ਅਜਿਹਾ ਸੀ ਸ਼ਾਰਪ ਸ਼ੂਟਰ ਹਰਦੀਪ ਸ਼ੇਰਾ ਦਾ ਪਿਛੋਕੜ, ਮਾਤਾ-ਪਿਤਾ ਨੇ ਬਿਆਨ ਕੀਤਾ ਪੂਰਾ ਸੱਚ

11/24/2017 7:47:59 PM

ਪਟਿਆਲਾ : ਫਤਿਹਗੜ੍ਹ ਸਾਹਿਬ ਦੇ ਅਮਲੋਹ ਦੇ ਨੇੜੇ ਮਾਜਰੀ ਕਿਸ਼ਨਵਾਲੀ ਪਿੰਡ ਵਿਚ ਸਥਿਤ ਦੋ ਕਮਰਿਆਂ ਦੇ ਘਰ ਵਿਚ ਸੰਨਾਟਾ ਛਾਇਆ ਹੋਇਆ ਹੈ। ਇਹ ਘਰ ਬਲਵਿੰਦਰ ਸਿੰਘ (43 ਸਾਲਾ) ਅਤੇ ਸੁਰਿੰਦਰ ਕੌਰ (41) ਦਾ। ਬਲਵਿੰਦਰ ਸਿੰਘ ਦਿਲ ਦੀ ਬਿਮਾਰੀ ਨਾਲ ਪੀੜਤ ਹਨ ਅਤੇ ਸਾਊਦੀ ਅਰਬ ਤੋਂ ਪਰਤੇ ਹਨ। ਦੋਵੇਂ ਪਤੀ-ਪਤਨੀ ਆਪਣੇ ਇਟਲੀ 'ਚ ਸੈੱਟਲ 21 ਸਾਲਾ ਪੁੱਤਰ ਦੇ ਪੰਜਾਬ ਵਿਚ ਹੋਏ ਹਾਈ ਪ੍ਰੋਫਾਈਲ ਕਤਲਾਂ ਵਿਚ ਗ੍ਰਿਫਤਾਰੀ ਤੋਂ ਬਾਅਦ ਸਦਮੇ 'ਚ ਹਨ। ਦੋਵਾਂ ਨੂੰ ਇਸ ਗੱਲ ਦੀ ਵੀ ਜਾਣਕਾਰੀ ਨਹੀਂ ਹੈ ਕਿ ਆਖਰ ਹਰਦੀਪ ਸਿੰਘ ਪੰਜਾਬ ਕਦੋਂ ਆਇਆ ਅਤੇ ਕਦੋਂ ਪੁਲਸ ਨੇ ਉਸ ਨੂੰ ਗ੍ਰਿਫਤਾਰ ਕੀਤਾ। ਪਿਤਾ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਪਿਛਲੇ ਦੋ ਸਾਲ ਤੋਂ ਹਰਦੀਪ ਨੂੰ ਨਹੀਂ ਮਿਲੇ ਹਨ ਅਤੇ ਸਿਰਫ ਵੀਡੀਓ ਕਾਲ ਰਾਹੀਂ ਹੀ ਉਨ੍ਹਾਂ ਹਰਦੀਪ ਨੂੰ ਦੇਖਿਆ ਸੀ। ਪਿਤਾ ਮੁਤਾਬਕ ਉਸ ਦਾ ਨਾਮ ਹਰਦੀਪ ਹੈ ਜਦਕਿ ਸ਼ੇਰਾ ਉਹ ਹੁਣ ਸੁਣ ਰਹੇ ਹਨ।
ਪੁਲਸ ਸੂਤਰਾਂ ਦਾ ਕਹਿਣਾ ਹੈ 'ਸ਼ੇਰਾ' ਦਾ ਨਾਮਕਰਣ ਇਕ ਗੈਂਗ ਦੇ ਗੈਂਗਸਟਰ ਸ਼ੇਰ ਖੁੱਬਣ ਦੇ ਨਾਮ 'ਤੇ ਕੀਤਾ ਗਿਆ ਸੀ। ਪੁਲਸ ਮੁਤਾਬਕ ਸ਼ੇਰਾ ਖੁੱਬਣ 2012 ਵਿਚ ਬਠਿੰਡਾ ਵਿਖੇ ਪੁਲਸ ਐਕਨਾਊਂਟਰ ਵਿਚ ਮਾਰਿਆ ਗਿਆ ਸੀ। ਪਿੰਡ ਵਿਚ ਕੋਈ ਵੀ ਹਰਦੀਪ ਸਿੰਘ ਦੇ ਬਾਰੇ ਵਿਚ ਗੱਲ ਕਰਨ ਲਈ ਤਿਆਰ ਨਹੀਂ ਹੈ। ਇਸ ਦੌਰਾਨ ਜਦੋਂ ਹਰਦੀਪ ਦੇ ਜੱਦੀ ਪਿੰਡ ਬਾਰੇ ਗੱਲ ਕੀਤੀ ਗਈ ਤਾਂ ਪਿੰਡ ਦੇ ਇਕ ਵਿਅਕਤੀ ਨੇ ਹਰਦੀਪ ਦੇ ਬਾਰੇ 'ਚ ਕੁਝ ਵੀ ਦੱਸਣ ਅਤੇ ਬੋਲਣ ਤੋਂ ਸਾਫ ਇਨਕਾਰ ਕਰ ਦਿੱਤਾ ਅਤੇ ਇਥੋਂ ਤਕ ਕਹਿ ਦਿੱਤਾ ਕਿ ਹਰਦੀਪ ਸਿੰਘ ਨਾਂ ਦਾ ਕੋਈ ਵਿਅਕਤੀ ਇਸ ਪਿੰਡ ਨਾਲ ਸੰਬੰਧਤ ਨਹੀਂ ਹੈ।
ਹਰਦੀਪ ਆਪਣੇ ਮਾਤਾ-ਪਿਤਾ ਤੋਂ ਉਸ ਸਮੇਂ ਦੂਰ ਹੋਇਆ ਜਦੋਂ ਉਹ ਸਿਰਫ 9-10 ਸਾਲ ਦਾ ਸੀ ਅਤੇ ਉਸ ਦਾ ਤਾਇਆ ਉਸ ਨੂੰ ਇਟਲੀ ਲੈ ਗਿਆ। ਉਸ ਸਮੇਂ ਉਹ 5ਵੀਂ ਕਲਾਸ ਦਾ ਵਿਦਿਆਰਥੀ ਸੀ। 3 ਸਾਲਾਂ ਤੱਕ ਉਥੇ ਰਹਿਣ ਤੋਂ ਬਾਅਦ 8ਵੀਂ ਤੱਕ ਦੀ ਪੜ੍ਹਾਈ ਕੀਤੀ, ਜਿਸ ਤੋਂ ਬਾਅਦ ਵਾਪਸ ਭਾਰਤ ਆ ਗਿਆ। 1 ਸਾਲ ਤੱਕ ਦੇਸ਼ ਵਿਚ ਰਹਿਣ ਤੋਂ ਬਾਅਦ ਫਿਰ ਇਟਲੀ ਚਲਾ ਗਿਆ।
ਹਰਦੀਪ ਦੇ ਪਿਤਾ ਨੇ ਕਿਹਾ ਕਿ ਘਰ ਦੇ ਮਾੜੇ ਹਾਲਾਤ ਦੇ ਚੱਲਦੇ ਉਨ੍ਹਾਂ ਦਾ ਭਰਾ ਹਰਦੀਪ ਨੂੰ ਇਟਲੀ ਲੈ ਗਿਆ ਅਤੇ ਉਹ ਸਾਊਦੀ ਅਰਬ 'ਚ ਕੰਮ ਕਰਨ ਲਈ ਚਲੇ ਗਏ। ਇਸ ਵਕਫੇ ਦੌਰਾਨ ਉਹ ਦੋ ਵਾਰ ਦੇਸ਼ ਪਰਤੇ ਅਤੇ ਇਕ ਵਾਰ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਹ ਵਾਪਸ ਪਰਤ ਆਏ। ਉਨ੍ਹਾਂ ਕਿਹਾ ਕਿ ਸਾਨੂੰ ਨਹੀਂ ਪਤਾ ਸੀ ਕਿ ਆਪਣੇ ਜਿਸ ਪੁੱਤਰ ਨੂੰ ਉਹ ਚੰਗੇ ਭਵਿੱਖ ਲਈ ਵਿਦੇਸ਼ ਭੇਜ ਰਹੇ ਹਨ, ਉਹ ਇਕ ਦਿਨ ਅਜਿਹੇ ਹਾਲਾਤ ਵਿਚ ਫਸ ਜਾਵੇਗਾ। ਪਿਤਾ ਨੇ ਕਿਹਾ ਕਿ ਭਾਵੇਂ ਹਰਦੀਪ ਆਪਣੇ ਤਾਏ ਨਾਲ ਇਟਲੀ ਵਿਚ ਰਹਿ ਰਿਹਾ ਸੀ ਪਰ ਪਿਛਲੇ ਕੁਝ ਸਮੇਂ ਤੋਂ ਦੋਵਾਂ ਵਿਚ ਮਤਭੇਦਾਂ ਕਾਰਨ ਉਹ ਉਸ ਤੋਂ ਅਲੱਗ ਹੋ ਗਿਆ ਸੀ। ਦੋ ਸਾਲ ਪਹਿਲਾਂ ਹਰਦੀਪ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਆਪਣੇ ਦਮ 'ਤੇ ਸਟੈਂਡ ਹੋਣਾ ਚਾਹੁੰਦਾ ਹੈ ਜਿਸ ਕਾਰਨ ਉਹ ਵਾਲ ਕਟਵਾ ਰਿਹਾ ਹੈ ਕਿਉਂਕਿ ਉਸ ਨੂੰ ਕੇਸਾਂ ਕਰਕੇ ਨੌਕਰੀ ਨਹੀਂ ਮਿਲ ਰਹੀ। ਇਸ ਦੌਰਾਨ ਜਦੋਂ ਉਨ੍ਹਾਂ ਉਸ ਤੋਂ ਪੁੱਛਿਆ ਕਿ ਉਹ ਇਟਲੀ ਵਿਚ ਕੀ ਕੰਮ ਕਰ ਰਿਹਾ ਤਾਂ ਉਹ ਪਹਿਲਾਂ ਤਾਂ ਟਾਲ-ਮਟੋਲ ਕਰਦਾ ਰਿਹਾ ਅਤੇ ਫਿਰ ਕਿਹਾ ਕਿ ਉਹ ਇਲੈਕਟ੍ਰੀਸ਼ਨ ਦਾ ਕੰਮ ਕਰ ਰਿਹਾ ਹੈ। ਹਰਦੀਪ ਸ਼ੇਰਾ ਦੇ ਮਾਤਾ-ਪਿਤਾ ਨੇ ਕਿਹਾ ਕਿ ਭਾਵੇਂ ਸਾਨੂੰ ਪੁਲਸ ਵਲੋਂ ਕਿਸੇ ਤਰ੍ਹਾਂ ਦਾ ਤੰਗ ਪ੍ਰੇਸ਼ਾਨ ਨਹੀਂ ਕੀਤਾ ਗਿਆ ਪਰ ਅਜੇ ਵੀ ਉਨ੍ਹਾਂ ਨੂੰ ਯਕੀਨ ਨਹੀਂ ਆ ਰਿਹਾ ਕਿ ਉਨ੍ਹਾਂ ਦਾ ਪੁੱਤਰ ਪੰਜਾਬ ਵਿਚ ਹੋਏ ਕਤਲ ਮਾਮਲਿਆਂ ਵਿਚ ਸ਼ਾਮਲ ਸੀ।


Related News