ਪਾਵਨ ਸਰੂਪਾਂ ਦੇ ਮਾਮਲੇ ''ਚ ਸ੍ਰੀ ਅਕਲ ਤਖ਼ਤ ਨੂੰ ਢਾਹ ਲਾਉਣ ਵਾਲੀ ਕਦੇ ਸਫ਼ਲ ਨਹੀਂ ਹੋਣਗੇ : ਢਿੱਲੋਂ
Sunday, Sep 06, 2020 - 02:21 PM (IST)
ਮਾਛੀਵਾੜਾ ਸਾਹਿਬ (ਟੱਕਰ) : ਵਿਧਾਨ ਸਭਾ ’ਚ ਅਕਾਲੀ ਵਿਧਾਇਕਾਂ ਦੇ ਆਗੂ ਅਤੇ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਪਾਵਨ ਸਰੂਪਾਂ ਦੇ ਮਾਮਲੇ ’ਚ ਕੁੱਝ ਲੋਕ ਕੋਝੀ ਸਿਆਸਤ ਕਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਨ੍ਹਾਂ ’ਚ ਉਹ ਕਦੇ ਸਫ਼ਲ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਕੁੱਝ ਪੰਥ ਦੋਖੀ ਤਾਕਤਾਂ ਜਿਨ੍ਹਾਂ ਨੂੰ ਨਾ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਪਿਆਰ ਹੈ ਅਤੇ ਨਾ ਹੀ ਦਰਬਾਰ ਸਾਹਿਬ ਨਾਲ, ਉਹ ਸਿਰਫ ਸਿਆਸਤ ਕਰਕੇ ਪਾਵਨ ਸਰੂਪਾਂ ਦੇ ਮਾਮਲੇ ’ਚ ਪੁਲਸ ਤੋਂ ਪਰਚੇ ਦਰਜ ਕਰਵਾਉਣਾ ਚਾਹੁੰਦੇ ਹਨ ਅਤੇ ਮੁੜ ਸਿੱਖੀ ਮਰਿਆਦਾ ਨੂੰ ਢਾਹ ਲਗਾਉਣਾ ਚਾਹੁੰਦੇ ਹਨ।
ਵਿਧਾਇਕ ਢਿੱਲੋਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪਾਵਨ ਸਰੂਪਾਂ ਦੇ ਮਾਮਲੇ ’ਚ ਪਰਚੇ ਦਰਜ ਨਾ ਕਰਵਾਉਣ ਦਾ ਬਹੁਤ ਹੀ ਸ਼ਲਾਘਾਯੋਗ ਫ਼ੈਸਲਾ ਲਿਆ ਹੈ ਕਿਉਂਕਿ ਸ਼੍ਰੋਮਣੀ ਕਮੇਟੀ ਨੇ ਅਕਾਲ ਤਖ਼ਤ ਸਾਹਿਬ ਦੀ ਸਰਵ ਉੱਚਤਾ ਦੇ ਰਵਾਇਤਾਂ ਨੂੰ ਬਰਕਰਾਰ ਰੱਖਿਆ ਅਤੇ ਪੰਥ ਦੇ ਹਮਦਰਦੀ ਬਣ ਦਰਬਾਰ ਸਾਹਿਬ ਦੀ ਮਰਿਆਦਾ ਨੂੰ ਵੀ ਢਾਹ ਨਹੀਂ ਲੱਗਣ ਦਿੱਤੀ। ਉਨ੍ਹਾਂ ਕਿਹਾ ਕਿ ਕੁਝ ਸਿਆਸੀ ਲੋਕਾਂ ਦਾ ਇਹ ਕੰਮ ਹੈ ਕਿ ਅਕਾਲ ਤਖ਼ਤ ਸਾਹਿਬ ਤੇ ਦਰਬਾਰ ਸਾਹਿਬ ਦੇ ਨਾਮ ’ਤੇ ਸਿਆਸਤ ਕੀਤੀ ਜਾਵੇ, ਜਿਸ ਨੂੰ ਕਿ ਸ਼੍ਰੋਮਣੀ ਕਮੇਟੀ ਨੇ ਨਾ ਸਫ਼ਲ ਹੋਣ ਦਿੱਤਾ ਅਤੇ ਨਾ ਹੀ ਕਦੇ ਹੋਣ ਦੇਵੇਗੀ।