ਤਰਨਤਾਰਨ ਗੁਰਜੰਟ ਕਤਲ ਕਾਂਡ ਦੇ ਸ਼ਾਰਪ ਸ਼ੂਟਰ ਗ੍ਰਿਫ਼ਤਾਰ, ਫਿਰ ਪੰਜਾਬ ਨੂੰ ਦਹਿਲਾਉਣ ਦੀ ਸੀ ਤਿਆਰੀ
Sunday, Oct 23, 2022 - 06:00 PM (IST)
ਚੰਡੀਗੜ੍ਹ/ਤਰਨਤਾਰਨ : ਪੰਜਾਬ ਪੁਲਸ ਵੱਲੋਂ ਤਰਨਤਾਰਨ ਦੇ ਇਕ ਦੁਕਾਨਦਾਰ ਗੁਰਜੰਟ ਸਿੰਘ ਦੇ ਕਤਲ ਦੇ ਦੋਸ਼ ਵਿੱਚ ਦੋ ਸ਼ੂਟਰਾਂ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਦੱਸਿਆ ਕਿ ਗੁਰਜੰਟ ਸਿੰਘ ਦਾ 11 ਅਕਤੂਬਰ ਨੂੰ ਉਸਦੀ ਦੁਕਾਨ ’ਤੇ ਦੋ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਗ੍ਰਿਫਤਾਰ ਕੀਤੇ ਗਏ ਵਿਅਕਤੀ ਕੈਨੇਡਾ ਸਥਿਤ ਅੱਤਵਾਦੀ ਲਖਬੀਰ ਸਿੰਘ ਉਰਫ ਲੰਡਾ ਅਤੇ ਯੂਰਪ ਅਧਾਰਤ ਅੱਤਵਾਦੀ ਸਤਪਾਲ ਸਿੰਘ ਉਰਫ ਸੱਤਾ ਦੇ ਨਜ਼ਦੀਕੀ ਸਾਥੀ ਹਨ, ਜੋ ਅੱਗੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀ. ਕੇ. ਆਈ) ਦੇ ਪਾਕਿਸਤਾਨ ਸਥਿਤ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੇ ਨਾਲ ਸਬੰਧਤ ਹਨ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਫੜੇ ਗਏ ਵਿਅਕਤੀ ਲੰਡਾ ਅਤੇ ਰਿੰਦਾ ਦੇ ਇਸ਼ਾਰੇ ’ਤੇ ਅੰਮ੍ਰਿਤਸਰ ਦੇ ਇਲਾਕੇ ’ਚ ਇਕ ਹੋਰ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚ ਰਹੇ ਸਨ।
ਇਹ ਵੀ ਪੜ੍ਹੋ : ਪੰਜਾਬ ’ਚ ਹਾਈ ਅਲਰਟ ਜਾਰੀ, ਇਹ 7 ਜ਼ਿਲ੍ਹੇ ਸੰਵੇਦਨਸ਼ੀਲ ਕਰਾਰ, ਤਾਇਨਾਤ ਹੋਣਗੇ ਕਮਾਂਡੋ
ਡੀ. ਜੀ. ਪੀ. ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਸ਼ੂਟਰਾਂ ਦੀ ਪਛਾਣ ਤਰਨਤਾਰਨ ਦੇ ਪਿੰਡ ਸ਼ੇਰੋਂ ਦੇ ਗੁਰਕੀਰਤ ਸਿੰਘ ਉਰਫ ਘੁੱਗੀ ਅਤੇ ਤਰਨਤਾਰਨ ਦੇ ਨੌਸ਼ਹਿਰਾ ਪੰਨੂਆਂ ਦੇ ਅਜਮੀਤ ਸਿੰਘ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਦੋ ਹੋਰ ਵਿਅਕਤੀ, ਜੋ ਸ਼ੂਟਰਾਂ ਨੂੰ ਹਥਿਆਰ ਅਤੇ ਹੋਰ ਲੌਜਿਸਟਿਕ ਸਹਾਇਤਾ ਪ੍ਰਦਾਨ ਕਰਦੇ ਸਨ, ਦੀ ਪਛਾਣ ਬਟਾਲਾ ਦੇ ਹਰਮਨਜੋਤ ਅਤੇ ਅਕਾਸ਼ਦੀਪ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਇਨ੍ਹਾਂ ਕੋਲੋਂ ਦੋ 9 ਐੱਮ. ਐੱਮ. ਅਤੇ ਦੋ .30 ਬੋਰ ਸਮੇਤ ਚਾਰ ਪਿਸਤੌਲ ਵੀ ਬਰਾਮਦ ਕੀਤੇ ਹਨ।
ਇਹ ਵੀ ਪੜ੍ਹੋ : ਮਜੀਠਾ ’ਚ ਰੌਂਗਟੇ ਖੜ੍ਹੇ ਕਰਨ ਵਾਲੀ ਵਾਰਦਾਤ, ਨਾਬਾਲਗ ਨਾਲ ਬਲਾਤਕਾਰ ਤੋਂ ਬਾਅਦ ਕਤਲ ਕਰਕੇ ਟੰਗੀ ਲਾਸ਼
ਇਹ ਕਾਰਵਾਈ ਇਸ ਕੇਸ ਵਿਚ ਦੋ ਵਿਅਕਤੀਆਂ ਦੀ ਗ੍ਰਿਫਤਾਰੀ ਤੋਂ ਚਾਰ ਦਿਨ ਬਾਅਦ ਅਮਲ ਵਿਚ ਲਿਆਂਦੀ ਗਈ ਹੈ, ਜਿਨ੍ਹਾਂ ਦੀ ਪਛਾਣ ਤਰਨਤਾਰਨ ਦੇ ਪਿੰਡ ਸ਼ੇਰੋਂ ਦੇ ਰਵੀਸ਼ੇਰ ਸਿੰਘ ਉਰਫ ਰਵੀ ਅਤੇ ਤਰਨਤਾਰਨ ਦੇ ਨੌਸ਼ਹਿਰਾ ਪੰਨੂਆਂ ਦੇ ਵਰਿੰਦਰ ਸਿੰਘ ਉਰਫ ਭਿੰਡੀ ਵਜੋਂ ਹੋਈ ਹੈ, ਜਿਨ੍ਹਾਂ ਨੇ ਇਸ ਮਾਮਲੇ ਵਿਚ ਰੇਕੀ ਅਤੇ ਗੋਲੀਬਾਰੀ ਨੂੰ ਅੰਜਾਮ ਦਿੱਤਾ ਸੀ। ਪੁਲਸ ਨੇ ਉਨ੍ਹਾਂ ਦੇ ਕਬਜ਼ੇ ਵਿਚੋਂ ਇਕ .30 ਬੋਰ ਦਾ ਪਿਸਤੌਲ ਅਤੇ ਦੋ ਕਾਰਾਂ ਜਿਨ੍ਹਾਂ ਵਿੱਚ ਹੁੰਡਈ ਵਰਨਾ ਅਤੇ ਵੋਲਕਸਵੈਗਨ ਵੈਂਟੋ ਸ਼ਾਮਲ ਹਨ ਜੋ ਕਿ ਵਾਰਦਾਤ ਵਿਚ ਵਰਤੀਆਂ ਗਈਆਂ ਸਨ, ਵੀ ਬਰਾਮਦ ਕੀਤੀਆਂ ਹਨ। ਸੀ. ਪੀ. ਅੰਮ੍ਰਿਤਸਰ ਅਰੁਣ ਪਾਲ ਸਿੰਘ ਨੇ ਦੱਸਿਆ ਕਿ ਭਰੋਸੇਮੰਦ ਸੂਚਨਾਵਾਂ ਦੇ ਆਧਾਰ ’ਤੇ ਤਰਨਤਾਰਨ ਪੁਲਿਸ, ਕਮਿਸ਼ਨਰੇਟ ਪੁਲਸ ਅੰਮ੍ਰਿਤਸਰ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਇਕ ਸਾਂਝੇ ਆਪ੍ਰੇਸ਼ਨ ਦੌਰਾਨ ਚਾਰੋਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ।
ਇਹ ਵੀ ਪੜ੍ਹੋ : ਨਾਭਾ ਜੇਲ੍ਹ ਵਿਚ ਸੁੱਟਿਆ ਗਿਆ ਬੰਡਲ, ਜਦੋਂ ਅਧਿਕਾਰੀਆਂ ਨੇ ਖੋਲ੍ਹ ਕੇ ਦੇਖਿਆ ਤਾਂ ਉੱਡੇ ਹੋਸ਼
ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਫੜੇ ਗਏ ਵਿਅਕਤੀ ਲੰਡਾ ਅਤੇ ਰਿੰਦਾ ਦੇ ਇਸ਼ਾਰੇ ’ਤੇ ਅੰਮ੍ਰਿਤਸਰ ਦੇ ਇਲਾਕੇ ’ਚ ਇਕ ਹੋਰ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚ ਰਹੇ ਸਨ। ਤਰਨਤਾਰਨ ਦੇ ਐੱਸ. ਐੱਸ. ਪੀ. ਰਣਜੀਤ ਸਿੰਘ ਢਿੱਲੋਂ ਨੇ ਖੁਲਾਸਾ ਕੀਤਾ ਕਿ ਗੁਰਜੰਟ ਅਤੇ ਉਸਦੇ ਚਚੇਰੇ ਭਰਾ ਅਰਸ਼ਦੀਪ ਸਿੰਘ ਉਰਫ ਬਾਟੀ, ਜੋ ਕਿ ਸਤਨਾਮ ਸੱਤਾ ਅਤੇ ਲੰਡਾ ਦਾ ਕਰੀਬੀ ਹੈ, ਵਿਚਕਾਰ ਪਰਿਵਾਰਕ ਝਗੜਾ ਚੱਲ ਰਿਹਾ ਸੀ ਅਤੇ ਉਸ ਨੂੰ ਦਿੱਲੀ ਸਪੈਸ਼ਲ ਸੈੱਲ ਨੇ ਕੁਰੂਕਸ਼ੇਤਰ ਆਈ. ਈ. ਡੀ. ਪਲਾਂਟਿੰਗ ਮਾਮਲੇ ਵਿਚ ਗ੍ਰਿਫਤਾਰ ਕੀਤਾ ਸੀ। ਲੰਡਾ ਅਤੇ ਸੱਤਾ ਨੇ ਗੁਰਜੰਟ, ਜੋ ਕਿ ਉਨ੍ਹਾਂ ਦੇ ਅਨੁਸਾਰ ਪੁਲਸ ਦਾ ਮੁਖਬਰ ਸੀ ਅਤੇ ਅਰਸ਼ਦੀਪ ਬਾਟੀ ਨੂੰ ਗ੍ਰਿਫਤਾਰ ਕਰਵਾਉਣ ਵਿਚ ਵੀ ਗੁਰਜੰਟ ਦੀ ਅਹਿਮ ਭੂਮਿਕਾ ਸੀ, ਦਾ ਕਤਲ ਕਰਕੇ ਬਾਟੀ ਦੀ ਗ੍ਰਿਫਤਾਰੀ ਦਾ ਬਦਲਾ ਲਿਆ। ਜ਼ਿਕਰਯੋਗ ਹੈ ਕਿ ਥਾਣਾ ਸਦਰ ਤਰਨਤਾਰਨ ਵਿਖੇ ਆਈ. ਪੀ. ਸੀ. ਦੀ ਧਾਰਾ 302, 506 ਅਤੇ 120-ਬੀ ਅਤੇ ਅਸਲਾ ਐਕਟ ਦੀ ਧਾਰਾ 25/54/59 ਤਹਿਤ ਐੱਫ. ਆਈ. ਆਰ. ਨੰਬਰ 200 ਮਿਤੀ 11.10.2022 ਨੂੰ ਮਾਮਲਾ ਪਹਿਲਾਂ ਹੀ ਦਰਜ ਹੈ।
ਇਹ ਵੀ ਪੜ੍ਹੋ : ਬੇਕਾਬੂ ਹੋ ਕੇ ਭਾਖੜਾ ਨਹਿਰ ਦੇ ਠਾਠਾਂ ਮਾਰਦੇ ਪਾਣੀ ’ਚ ਜਾ ਡਿੱਗੀ ਕਾਰ, ਪੰਜਾਬ ਪੁਲਸ ਦੇ ਥਾਣੇਦਾਰ ਦੀ ਮੌਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।