ਤੇਜ਼ਧਾਰ ਹਥਿਆਰਾਂ ਨਾਲ ਲੈੱਸ ਦਰਜਨ ਵਿਅਕਤੀਆਂ ਵਲੋਂ 2 ਭਰਾਵਾਂ ''ਤੇ ਕਾਤਲਾਨਾ ਹਮਲਾ
Wednesday, Dec 02, 2020 - 06:52 PM (IST)
ਨੂਰਪੁਰਬੇਦੀ,(ਭੰਡਾਰੀ)- ਬੀਤੀ ਰਾਤ ਖੇਤਰ ਦੇ ਪਿੰਡ ਰੈਂਸੜਾ ਵਿਖੇ ਤੇਜ਼ਧਾਰ ਹਥਿਆਰਾਂ ਨਾਲ ਲੈੱਸ ਹੋ ਕੇ ਆਏ ਕਰੀਬ 1 ਦਰਜਨ ਵਿਅਕਤੀਆਂ ਵੱਲੋਂ 2 ਨੌਜਵਾਨਾਂ 'ਤੇ ਕਾਤਲਾਨਾ ਹਮਲਾ ਕਰਕੇ ਉਨ੍ਹਾਂ ਨੂੰ ਗੰਭੀਰ ਰੂਪ 'ਚ ਜ਼ਖਮੀਂ ਕੀਤੇ ਜਾਣ ਦੇ ਦੋਸ਼ਾਂ ਹੇਠ ਥਾਣਾ ਨੂਰਪੁਰਬੇਦੀ ਅਧੀਨ ਪੈਂਦੀ ਚੌਕੀ ਕਲਵਾਂ ਦੀ ਪੁਲਸ ਨੇ ਪਿੰਡ ਦੇ ਹੀ 8 ਵਿਅਕਤੀਆਂ ਵਿਰੁੱਧ ਇਰਾਦਾ ਕਤਲ ਦਾ ਮੁਕੱਦਮਾ ਦਰਜ ਕੀਤਾ ਹੈ। ਇਸ ਤੋਂ ਇਲਾਵਾ ਪੁਲਸ ਵੱਲੋਂ ਇਸ ਮਾਮਲੇ 'ਚ 4-5 ਹੋਰ ਅਣਪਛਾਤੇ ਵਿਅਕਤੀਆਂ ਨੂੰ ਵੀ ਨਾਮਜ਼ਦ ਕੀਤਾ ਗਿਆ। ਜ਼ਖਮੀਂ ਹੋਏ ਉਕਤ ਨੌਜਵਾਨ ਸਕੇ ਭਰਾ ਹਨ ਤੇ ਜਿਨ੍ਹਾਂ 'ਚੋਂ ਇਕ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਪੀ. ਜੀ. ਆਈ. ਚੰਡੀਗੜ੍ਹ ਵਿਖੇ ਇਲਾਜ਼ ਲਈ ਰੈਫਰ ਕੀਤਾ ਗਿਆ ਹੈ, ਜਦਕਿ ਇਕ ਭਰਾ ਸਰਕਾਰੀ ਹਸਪਤਾਲ ਆਨੰਦਪੁਰ ਸਾਹਿਬ ਵਿਖੇ ਜ਼ੇਰੇ ਇਲਾਜ਼ ਹੈ। ਪੁਲਸ ਕੋਲ ਦਰਜ ਕਰਵਾਏ ਬਿਆਨਾਂ 'ਚ ਜ਼ਖਮੀਂ ਹੋਏ ਨੌਜਵਾਨ ਪ੍ਰਦੀਪ ਕੁਮਾਰ ਪੁੱਤਰ ਹਰੀ ਕਿਸ਼ਨ ਨਿਵਾਸੀ ਰੈਂਸੜਾ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਉਹ ਤੇ ਉਸਦਾ ਭਰਾ ਗੁਰਪ੍ਰੀਤ ਸਿੰਘ ਇਕ ਬਰਾਤ 'ਚ ਸ਼ਾਮਲ ਹੋਣ ਉਪਰੰਤ ਪਿੰਡ ਦੀ ਫਿਰਨੀ ਤੋਂ ਪੈਦਲ ਅਪਣੇ ਘਰ ਵਾਪਿਸ ਪਰਤ ਰਹੇ ਸਨ ਤਾਂ ਉਕਤ ਦੋਸ਼ੀਆਂ ਨੇ ਮੇਰੇ ਅਤੇ ਮੇਰੇ ਭਰਾ ਦੀ ਘੇਰ ਕੇ ਗੰਭੀਰ ਕੁੱਟਮਾਰ ਕੀਤੀ ਅਤੇ ਜਾਨੋ ਮਾਰਨ ਦੀ ਨੀਅਤ ਨਾਲ ਛੁਰੇ, ਰਾਡਾਂ ਅਤੇ ਕਿਰਪਾਨਾਂ ਸਹਿਤ ਹੋਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਰੂਪ 'ਚ ਜਖ਼ਮੀ ਕਰ ਦਿੱਤਾ।
ਇਸ ਦੌਰਾਨ ਉਸ ਦੇ ਭਰਾ ਦੀ ਹਾਲਤ ਗੰਭੀਰ ਹੋਣ ਦੇ ਚੱਲਦਿਆਂ ਉਸ ਨੂੰ ਇਲਾਜ਼ ਲਈ ਪੀ. ਜੀ. ਆਈ. ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ ਹੈ, ਜਦਕਿ ਉਹ ਖੁਦ ਆਨੰਦਪੁਰ ਸਾਹਿਬ ਵਿਖੇ ਹਸਪਤਾਲ 'ਚ ਜ਼ੇਰੇ ਇਲਾਜ਼ ਹੈ। ਚੌਕੀ ਇੰਚਾਰਜ ਕਲਵਾਂ ਏ. ਐੱਸ. ਆਈ. ਗੁਰਮੁੱਖ ਸਿੰਘ ਨੇ ਉਕਤ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨੀਂ ਸ਼ਿਕਾਇਤ ਕਰਤਾ ਦੇ ਭਰਾ ਵਲੋਂ ਉਕਤ ਹਮਲਾਵਰਾਂ ਨੂੰ ਪਿੰਡ ਦੇ ਇਕ ਵਿਆਹ 'ਚ ਲੱਗੇ ਟੈਂਟ 'ਚ ਪਟਾਕੇ ਚਲਾਉਣ ਤੋਂ ਰੋਕਿਆ ਗਿਆ ਸੀ। ਇਸ ਝਗੜੇ ਦੌਰਾਨ ਹੋਈ ਮਾਮੂਲੀ ਤਕਰਾਰ ਉਪਰੰਤ ਮੁੜ ਦੋਸ਼ੀਆਂ ਨੇ ਸ਼ਿਕਾਇਤਕਰਤਾ ਤੇ ਉਸ ਦੇ ਭਰਾ 'ਤੇ ਹਮਲਾ ਕਰਕੇ ਉਨ੍ਹਾਂ ਨੂੰ ਗੰਭੀਰ ਸੱਟਾਂ ਮਾਰੀਆਂ। ਉਨ੍ਹਾਂ ਦੱਸਿਆ ਕਿ ਉਕਤ ਬਿਆਨਾਂ ਦੇ ਆਧਾਰ 'ਤੇ 8 ਵਿਅਕਤੀਆਂ 'ਚ ਸ਼ਾਮਿਲ ਕਾਕਾ ਪੁੱਤਰ ਜਸਵੰਤ ਸਿੰਘ, ਹਰਮਨ ਪੁੱਤਰ ਮੱਖਣ ਸਿੰਘ, ਰੋਡਾ ਪੁੱਤਰ ਰਾਮ ਆਸਰਾ, ਹਰਦੇਵ ਸਿੰਘ ਪੁੱਤਰ ਪ੍ਰੀਤਮ ਸਿੰਘ, ਅੰਗਰੇਜ਼ ਪੁੱਤਰ ਪ੍ਰੀਤਮ ਸਿੰਘ, ਲੱਕੀ ਪੁੱਤਰ ਰਾਮ ਆਸਰਾ, ਪਵਨਦੀਪ ਸਿੰਘ ਪੁੱਤਰ ਰਾਮ ਆਸਰਾ ਤੇ ਗੁਰਦੀਪ ਸਿੰਘ ਉਰਫ਼ ਬੱਬੂ ਪੁੱਤਰ ਜਸਵੰਤ ਸਿੰਘ ਨਿਵਾਸੀ ਪਿੰਡ ਰੈਂਸੜਾ, ਥਾਣਾ ਨੂਰਪੁਰਬੇਦੀ ਸਹਿਤ 4-5 ਹੋਰ ਨਾਮਲੂਮ ਵਿਅਕਤੀਆਂ ਖਿਲਾਫ਼ ਆਈ.ਪੀ.ਸੀ. ਦੀ ਧਾਰਾ 307, 323, 324, 148 ਤੇ 149 ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਧਰਪਕੜ ਲਈ ਕਾਰਵਾਈ ਆਰੰਭ ਦਿੱਤੀ ਹੈ।