ਸ਼ਾਰਪ ਸ਼ੂਟਰ ਸਾਰਜ ਮਿੰਟੂ ਨੂੰ ਛੇਤੀ ਪ੍ਰੋਡਕਸ਼ਨ ਵਾਰੰਟ ''ਤੇ ਲਵੇਗੀ ਅੰਮ੍ਰਿਤਸਰ ਪੁਲਸ

Wednesday, Mar 14, 2018 - 05:37 AM (IST)

ਅੰਮ੍ਰਿਤਸਰ,   (ਸੰਜੀਵ)-  ਹਿੰਦੂ ਸੰਘਰਸ਼ ਸੈਨਾ ਦੇ ਪ੍ਰਧਾਨ ਵਿਪਨ ਸ਼ਰਮਾ ਹੱਤਿਆਕਾਂਡ ਦੇ ਮੁੱਖ ਦੋਸ਼ੀ ਸ਼ਾਰਪ ਸ਼ੂਟਰ ਅਤੇ ਖਤਰਨਾਕ ਗੈਂਗਸਟਰ ਸਾਰਜ ਮਿੰਟੂ ਨੂੰ ਛੇਤੀ ਅੰਮ੍ਰਿਤਸਰ ਪੁਲਸ ਪ੍ਰੋਡਕਸ਼ਨ ਵਾਰੰਟ 'ਤੇ ਲਿਆਉਣ ਦੀ ਤਿਆਰੀ ਕਰ ਰਹੀ ਹੈ, ਜਿਸ ਦੀ ਪੁਸ਼ਟੀ ਏ. ਡੀ. ਸੀ. ਪੀ. ਜਗਜੀਤ ਸਿੰਘ ਵਾਲੀਆ ਨੇ ਕੀਤੀ। ਉਨ੍ਹਾਂ ਕਿਹਾ ਕਿ ਸਾਰਜ ਵੱਲੋਂ ਅੰਮ੍ਰਿਤਸਰ 'ਚ ਕੀਤੀਆਂ ਗਈਆਂ ਕਈ ਵਾਰਦਾਤਾਂ ਸਬੰਧੀ ਪੁਲਸ ਨੇ ਜਾਣਕਾਰੀਆਂ ਹਾਸਲ ਕਰਨੀਆਂ ਹਨ, ਜਿਸ ਲਈ ਉਸ ਨੂੰ ਅੰਮ੍ਰਿਤਸਰ ਲਿਆਂਦਾ ਜਾਵੇਗਾ। ਸਾਰਜ ਨੂੰ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਦੀ ਜਲੰਧਰ ਸ਼ਾਖਾ ਵੱਲੋਂ ਗ੍ਰਿਫਤਾਰ ਕਰ ਕੇ ਪੁਲਸ ਰਿਮਾਂਡ 'ਤੇ ਲਿਆ ਗਿਆ ਹੈ। ਸਾਰਜ ਰਿਮਾਂਡ ਦੌਰਾਨ ਕਈ ਅਹਿਮ ਖੁਲਾਸੇ ਕਰ ਰਿਹਾ ਹੈ, ਜਿਸ ਵਿਚ ਉਸ ਨੇ ਪੰਜਾਬ ਵਿਚ ਕੀਤੀਆਂ ਗਈਆਂ ਕਈ ਵਾਰਦਾਤਾਂ ਤੋਂ ਪਰਦਾ ਚੁੱਕਿਆ ਹੈ। ਪੁਲਸ ਸਾਰਜ ਜ਼ਰੀਏ ਹਿੰਦੂ ਨੇਤਾ ਵਿਪਨ ਸ਼ਰਮਾ ਹੱਤਿਆਕਾਂਡ 'ਚ ਸ਼ਾਮਲ ਗੈਂਗਸਟਰ ਸ਼ੁਭਮ ਨੂੰ ਵੀ ਛੇਤੀ ਗ੍ਰਿਫਤਾਰ ਕਰ ਸਕਦੀ ਹੈ।
ਜਾਂਚ ਦੌਰਾਨ ਹੋਇਆ 5 ਹੱਤਿਆਵਾਂ ਦਾ ਖੁਲਾਸਾ
ਗੈਂਗਸਟਰ ਸਾਰਜ ਮਿੰਟੂ ਹਿੰਦੂ ਨੇਤਾ ਵਿਪਨ ਸ਼ਰਮਾ ਹੱਤਿਆਕਾਂਡ ਸਮੇਤ 5 ਹੱਤਿਆਵਾਂ 'ਚ ਸ਼ੂਟਰ ਦੀ ਭੂਮਿਕਾ ਨਿਭਾ ਚੁੱਕਾ ਹੈ, ਜਿਨ੍ਹਾਂ ਵਿਚ ਗੈਂਗਸਟਰ ਸ਼ੁਭਮ ਤੇ ਬੌਬੀ ਮਲਹੋਤਰਾ ਨੇ ਵੀ ਉਸ ਦਾ ਸਾਥ ਦਿੱਤਾ ਸੀ। 30 ਅਕਤੂਬਰ ਨੂੰ ਸਾਰਜ ਮਿੰਟੂ ਨੇ ਗੈਂਗਸਟਰ ਸ਼ੁਭਮ ਨਾਲ ਮਿਲ ਕੇ ਬਟਾਲਾ ਰੋਡ ਸਥਿਤ ਗਲੀ 'ਚ ਹਿੰਦੂ ਨੇਤਾ ਵਿਪਨ ਸ਼ਰਮਾ 'ਤੇ ਅੰਧਾਧੁੰਦ ਗੋਲੀਆਂ ਚਲਾ ਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਸੀ। ਸ਼ੁਭਮ ਨੂੰ ਇਹ ਸ਼ੱਕ ਸੀ ਕਿ ਉਸ ਦੇ ਪਿਤਾ ਦੀ ਹੱਤਿਆ ਪਿੱਛੇ ਹਿੰਦੂ ਨੇਤਾ ਵਿਪਨ ਸ਼ਰਮਾ ਦਾ ਹੱਥ ਹੈ, ਜਿਸ ਕਾਰਨ ਉਸ ਨੇ ਗੈਂਗਸਟਰ ਸਾਰਜ ਮਿੰਟੂ ਨਾਲ ਮਿਲ ਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਸੀ, ਜਿਸ ਉਪਰੰਤ ਸਾਰਜ ਨੇ ਗੈਂਗਸਟਰ ਬੌਬੀ ਮਲਹੋਤਰਾ ਨਾਲ ਮਿਲ ਕੇ ਅਪ੍ਰੈਲ 2016 ਵਿਚ ਕਰਨਬੀਰ ਸਿੰਘ ਨੰਨੂ ਨੂੰ ਅਗਵਾ ਕਰ ਕੇ ਤਰਨਤਾਰਨ ਲਿਜਾ ਕੇ ਉਸ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਸੀ। ਗੈਂਗਸਟਰ ਬੌਬੀ ਮਲਹੋਤਰਾ ਨੇ ਸਾਰਜ ਮਿੰਟੂ ਨਾਲ ਮਿਲ ਕੇ ਸਾਬਕਾ ਕੌਂਸਲਰ ਗਿੰਦਾ ਦੀ ਹੱਤਿਆ ਵੀ ਕੀਤੀ ਸੀ ਤੇ ਸਾਰਜ ਨਾਲ ਹੀ ਮਿਲ ਕੇ ਮਈ 2016 ਵਿਚ ਥਾਣਾ ਬੀ-ਡਵੀਜ਼ਨ ਦੇ ਠੀਕ ਸਾਹਮਣੇ ਵਿਚ ਸੜਕ ਦੇ ਹਰੀਆ ਗੈਂਗ ਦੇ ਹਰੀਆ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਿਆ ਸੀ।
ਜੇਲ 'ਚ ਬੈਠੇ ਜੱਗੂ ਤੇ ਕੰਗਲਾ ਦੇ ਇਸ਼ਾਰੇ 'ਤੇ ਕੰਮ ਕਰ ਰਿਹਾ ਸੀ ਸਾਰਜ
ਜੇਲ 'ਚ ਬੈਠੇ ਖਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਤੇ ਸੋਨੂੰ ਕੰਗਲਾ ਦੇ ਇਸ਼ਾਰੇ 'ਤੇ ਸਾਰਜ ਮਿੰਟੂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ, ਜਿਸ ਦੀ ਪੁਸ਼ਟੀ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਜਲੰਧਰ ਸ਼ਾਖਾ ਦੇ ਏ. ਆਈ. ਜੀ. ਹਰਕੰਵਲਪ੍ਰੀਤ ਸਿੰਘ ਖੱਖ ਨੇ ਕੀਤੀ। ਉਨ੍ਹਾਂ ਦੱਸਿਆ ਕਿ ਸਾਰਜ ਜਿਸ ਸ਼ਹਿਰ ਵਿਚ ਵਾਰਦਾਤ ਨੂੰ ਅੰਜਾਮ ਦਿੰਦਾ ਉਸ ਨੂੰ ਛੱਡ ਕੇ ਕਿਸੇ ਹੋਰ ਸ਼ਹਿਰ ਚਲਾ ਜਾਂਦਾ ਸੀ, ਕਈ ਦਿਨਾਂ ਤੱਕ ਉਥੇ ਰਹਿਣ ਉਪਰੰਤ ਜਦੋਂ ਮਾਹੌਲ ਥੋੜ੍ਹਾ ਕਾਬੂ 'ਚ ਆਉਣ ਲੱਗਦਾ ਤਾਂ ਉਹ ਆਪਣੇ ਸਾਥੀਆਂ ਨਾਲ ਮਿਲ ਕੇ ਕਿਸੇ ਹੋਰ ਜਗ੍ਹਾ ਵਾਰਦਾਤ ਕਰ ਦਿੰਦਾ ਸੀ।


Related News