ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ, ਅਕਾਲੀ ਆਗੂ ਜਗਤਾਰ ਸਿੰਘ ਧਾਲੀਵਾਲ ਨੇ ਛੱਡਿਆ ਸਾਥ

12/28/2020 8:31:03 PM

ਅਜੀਤਵਾਲ,(ਰੱਤੀ ਕੋਕਰੀ)-ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇ ਵੱਡਾ ਝਟਕਾ ਲੱਗਾ ਜਦ ਸੀਨੀਅਰ ਅਕਾਲੀ ਆਗੂ ਜਗਤਾਰ ਸਿੰਘ ਧਾਲੀਵਾਲ ਨੇ ਇਤਿਹਾਸਿਕ ਪਿੰਡ ਢੁੱਡੀਕੇ ਵਿਖੇ ਪਿੰਡ ਵਾਸੀਆਂ ਦੇ ਵੱਡੇ ਇਕੱਠ ’ਚ ਸਮੂਹ ਪਿੰਡ ਵਾਸੀਆਂ ਤੋਂ ਆਗਿਆਂ ਲੈ ਕੇ ਸ੍ਰੋਮਣੀ ਅਕਾਲੀ ਦਲ (ਬ) ਨੂੰ ਆਪਣੇ ਸੈਂਕੜੇ ਸਾਥੀਆਂ ਨਾਲ ਛੱਡਣ ਦਾ ਐਲਾਨ ਕਰ ਦਿੱਤਾ। ਇਸ ਮੌਕੇ ਜਗਤਾਰ ਸਿੰਘ ਧਾਲੀਵਾਲ ਨੇ ਪਿੰਡ ਵਾਸੀਆਂ ਦੇ ਭਰਵੇ ਇਕੱਠ ਨੂੰ ਕਿਹਾ ਕਿ ਜੋ ਮੋਦੀ ਸਰਕਾਰ ਨੇ ਕਿਸਾਨ ਵਿਰੋਧੀ ਕਾਲੇ ਕਾਨੂੰਨ ਲਾਗੂ ਕੀਤੇ ਹਨ, ਇਨ੍ਹਾਂ ਕਾਲੇ ਕਾਨੂੰਨ ਦੇ ਜਦ ਬਿੱਲ ਪਾਸ ਹੋਏ ਸਨ ਤਾਂ ਅਕਾਲੀ ਦਲ ਦੇ ਦੋਵੇਂ ਮੈਬਰਾਂ ਦੇ ਪਾਰਲੀਮੈਂਟ ’ਚ ਦਸਤਖਤ ਵੀ ਹੋਏ ਸਨ, ਜੇਕਰ ਉਸ ਸਮੇ ਹੀ ਵਿਰੋਧ ਇਹ ਮੈਂਬਰ ਪਾਰਲੀਮੈਂਟ ਕਰਦੇ ਤਾਂ ਅੱਜ ਕਿਸਾਨਾਂ ਨੂੰ ਦਿਲੀ ਦੇ ਵੱਖ-ਵੱਖ ਬਾਰਡਰਾਂ ’ਤੇ ਇਸ ਕੜਾਕੇ ਦੀ ਠੰਡ ’ਚ ਆਪਣੇ ਹੱਕ ਲੈਣ ਲਈ ਨਾ ਬੈਠਣਾ ਪੈਂਦਾ। ਉਨ੍ਹਾਂ ਕਿਹਾ ਕਿ ਮੈਂ ਸਮਝਦਾ ਹਾਂ ਕਿ ਜਿੰਨਾ ਕਸੂਰ ਮੋਦੀ ਸਰਕਾਰ ਦਾ ਹੈ, ਉਨ੍ਹਾਂ ਹੀ ਸ਼੍ਰੋਮਣੀ ਅਕਾਲੀ ਦਲ ਦਾ ਵੀ ਹੈ। ਧਾਲੀਵਾਲ ਨੇ ਅੱਗੇ ਕਿਹਾ ਕਿ ਮੈਂ ਪਹਿਲਾਂ ਕਿਸਾਨ ਦਾ ਪੁੱਤ ਹਾਂ ਪਾਰਟੀਆਂ ਬਾਅਦ ਵਿਚ ਹਨ ਤੇ ਮੈਂ ਆਪਣੀ ਜ਼ਮੀਰ ਦੀ ਅਵਾਜ ਸੁਣ ਕੇ ਅੱਜ ਅਕਾਲੀ ਦਲ ਤੋਂ ਕਿਨਾਰਾ ਕੀਤਾ ਹੈ ਤੇ ਕਿਸਾਨੀ ਸਘੰਰਸ਼ ਨਾਲ ਜੁੜਿਆ ਹਾ। 

ਦੱਸਣਯੋਗ ਹੈ ਕਿ ਜਗਤਾਰ ਸਿੰਘ ਧਾਲੀਵਾਲ ਸਾਬਕਾ ਮੰਤਰੀ ਜੱਥੇਦਾਰ ਤੋਤਾ ਸਿੰਘ ਦੇ ਬਹੁਤ ਨੇੜੇ ਸਨ ਤੇ 20 ਸਾਲਾਂ ਤੋਂ ਅਕਾਲੀ ਦਲ ਨਾਲ ਜੁੜੇ ਹੋਏ ਸਨ ਤੇ 1998 ’ਚ ਉਨ੍ਹਾਂ ਅਕਾਲੀ ਦਲ ’ਚ ਹੁੰਦੇ ਹੋਏ ਪਿੰਡ ਦੇ ਪੰਚਾਇਤ ਮੈਂਬਰ ਦੇ ਬਾਅਦ ’ਚ ਬਲਾਕ ਸੰਮਤੀ ਮੈਂਬਰ ਬਣੇ। 10 ਸਾਲ ਉਨ੍ਹਾਂ ਸਰਪੰਚੀ ਕੀਤੀ ਤੇ ਫਿਰ ਜਿਲ੍ਹਾ ਪ੍ਰੀਸ਼ਦ ਮੈਂਬਰ ਦੀ ਚੋਣ ਵੀ ਅਕਾਲੀ ਦਲ ਦੀ ਟਿਕਟ 2012 ’ਚ ਜਿੱਤੀ। ਧਾਲੀਵਾਲ ਦੇ ਇਸ ਫੈਸਲੇ ਨਾਲ ਸਿਰਫ ਪਿੰਡ ਢੁੱਡੀਕੇ ’ਚ ਹੀ ਨਹੀ ਬਲਕਿ ਪੂਰੇ ਇਲਾਕੇ ’ਚ ਸ਼ਲਾਘਾ ਹੋ ਰਹੀ ਹੈ। ਅੰਤ ਵਿਚ ਭਾਰਤੀ ਕਿਸਾਨ ¬ਕ੍ਰਾਂਤੀਕਾਰੀ ਦੇ ਜ਼ਿਲ੍ਹਾ ਪ੍ਰਧਾਨ ਤੇ ਗੁਰਸ਼ਰਨ ਸਿੰਘ ਪ੍ਰਧਾਨ ਢੁੱਡੀਕੇ ਭਾਰਤੀ ਕਿਸਾਨ ¬ਕ੍ਰਾਂਤੀਕਾਰੀ ਨੇ ਜਗਤਾਰ ਸਿੰਘ ਧਾਲੀਵਾਲ ਦੇ ਇਸ ਫੈਸਲੇ ਦੀ ਪ੍ਰੰਸਸ਼ਾ ਕੀਤੀ। ਇਸ ਮੌਕੇ ਸਾਬਕਾ ਸਰਪੰਚ ਜਸਦੀਪ ਸਿੰਘ ਗੈਰੀ, ਮਾਸਟਰ ਗੁਰਚਰਨ ਸਿੰਘ, ਗੁਰਮੀਤ ਸਿੰਘ, ਦਲਜੀਤ ਸਿੰਘ, ਬੇਅੰਤ ਸਿੰਘ, ਸਵਰਾਜ ਸਿੰਘ, ਜਗਰੂਪ ਸਿੰਘ, ਸੋਨੀ ਮਧੌਲਾ ਤੋਂ ਇਲਾਵਾ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਰ ਸਨ।
 


Deepak Kumar

Content Editor

Related News