਆਂ ਨੇ ਤਾਂ ਕੁਝ ਦਿਨ ਪਹਿਲਾਂ ਹੀ 25 ਸਤੰਬਰ ਨੂੰ ਬੰਦ ਦਾ ਐਲਾਨ ਕਰ ਦਿੱਤਾ ਸੀ, ਜਿਸ ਵੇਲੇ ਅਕਾਲੀ ਗੈਰ-ਸੰਵਿਧਾਨਿਕ ਅਤੇ ਘਾਤਕ ਖੇਤੀ ਬਿੱਲਾਂ ਨੂੰ ਕਿਸਾਨ ਭਾਈਚਾਰੇ ਦੇ ਹਿੱਤ ਵਾਲੇ ਦੱਸਦੇ ਹੋਏ ਇਨ੍ਹਾਂ ਬਿੱਲਾਂ ਦੇ ਸੋਹਲੇ ਗਾ ਰਹੇ ਰਹੇ ਸਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਪਹਿਲਾਂ ਤੋਂ ਯੋਜਨਾਬੰਦ ਸੰਘਰਸ਼ ਵਿੱਚ ਅਕਾਲੀਆਂ ਵੱਲੋਂ ਇਕਦਮ ਕੁੱਦ ਜਾਣ ਦੇ ਫੈਸਲੇ ਪਿੱਛੇ ਸਪੱਸ਼ਟ ਤੌਰ 'ਤੇ ਮਾੜੇ ਇਰਾਦਿਆਂ ਦੀ ਝਲਕ ਨਜ਼ਰ ਆਉਂਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅਕਾਲੀਆਂ ਦੀਆਂ ਇਨ੍ਹਾਂ ਚਾਲਬਾਜ਼ੀਆਂ ਨਾਲ ਮੂਰਖ ਨਹੀਂ ਬਣਨਗੇ।

ਕੈਪਟਨ ਨੇ ਕਿਹਾ ਕਿ ਬਾਦਲਾਂ ਦੀ ਅਗਵਾਈ ਵਾਲਾ ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿਰੋਧੀ ਆਰਡੀਨੈਂਸਾਂ ਦੇ ਲਾਗੂ ਹੋਣ ਦੀ ਸ਼ੁਰੂਆਤ ਤੋਂ ਲੈ ਕੇ ਪਿਛਲੇ ਕਈ ਮਹੀਨਿਆਂ ਤੋਂ ਕਿਸਾਨਾਂ ਨਾਲ ਖੇਡਾਂ ਖੇਡ ਰਿਹਾ ਹੈ ਜਦ ਕਿ ਪੰਜਾਬ ਦੇ ਕਿਸਾਨ ਲਈ ਹੀ ਨਹੀਂ ਸਗੋਂ ਮੁਲਕ ਦੇ ਕਿਸਾਨਾਂ ਲਈ ਬਹੁਤ ਅਹਿਮੀਅਤ ਰੱਖਦੇ ਇਸ ਮੁੱਦੇ 'ਤੇ ਅਕਾਲੀਆਂ ਦਾ ਦੋਹਰਾ ਕਿਰਦਾਰ ਨੰਗਾ ਹੋ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਪੰਜਾਬ ਨੂੰ ਤਬਾਹ ਕਰਨ 'ਤੇ ਤੁਲਿਆ ਹੋਇਆ ਹੈ ਅਤੇ ਅਕਾਲੀ ਹਰ ਹਰਬਾ ਵਰਤ ਕੇ ਇਸ ਏਜੰਡੇ ਦੀ ਸਿੱਧੀ ਮਦਦ ਕਰ ਰਹੇ ਹਨ। ਉਨਾਂ ਕਿਹਾ ਕਿ ਇਸ ਮੁੱਦੇ 'ਤੇ ਇਕ ਦਮ ਪਲਟੀ ਮਾਰ ਲੈਣਾ ਅਤੇ ਮੁੜ ਗੌਰ ਕਰਨਾ ਵੀ ਸੰਘਰਸ਼ ਨੂੰ ਖੋਰਾ ਲਾਉਣ ਦੀ ਸਾਜ਼ਿਸ਼ ਦਾ ਹਿੱਸਾ ਜਾਪਦਾ ਹੈ।
ਇਸੇ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਹੀ ਕਿਸਾਨਾਂ ਦੇ ਹਿੱਤਾਂ ਅਤੇ ਹੱਕਾਂ ਦੀ ਰਾਖੀ ਲਈ ਲੜਾਈ ਲੜਦੀ ਆਈ ਹੈ ਅਤੇ ਹੁਣ ਵੀ ਭਾਰਤੀ ਖੇਤੀਬਾੜੀ ਦੇ ਇਤਿਹਾਸ ਦੇ ਸਭ ਤੋਂ ਔਖੇ ਸਮੇਂ ਵਿੱਚ ਕਿਸਾਨਾਂ ਨਾਲ ਹਿੱਕ ਠੋਕ ਕੇ ਖੜੀ ਹੈ। ਉਨਾਂ ਕਿਹਾ ਕਿ ਪੰਜਾਬ ਕਾਂਗਰਸ ਦੇ ਸੰਸਦ ਮੈਂਬਰ ਅਤੇ ਲੀਡਰ ਦਿੱਲੀ ਵਿੱਚ ਡਟੇ ਹੋਏ ਹਨ ਜਿੱਥੇ ਭਾਜਪਾ ਦੇ ਕੰਟਰੋਲ ਹੇਠ ਦਿੱਲੀ ਪੁਲਿਸ ਦੀ ਧੱਕੇਸ਼ਾਹੀ ਦਾ ਬਹਾਦਰੀ ਨਾਲ ਮੁਕਾਬਲਾ ਕਰ ਰਹੇ ਹਨ ਅਤੇ ਕੇਂਦਰ ਵੱਲੋਂ ਉਨਾਂ ਦੀ ਆਵਾਜ਼ ਦਬਾਉਣ ਦੀਆਂ ਤਾਨਾਸ਼ਾਹ ਕੋਸ਼ਿਸ਼ਾਂ ਵਿਰੁੱਧ ਲੜਾਈ ਲੜ ਰਹੇ ਹਨ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਅਜਿਹੀਆਂ ਦਮਨਕਾਰੀ ਕੋਸ਼ਿਸ਼ਾਂ ਅੱਗੇ ਝੁਕੇਗੀ ਨਹੀਂ।
 


author

Deepak Kumar

Content Editor

Related News