ਕਾਂਗਰਸ ਦੀਆਂ ਮਾੜੀਆਂ ਨੀਤੀਆਂ ਕਾਰਣ ਕਿਸਾਨਾਂ ਦੀ ਫਸਲ ਰੁਲਣ ਲੱਗੀ : ਢਿੱਲੋਂ

Wednesday, Apr 22, 2020 - 04:41 PM (IST)

ਕਾਂਗਰਸ ਦੀਆਂ ਮਾੜੀਆਂ ਨੀਤੀਆਂ ਕਾਰਣ ਕਿਸਾਨਾਂ ਦੀ ਫਸਲ ਰੁਲਣ ਲੱਗੀ : ਢਿੱਲੋਂ

ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) : ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਸਭਾ 'ਚ ਵਿਰੋਧੀ ਧਿਰ ਨੇਤਾ ਅਤੇ ਹਲਕਾ ਸਾਹਨੇਵਾਲ ਤੋਂ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਦੇਸ਼ ਦਾ ਅੰਨਦਾਤਾ ਕਹਾਉਣ ਵਾਲਾ ਪੰਜਾਬ ਦਾ ਕਿਸਾਨ ਪਹਿਲਾਂ ਹੀ ਆਰਥਿਕ ਮੰਦਹਾਲੀ ’ਚੋਂ ਲੰਘ ਰਿਹਾ ਹੈ ਅਤੇ ਉੱਪਰੋਂ ਕੋਰੋਨਾ ਵਾਇਰਸ ਕਾਰਣ ਕਾਂਗਰਸ ਸਰਕਾਰ ਨੇ ਜੋ ਫਸਲ ਖਰੀਦਣ ਦੀ ਨੀਤੀ ਅਪਣਾਈ ਸੀ, ਉਹ ਬੁਰੀ ਤਰ੍ਹਾਂ ਫਲਾਪ ਹੋ ਗਈ ਸੀ, ਜਿਸ ਕਾਰਣ ਕਿਸਾਨਾਂ ਦੀ ਫਸਲ ਰੁਲ੍ਹ ਰਹੀ ਹੈ।
ਵਿਧਾਇਕ ਢਿੱਲੋਂ ਨੇ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਕਣਕ ਦੀ ਫਸਲ ਖਰੀਦਣ ਲਈ ਜੋ ਨੀਤੀ ਅਪਨਾਉਣੀ ਚਾਹੀਦੀ ਸੀ, ਉਸ ’ਚ ਆੜ੍ਹਤੀਆਂ ਤੇ ਕਿਸਾਨਾਂ ਤੋਂ ਮਸ਼ਵਰਾ ਲੈਣਾ ਜ਼ਰੂਰੀ ਸੀ ਪਰ ਇਸ ਸਰਕਾਰ ਦੇ ਮੰਤਰੀ ਤੇ ਅਧਿਕਾਰੀ ਦਫ਼ਤਰਾਂ ’ਚ ਬੈਠ ਕੇ ਮਾੜੀਆਂ ਨੀਤੀਆਂ ਬਣਾ ਰਹੇ ਹਨ, ਜਿਸ ਦਾ ਖਮਿਆਜ਼ਾ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਹਾਲਾਤ ਇਹ ਹੋ ਗਏ ਹਨ ਕਿ ਆੜ੍ਹਤੀ ਫਸਲੀ ਟੋਕਨ ਲੈਣ ਲਈ ਸਰਕਾਰੀ ਦਫ਼ਤਰਾਂ ਦੀਆਂ ਠੋਕਰਾਂ ਖਾ ਰਹੇ ਹਨ ਅਤੇ ਕਿਸਾਨ ਸਖ਼ਤ ਮੁਸ਼ੱਕਤ ਨਾਲ ਤਿਆਰ ਕੀਤੀ ਆਪਣੀ ਫਸਲ ਵੇਚਣ ਲਈ ਮੰਡੀਆਂ ’ਚ ਰੁਲ੍ਹ ਰਿਹਾ ਹੈ।
ਵਿਧਾਇਕ ਢਿੱਲੋਂ ਨੇ ਕਿਹਾ ਕਿ ਕਾਂਗਰਸ ਸਰਕਾਰ ਨੂੰ ਕਿਸਾਨਾਂ ਦੀ ਫਸਲ ਖਰੀਦਣ ਲਈ ਸਰਲ ਨੀਤੀ ਅਪਨਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਕਾਰਣ ਅੱਜ ਕਿਸਾਨਾਂ ਤੋਂ ਇਲਾਵਾ ਵਪਾਰੀ ਤੇ ਮਜ਼ਦੂਰ ਵਰਗ ਵੀ ਸਰਕਾਰ ਅੱਗੇ ਆਸ ਲਗਾਈ ਬੈਠਾ ਹੈ ਕਿ ਕੁੱਝ ਰਾਹਤ ਮਿਲੇਗੀ ਪਰ ਅਜੇ ਤੱਕ ਕੇਂਦਰ ਸਰਕਾਰ ਨੇ ਹੀ ਗਰੀਬਾਂ ਤੇ ਕਿਸਾਨਾਂ ਦੇ ਖਾਤਿਆਂ ’ਚ ਪੈਸੇ ਪਾਏ, ਜਦੋਂ ਕਿ ਸੂਬਾ ਸਰਕਾਰ ਨੇ ਕੋਈ ਵੀ ਵੱਡੀ ਰਾਹਤ ਦੇਣ ਦਾ ਐਲਾਨ ਨਾ ਕੀਤਾ ਜੋ ਬੜਾ ਮੰਦਭਾਗਾ ਹੈ।
 


author

Babita

Content Editor

Related News