ਸ਼ੇਖੂਪੁਰ ਵਿਖੇ ਨਾਜਾਇਜ਼ ਕਬਜ਼ਿਆਂ ''ਤੇ ਚੱਲਿਆ ਨਿਗਮ ਦਾ ਪੀਲਾ ਪੰਜਾ
Saturday, Apr 28, 2018 - 04:57 AM (IST)

ਕਪੂਰਥਲਾ, (ਗੁਰਵਿੰਦਰ ਕੌਰ)- ਸਥਾਈ ਲੋਕ ਅਦਾਲਤ ਦੇ ਚੇਅਰਮੈਨ ਤੇ ਮਾਣਯੋਗ ਜੱਜ ਮੈਡਮ ਮੰਜੂ ਰਾਣਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਅੱਜ ਨਗਰ ਕੌਂਸਲ ਕਪੂਰਥਲਾ ਵਲੋਂ ਈ. ਓ. ਕੁਲਭੂਸ਼ਣ ਗੋਇਲ ਤੇ ਪ੍ਰਧਾਨ ਬੀਬੀ ਅੰਮ੍ਰਿਤਪਾਲ ਕੌਰ ਵਾਲੀਆ ਦੀ ਅਗਵਾਈ 'ਚ ਸ਼ੇਖੂਪੁਰ ਵਿਖੇ ਇਥੋਂ ਦੇ ਨਿਵਾਸੀਆਂ ਤੇ ਦੁਕਾਨਦਾਰਾਂ ਵੱਲੋਂ ਆਪਣੇ ਘਰਾਂ ਤੇ ਦੁਕਾਨਾਂ ਦੇ ਬਾਹਰ ਨਾਜਾਇਜ਼ ਤੌਰ 'ਤੇ ਬਣਾਏ ਗਏ ਥੜ੍ਹਿਆਂ ਨੂੰ ਜੇ. ਸੀ. ਬੀ. ਮਸ਼ੀਨ ਨਾਲ ਹਟਾਇਆ ਗਿਆ।
ਕਾਰਵਾਈ ਦੌਰਾਨ ਕੁਝ ਲੋਕਾਂ ਵੱਲੋਂ ਥੜ੍ਹੇ ਹਟਾਉਣ ਸਬੰਧੀ ਨਗਰ ਕੌਂਸਲ ਦੀ ਟੀਮ ਨਾਲ ਬਹਿਸਬਾਜ਼ੀ ਵੀ ਕੀਤੀ ਗਈ। ਇਸ ਮੌਕੇ ਈ. ਓ. ਕੁਲਭੂਸ਼ਣ ਗੋਇਲ ਤੇ ਪ੍ਰਧਾਨ ਅੰਮ੍ਰਿਤਪਾਲ ਕੌਰ ਵਾਲੀਆ ਨੇ ਦੱਸਿਆ ਕਿ ਮਾਣਯੋਗ ਸਥਾਈ ਲੋਕ ਅਦਾਲਤ ਦੇ ਆਦੇਸ਼ਾਂ ਅਨੁਸਾਰ ਸ਼ੇਖੂਪੁਰ ਵਿਖੇ ਸੜਕਾਂ 'ਤੇ ਕੀਤੇ ਨਾਜਾਇਜ਼ ਕਬਜ਼ੇ ਹਟਾਉਣ ਸਬੰਧੀ ਉਨ੍ਹਾਂ ਵੱਲੋਂ 25 ਅਪ੍ਰੈਲ 2018 ਤਕ ਦਾ ਇਥੋਂ ਦੇ ਨਿਵਾਸੀਆਂ ਤੇ ਦੁਕਾਨਦਾਰਾਂ ਨੂੰ ਅਲਟੀਮੇਟਮ ਦਿੱਤਾ ਗਿਆ ਸੀ, ਇਸ ਦੇ ਨਾਲ-ਨਾਲ ਮੁਨਿਆਦੀ ਵੀ ਕਰਵਾਈ ਗਈ ਸੀ। ਉਨ੍ਹਾਂ ਦੱਸਿਆ ਕਿ ਕੁਝ ਘਰਾਂ ਤੇ ਦੁਕਾਨਦਾਰਾਂ ਵੱਲੋਂ ਆਪਣੇ ਬਾਹਰ ਬਣਾਏ ਗਏ ਥੜ੍ਹੇ ਖੁਦ ਹੀ ਤੋੜ ਲਏ ਗਏ ਸਨ ਤੇ ਜਿਨ੍ਹਾਂ ਨੇ ਆਪਣੇ ਥੜ੍ਹੇ ਨਹੀਂ ਹਟਾਏ ਸਨ ਉਨ੍ਹਾਂ ਦੇ ਥੜ੍ਹੇ ਅੱਜ ਹਟਾ ਦਿੱਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਕੁਝ ਦੁਕਾਨਦਾਰਾਂ ਵੱਲੋਂ ਸਨਸ਼ੇਡ ਖੁਦ ਹਟਾਉਣ ਦਾ ਕਹਿ ਕੇ ਨਗਰ ਕੌਂਸਲ ਤੋਂ 72 ਘੰਟਿਆਂ ਦਾ ਸਮਾਂ ਮੰਗਿਆ ਹੈ, ਜਿਨ੍ਹਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਉਹ 72 ਘੰਟਿਆਂ ਅੰਦਰ-ਅੰਦਰ ਖੁਦ ਹੀ ਸਨਸ਼ੇਡ ਹਟਾ ਲੈਣ ਨਹੀਂ ਤਾਂ ਨਗਰ ਕੌਂਸਲ ਵੱਲੋਂ ਕਾਰਵਾਈ ਕੀਤੀ ਜਾਵੇਗੀ। ਈ. ਓ. ਨੇ ਦੱਸਿਆ ਕਿ ਨਾਜਾਇਜ਼ ਕਬਜ਼ੇ ਹਟਾਉਣ ਮੌਕੇ ਕੁਝ ਲੋਕਾਂ ਵੱਲੋਂ ਨਗਰ ਕੌਂਸਲ ਦੇ ਮੁਲਾਜ਼ਮਾਂ ਨਾਲ ਦੁਰ-ਵਿਵਹਾਰ ਕੀਤਾ ਗਿਆ, ਜਿਸ ਸਬੰਧੀ ਥਾਣਾ ਸਿਟੀ 'ਚ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਇਸ ਮੌਕੇ ਸਬ-ਇੰਸਪੈਕਟਰ ਜਸਵਿੰਦਰ ਸਿੰਘ, ਸਬ-ਇੰਸਪੈਕਟਰ ਕੁਲਵੰਤ ਸਿੰਘ, ਅਵਤਾਰ ਸਿੰਘ, ਬਲਦੇਵ ਸਿੰਘ ਤੇ ਵਿਕਰਮ ਆਦਿ ਤੋਂ ਇਲਾਵਾ ਹੋਰ ਪੁਲਸ ਮੁਲਾਜ਼ਮ ਵੀ ਭਾਰੀ ਗਿਣਤੀ 'ਚ ਹਾਜ਼ਰ ਸਨ।