ਨਸ਼ੇ ਨੇ ਖੋਹ ਲਿਆ ਪਿਓ ਤੇ ਭਰਾ, ਵੀਰ ਦੇ ਗੁੱਟ 'ਤੇ ਰੱਖੜੀ ਬੰਨ੍ਹਣ ਨੂੰ ਤਰਸ ਦੀਆਂ ਭੈਣਾਂ
Monday, Aug 03, 2020 - 10:08 AM (IST)
ਸ਼ੇਰਪੁਰ (ਅਨੀਸ਼) : ਪਿਛਲੇ ਢਾਈ ਦਹਾਕਿਆਂ ਵਿਚ ਪੰਜਾਬ ਵਿਚ ਨਸ਼ਿਆਂ ਦਾ ਫੈਲਾਓ ਬੜੀ ਤੇਜ਼ੀ ਨਾਲ ਹੋਇਆ ਹੈ। ਨਸ਼ਾ ਕਰਦਿਆਂ ਮਨੁੱਖ ਆਪਣੇ-ਆਪ ਨਾਲ ਹਿੰਸਾ ਕਰਦਾ ਹੈ। ਸਰਕਾਰਾਂ ਨੇ ਬਹੁਤ ਦਾਅਵੇ ਕੀਤੇ ਕਿ ਉਹ ਪੰਜਾਬ ਵਿਚ ਨਸ਼ਿਆਂ ਦਾ ਫੈਲਾਓ ਰੋਕਣਗੇ ਪਰ ਇਸ ਵਿਚ ਕਾਮਯਾਬੀ ਨਹੀਂ ਮਿਲੀ। ਇਸ ਸਬੰਧ ਵਿਚ ਪੰਜਾਬੀ ਸਮਾਜ ਵੀ ਆਪਣੀ ਜ਼ਿੰਮੇਵਾਰੀ ਤੋਂ ਮੁਨਕਰ ਨਹੀਂ ਹੋ ਸਕਦਾ। ਉਮੀਦ ਸੀ ਕਿ ਕਰੋਨਾ ਵਾਇਰਸ ਦੌਰਾਨ ਹੋ ਰਹੀ ਸਖ਼ਤੀ ਕਾਰਣ ਨਸ਼ਿਆਂ ਦਾ ਫੈਲਾਓ ਕੁਝ ਘੱਟ ਜਾਵੇਗਾ ਪਰ ਪਿਛਲੇ ਦਿਨਾਂ 'ਚ ਨਸ਼ਿਆਂ ਦੀ ਓਵਰਡੋਜ਼ ਕਾਰਣ ਹੋ ਰਹੀਆਂ ਮੌਤਾਂ ਅਤੇ ਵੱਧ ਰਹੀ ਹਿੰਸਾ ਦੱਸਦੇ ਹਨ ਕਿ ਅਸੀਂ ਨਸ਼ਿਆਂ ਦਾ ਫੈਲਾਓ ਰੋਕਣ ਵਿਚ ਅਸਫਲ ਰਹੇ ਹਾਂ।
ਇਹ ਵੀ ਪੜ੍ਹੋਂ : ਸ਼ਰਮਸਾਰ ਹੋਏ ਰਿਸ਼ਤੇ: ਮਾਸੜ ਨੇ ਨਾਬਾਲਗ ਭਾਣਜੀ ਨੂੰ ਕੀਤਾ ਗਰਭਵਤੀ
ਸ਼ੇਰਪੁਰ ਦੀ ਬਲਜੀਤ ਕੌਰ (56) ਦੀ ਜ਼ਿੰਦਗੀ ਰੁਸ਼ਨਾਉਣ ਵਾਲੇ ਚੰਨ ਤੇ ਸੂਰਜ ਦੋਵੇਂ ਛਿਪ ਗਏ, ਹੱਸਦੇ-ਵੱਸਦੇ ਪਰਿਵਾਰ ਦੀ 28 ਵਿੱਘੇ ਜ਼ਮੀਨ ਵੀ ਨਸ਼ਿਆਂ ਦੀ ਭੇਟ ਚੜ੍ਹ ਗਈ ਪਰ ਉਸਨੇ ਮੀਡੀਆ ਅੱਗੇ ਇਸ ਸੱਚ ਨੂੰ ਵੱਡੇ ਜਿਗਰੇ ਨਾਲ ਕਬੂਲ ਕਰਦਿਆਂ ਨਸ਼ਿਆਂ ਦੇ ਮਾਮਲੇ 'ਤੇ ਮੂਕ ਦਰਸ਼ਕ ਬਣੀਆਂ ਸਰਕਾਰਾਂ ਖ਼ਿਲਾਫ ਬੇਬਾਕੀ ਨਾਲ ਭੜਾਸ ਕੱਢ ਕੇ ਮਨ ਹੌਲਾ ਕੀਤਾ। ਬਲਜੀਤ ਕੌਰ ਨੇ ਦੱਸਿਆ ਕਿ ਜਦੋਂ ਉਹ ਵਿਆਹੀ ਆਈ ਤਾਂ ਘਰ 'ਚ ਚਾਰੇ ਪਾਸੇ ਖੁਸ਼ੀਆਂ ਖੇੜੇ ਸਨ ਜੋ ਪੁੱਤਰ ਮਨਪ੍ਰੀਤ ਸਿੰਘ, ਬੇਟੀ ਹਰਪ੍ਰੀਤ ਕੌਰ, ਗੁਰਪ੍ਰੀਤ ਕੌਰ ਅਤੇ ਲਵਪ੍ਰੀਤ ਕੌਰ ਦੇ ਜਨਮ ਨਾਲ ਹੋਰ ਵੀ ਵਧ ਗਏ। ਪਰ ਹੱਸਦੇ-ਵੱਸਦੇ ਪਰਿਵਾਰ ਨੂੰ ਪਤਾ ਨਹੀਂ ਕਿਹੜੀ ਚੰਦਰੀ ਨਜ਼ਰ ਲੱਗੀ ਕਿ ਉਸਦਾ ਪਤੀ ਸ਼ਰਾਬ ਦਾ ਆਦੀ ਹੋ ਗਿਆ ਤੇ ਦਿਨ-ਰਾਤ ਸ਼ਰਾਬ ਦਾ ਦੌਰ ਚੱਲਣ ਲੱਗ ਪਿਆ। ਸ਼ਰਾਬ ਦੀ ਇਸ ਲਤ ਨੇ 31 ਅਕਤੂਬਰ 2010 ਨੂੰ ਉਸਦਾ ਪਤੀ ਗੁਰਚਰਨ ਸਿੰਘ ਖੋਹ ਲਿਆ। ਪਤੀ ਦੀ ਮੌਤ ਦੇ ਗਮ 'ਚੋਂ ਉੱਭਰਨ ਲਈ ਮਨ ਸਮਝਾਇਆ ਕਿ ਉਹ ਪੁੱਤਰ ਦੇ ਸਹਾਰੇ ਬਾਕੀ ਜ਼ਿੰਦਗੀ ਕੱਟ ਲਵੇਗੀ। ਜੱਗ-ਜ਼ਾਹਿਰ ਹੈ ਕਿ ਸ਼ੇਰਪੁਰ 'ਚ ਚਿੱਟਾ ਆਮ ਵਿਕਦਾ ਰਿਹਾ ਅਤੇ ਪਿਤਾ ਦੇ ਜਿਊਂਦੇ ਜੀਅ ਹੀ ਪੁੱਤਰ ਮਨਪ੍ਰੀਤ ਸਿੰਘ ਨੂੰ ਨਸ਼ੇ ਦੀ ਲਤ ਲੱਗ ਚੁੱਕੀ ਸੀ, ਉਸ ਦਾ ਨਸ਼ਾ ਛੁਡਵਾਉਣ ਲਈ ਕੀਤੇ ਅਨੇਕਾਂ ਯਤਨ ਅਸਫਲ ਰਹੇ। ਉਸ ਨੇ ਦੱਸਿਆ ਕਿ ਪਤੀ ਦੀ ਮੌਤ ਮਗਰੋਂ ਘਰ ਦੀ ਜ਼ਿੰਮੇਵਾਰੀਆਂ ਚੁੱਕਣ ਸਬੰਧੀ ਸਮਝਾਉਣ 'ਤੇ ਜੇਕਰ ਉਸਦਾ ਪੁੱਤਰ ਨਸ਼ਾ ਛੱਡਣ ਦੀ ਕੋਸ਼ਿਸ਼ ਵੀ ਕਰਦਾ ਤਾਂ ਕਸਬੇ 'ਚੋਂ ਨਸ਼ੇ ਦਾ ਆਮ ਮਿਲਣਾ ਤੇ ਮਾੜੀ ਸੰਗਤ ਉਸਦਾ ਧਿਆਨ ਨਸ਼ੇ ਤੋਂ ਹਟਣ ਨਾ ਦਿੰਦੀ।
ਇਹ ਵੀ ਪੜ੍ਹੋਂ : ਜ਼ਹਿਰੀਲੀ ਸ਼ਰਾਬ ਨੇ ਉਜਾੜੇ ਹੱਸਦੇ-ਵੱਸਦੇ ਪਰਿਵਾਰ, ਕਈਆਂ ਦੇ ਪੁੱਤ ਤੇ ਕਈਆਂ ਦੇ ਉਜੜੇ ਸੁਹਾਗ
ਤਕਰੀਬਨ 26 ਵਰ੍ਹਿਆਂ ਦੀ ਉਮਰੇ ਮਨਪ੍ਰੀਤ ਚਿੱਟੇ ਦੇ ਨਸ਼ੇ 'ਚ ਇੰਨਾ ਡੁੱਬਿਆ ਕਿ ਅਖੀਰ 18 ਫਰਵਰੀ 2016 ਨੂੰ ਉਹ ਵੀ ਪਰਿਵਾਰ ਨੂੰ ਰੋਂਦਿਆਂ ਵਿਲਕਦਿਆਂ ਛੱਡ ਗਿਆ। ਬਲਜੀਤ ਕੌਰ ਨੇ ਭਾਵੁਕ ਹੁੰਦਿਆਂ ਦੱਸਿਆ ਉਸਦੀ ਇਹ ਤਾਂਘ ਸੀ ਕਿ ਉਹ ਨੂੰਹ-ਪੁੱਤ ਦੇ ਸਿਰੋਂ ਪਾਣੀ ਵਾਰ ਕੇ ਪੀਵੇਗੀ ਪਰ ਸ਼ਾਇਦ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਉਸਨੇ ਕਿਹਾ ਕਿ ਉਹ ਤਾਂ ਜਿਵੇਂ ਕਿਵੇਂ ਸਬਰ ਕਰੀ ਬੈਠੀ ਹੈ ਪਰ ਹੁਣ ਰੱਖੜੀ ਦਾ ਤਿਉਹਾਰ ਆ ਰਿਹਾ ਹੈ ਤੇ ਹੁਣ ਉਸਦੀਆਂ ਧੀਆਂ ਨੂੰ ਰੱਖੜੀ ਬੰਨ੍ਹਣ ਲਈ ਕਦੇ ਵੀ ਮਨਪ੍ਰੀਤ ਦਾ ਗੁੱਟ ਨਹੀਂ ਮਿਲੇਗਾ। ਭੈਣਾਂ ਇਸ ਦਿਨ ਆਪਣੇ ਭਰਾ ਨੂੰ ਵਾਰ-ਵਾਰ ਯਾਦ ਕਰਨਗੀਆਂ। ਉਸਨੇ ਦੱਸਿਆ ਕਿ ਉਸਦੀਆਂ ਦੋ ਧੀਆਂ ਵਿਆਹੀਆਂ ਹੋਈਆਂ ਹਨ ਜਦੋਂ ਕਿ ਇਕ ਧੀ ਗੁਰਪ੍ਰੀਤ ਕੌਰ ਨਾਲ ਉਹ ਆਪਣੀ ਜ਼ਿੰਦਗੀ ਗੁਜ਼ਾਰ ਰਹੀ ਹੈ। ਹੁਣ ਰਹਿ-ਰਹਿ ਕੇ ਇਹੋ ਮਹਿਸੂਸ ਹੁੰਦਾ ਹੈ ਕਿ ਇਹ ਜ਼ਮੀਨਾਂ-ਜਾਇਦਾਦਾਂ ਵੀ ਬੰਦਿਆਂ ਨਾਲ ਹੀ ਹੁੰਦੀਆਂ ਨੇ, ਜ਼ਿੰਦਗੀ ਬਸਰ ਕਰਨ ਲਈ ਸਭ ਕੁਝ ਹੋਣ ਦੇ ਬਾਵਜੂਦ ਉਨ੍ਹਾਂ ਕੋਲ ਅੱਜ ਕੁਝ ਵੀ ਨਹੀਂ। ਸਮੇਂ ਦੀਆਂ ਸਰਕਾਰਾਂ ਖ਼ਿਲਾਫ ਬਲਜੀਤ ਕੌਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਰਕਾਰ ਮੌਕੇ ਉਸਦੇ ਪੁੱਤਰ ਦੀ ਮੌਤ ਹੋਈ ਤਾਂ ਮਨ 'ਚ ਸਰਕਾਰ ਪ੍ਰਤੀ ਬਹੁਤ ਗੁੱਸਾ ਸੀ ਕਿ ਉਹ ਨਸ਼ੇ ਬੰਦ ਕਰਨ ਲਈ ਕੋਈ ਠੋਸ ਕਾਰਵਾਈ ਕਿਉਂ ਨਹੀਂ ਕਰ ਰਹੀ। ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਹ ਕਹਿ ਕੇ ਸੱਤਾ 'ਚ ਆਏ ਕਿ ਉਹ ਨਸ਼ਾ ਖਤਮ ਕਰਨਗੇ ਪਰ ਨਸ਼ਾ ਅੱਜ ਵੀ ਉਸੇ ਤਰ੍ਹਾਂ ਵਿਕ ਰਿਹਾ ਹੈ। ਅੱਜ ਵੀ ਮਾਵਾਂ ਦੇ ਪੁੱਤ, ਭੈਣਾਂ ਦੇ ਭਰਾ ਅਤੇ ਔਰਤਾਂ ਦੇ ਸੁਹਾਗ ਨਸ਼ੇ ਦੀ ਭੇਟ ਚੜ੍ਹ ਰਹੇ ਹਨ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਵਾਅਦਾ ਨਿਭਾਉਣ ਦੀ ਅਪੀਲ ਕੀਤੀ ਕਿ ਸੂਬੇ ਅੰਦਰ ਨਸ਼ਿਆਂ 'ਚ ਗਰਕ ਰਹੀ ਜਵਾਨੀ ਨੂੰ ਬਚਾ ਲਓ ਤਾਂ ਕਿ ਜੋ ਉਨ੍ਹਾਂ ਨਾਲ ਹੋ ਚੁੱਕਿਆ, ਉਹ ਹੁਣ ਕਿਸੇ ਹੋਰ ਨਾਲ ਨਾ ਹੋਵੇ।
ਇਹ ਵੀ ਪੜ੍ਹੋਂ : ਸ਼ਰਮਨਾਕ: ਸਾਬਕਾ ਕਰਨਲ ਦੀ ਪਤਨੀ ਦੀ ਮੁਰਦਾਘਰ 'ਚ ਰੱਖੀ ਲਾਸ਼ ਦੇ ਕੰਨ ਤੇ ਬੁੱਲ੍ਹ ਖਾ ਗਏ ਚੂਹੇ