ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਕੀਤਾ ਵਰਕਰਾਂ ਨਾਲ ਧੋਖਾ : ਔਜਲਾ

Sunday, Sep 12, 2021 - 01:18 PM (IST)

ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਕੀਤਾ ਵਰਕਰਾਂ ਨਾਲ ਧੋਖਾ : ਔਜਲਾ

ਜਲੰਧਰ (ਮਹੇਸ਼) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਸੌਦਾਗਰ ਸਿੰਘ ਔਜਲਾ ਅਤੇ ਰਾਜੇਸ਼ ਬਿੱਟੂ ਨੇ ਆਪਣੇ ਸੈਂਕੜੇ ਸਾਥੀਆਂ ਸਮੇਤ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਆਪਣੇ ਵਰਕਰਾਂ ਨਾਲ ਧੋਖਾ ਕੀਤਾ ਹੈ। 2007 ਵਿਚ ਪਾਰਟੀ ਨੇ ਕੈਂਟ ਹਲਕੇ ਵਿਚ ਜਗਬੀਰ ਸਿੰਘ ਬਰਾੜ ਨੂੰ ਚੋਣ ਮੈਦਾਨ ਵਿਚ ਉਤਾਰਿਆ ਸੀ। ਪਾਰਟੀ ਨੇ ਵਰਕਰਾਂ ਨੂੰ ਦਰਕਿਨਾਰ ਕਰ ਕੇ ਜਗਬੀਰ ਬਰਾੜ ਨੂੰ ਟਿਕਟ ਦੇ ਦਿੱਤੀ, ਫਿਰ ਵੀ ਵਰਕਰਾਂ ਨੇ ਉਨ੍ਹਾਂ ਨੂੰ ਸਿਰ-ਮੱਥੇ ਪ੍ਰਵਾਨ ਕਰ ਕੇ ਜਿੱਤ ਦਿਵਾਈ ਪ੍ਰੰਤੂ ਸਾਢੇ 4 ਸਾਲ ਅਨੰਦ ਮਾਨਣ ਤੋਂ ਬਾਅਦ ਉਹ ਪਾਰਟੀ ਛੱਡ ਕੇ ਭੱਜ ਗਏ। ਉਸ ਤੋਂ ਬਾਅਦ ਉਨ੍ਹਾਂ ਨੇ ਜੋ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮਜੀਤ ਸਿੰਘ ਮਜੀਠੀਆ ਤੇ ਪ੍ਰਕਾਸ਼ ਸਿੰਘ ਬਾਦਲ ਬਾਰੇ ਬੋਲਿਆ, ਉਹ ਸੁਣਨ ਯੋਗ ਨਹੀਂ ਸੀ, ਫਿਰ ਪਾਰਟੀ ਪ੍ਰਗਟ ਸਿੰਘ ਨੂੰ ਲੈ ਕੇ ਆਈ‌, ਉਹ ਇਕ ਪੁਲਸ ਅਫਸਰ ਸੀ। ਉਨ੍ਹਾਂ ਨੂੰ ਵੀ ਵਰਕਰਾਂ ਨੇ 15 ਦਿਨ ਵਿਚ ਹੀ ਜਿੱਤਾ ਕੇ ਐੱਮ. ਐੱਲ. ਏ. ਬਣਾ ਦਿੱਤਾ। ਉਨ੍ਹਾਂ ਨੇ ਵੀ ਸਾਢੇ 4 ਸਾਲ ਮੌਜਾਂ ਕੀਤੀਆਂ ਤੇ ਕਾਂਗਰਸ ਵਿਚ ਭੱਜ ਗਏ।

ਇਹ ਵੀ ਪੜ੍ਹੋ :  ਜ਼ਿਆਦਤੀਆਂ ਤੋਂ ਅੱਕੀ ਐੱਨ. ਆਰ. ਆਈ. ਔਰਤ ਨੇ ਪੁਲਸ ’ਤੇ ਠੋਕਿਆ 8 ਕਰੋੜ ਮੁਆਵਜ਼ੇ ਦਾ ਕੇਸ

ਇਸ ਤਰ੍ਹਾਂ ਪਾਰਟੀ ਦਾ ਦੋਵੇਂ ਬਾਰੀ ਕੀਤਾ ਫੈਸਲਾ ਗਲਤ ਸਾਬਤ ਹੋਇਆ। ਫਿਰ ਪਾਰਟੀ ਨੇ ਹਲਕੇ ਵਿਚ ਸਰਬਜੀਤ ਸਿੰਘ ਮੱਕੜ ਨੂੰ ਲਾ ਦਿੱਤਾ। ਮੱਕੜ ਨੇ ਪਾਰਟੀ ਨਾਲ ਦਗਾ ਨਹੀਂ ਕੀਤਾ। ਇਸ ਵਾਰ ਉਮੀਦਵਾਰ ਨਹੀਂ ਭੱਜਿਆ ਸਗੋਂ ਪਾਰਟੀ ਆਪਣੇ ਵਾਅਦੇ ਤੋਂ ਭੱਜੀ। ਮੱਕੜ ਨੇ ਐੱਮ. ਪੀ. ਚੋਣਾਂ ਵਿਚ ਪਾਰਟੀ ਦਾ ਵੋਟ-ਬੈਂਕ ਦੂਜੀਆਂ ਪਾਰਟੀਆਂ ਦੇ ਬਰਾਬਰ ਖੜ੍ਹਾ ਕਰ ਦਿੱਤਾ ਪਰ ਇਸ ਵਾਰ ਪਾਰਟੀ ਪ੍ਰਧਾਨ ਨੇ ਆਪਹੁਦਰਾ ਫੈਸਲਾ ਕਰ ਕੇ ਸਰਬਜੀਤ ਸਿੰਘ ਮੱਕੜ ਨੂੰ ਦਰਕਿਨਾਰ ਕਰ ਕੇ ਪਾਰਟੀ ਤੋਂ ਭੱਜੇ ਜਗਬੀਰ ਬਰਾੜ ਨੂੰ ਮੁੜ ਹਲਕਾ ਸੰਭਾਲ ਦਿੱਤਾ। ਹਲਕੇ ਦੇ ਸਮੂਹ ਵਰਕਰ ਪਾਰਟੀ ਦੇ ਉਮੀਦਵਾਰ ਬਦਲਣ ਦੇ ਫੈਸਲੇ ਤੋਂ ਨਾ ਖੁਸ਼ ਹਨ। ਇਸ ਵਾਰ ਪਾਰਟੀ ਵਰਕਰ ਇਕ ਪਾਸਾ ਕਰਨ ਲਈ ਤਿਆਰ ਬੈਠੇ ਹਨ। ਖਾਸ ਕਰ ਕੇ ਐੱਸ. ਸੀ. ਭਾਈਚਾਰਾ, ਇਸ ਵਾਰ ਪਾਰਟੀ ਨੂੰ ਸਬਕ ਸਿਖਾਉਣ ਦੇ ਮੂਡ ਵਿਚ ਹੈ। ਜੇਕਰ ਪਾਰਟੀ ਨੇ ਸਰਬਜੀਤ ਸਿੰਘ ਮੱਕੜ ਨੂੰ ਝੂਠੇ ਲਾਰੇ ਵਾਲੀ ਅਹੁਦੇਦਾਰੀ ਬਖਸ਼ ਕੇ ਮਨਾਉਣ ਦੀ ਕੋਸ਼ਿਸ਼ ਕੀਤੀ ਤਾਂ ਵਰਕਰ ਮੱਕੜ ਦਾ ਵੀ ਵਿਰੋਧ ਕਰਨਗੇ। ਵਾਰ-ਵਾਰ ਉਮੀਦਵਾਰ ਬਦਲਣ ਕਰ ਕੇ ਹਰ ਵਰਗ ਦੇ ਵਰਕਰਾਂ ਵਿਚ ਭਾਰੀ ਰੋਸ ਹੈ। ਜੇਕਰ ਪਾਰਟੀ ਨੇ ਆਪਣਾ ਫੈਸਲਾ ਨਾ ਬਦਲਿਆ ਤਾਂ ਵਰਕਰ ਆਉਣ ਵਾਲੇ ਦਿਨਾਂ ਵਿਚ ਇਕ ਵੱਡਾ ਧਮਾਕਾ ਕਰਨਗੇ। ਪਹਿਲੀ ਵਾਰ ਵਰਕਰਾਂ ਵਿਚ ਇੰਨਾ ਭਾਰੀ ਰੋਸ ਵੇਖਣ ਨੂੰ ਮਿਲਿਆ। 

ਇਹ ਵੀ ਪੜ੍ਹੋ : ਪੰਜਾਬ ’ਚ ਵਧ ਰਹੇ ਅਪਰਾਧਾਂ ਲਈ ਕੈਪਟਨ ਅਮਰਿੰਦਰ ਸਿੱਧੇ ਤੌਰ ’ਤੇ ਜ਼ਿੰਮੇਵਾਰ : ਚੀਮਾ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


author

Anuradha

Content Editor

Related News