ਕਬੂਤਰਾਂ ਦੀ ''ਗੁਟਰਗੂੰ-ਗੁਟਰਗੂੰ'' ਨਾਲ ਗੂੰਜਦਾ ਹੈ ਸ਼ਾਮਚੁਰਾਸੀ ਦਾ ਸੰਗੀਤਕ ਆਡੀਟੋਰੀਅਮ

Friday, Aug 04, 2017 - 04:56 PM (IST)


ਸ਼ਾਮਚੁਰਾਸੀ(ਚੁੰਬਰ) - ਪੰਜਾਬ ਦੇ ਪ੍ਰਸਿੱਧ ਸੰਗੀਤ ਘਰਾਣਿਆਂ ਵਿਚ ਸ਼ੁਮਾਰ ਸ਼ਾਮਚੁਰਾਸੀ ਸੰਗੀਤ ਘਰਾਣੇ ਦਾ ਨਾਂ ਵੀ ਬੜੇ ਸਤਿਕਾਰ ਨਾਲ ਸੰਗੀਤ ਪ੍ਰੇਮੀਆਂ ਵੱਲੋਂ ਲਿਆ ਜਾਂਦਾ ਹੈ। ਇਸ ਸੰਗੀਤ ਘਰਾਣੇ ਦੀ ਵਿਰਾਸਤ ਨਜ਼ਾਕਤ ਅਲੀ-ਸਲਾਮਤ ਅਲੀ ਵਰਗੇ ਸੰਸਾਰ ਪ੍ਰਸਿੱਧ ਗਵੱਈਏ ਆਪਣੇ ਨਾਲ ਹੀ ਲਪੇਟ ਕੇ ਪਾਕਿਸਤਾਨ ਵੰਡ ਵੇਲੇ ਲੈ ਗਏ ਪਰ ਇਕ ਸਮੇਂ ਕੇਂਦਰ ਦੀ ਸਰਕਾਰ ਨੇ ਇਨ੍ਹਾਂ ਸੰਗੀਤ ਘਰਾਣਿਆਂ ਅਤੇ ਵਿਰਾਸਤੀ ਸਥਾਨਾਂ ਨੂੰ ਇਕ ਯਾਦਗਾਰਾਂ ਵਜੋਂ ਸਥਾਪਿਤ ਕਰਨ ਦਾ ਸੰਕਲਪ ਲਿਆ ਜਿਸ ਤਹਿਤ ਸ਼ਾਮਚੁਰਾਸੀ ਵਿਖੇ ਸਪੈਸ਼ਲ ਟੂਰਿਜ਼ਮ ਡੈਸਟੀਨੇਸ਼ਨ (ਸ਼ਾਮੀ ਸ਼ਾਹ ਮਜ਼ਾਰ ਸ਼ਾਮਚੁਰਾਸੀ) ਨਾਂ ਦੀ ਇਮਾਰਤ ਸ਼ਾਮਚੁਰਾਸੀ ਵਿਖੇ 43 ਲੱਖ ਦੇ ਕਰੀਬ ਸਰਕਾਰੀ ਗ੍ਰਾਂਟ ਨਾਲ ਉਸਾਰੀ ਗਈ। ਭਾਵੇਂ ਗ੍ਰਾਂਟ ਅੰਬਿਕਾ ਸੋਨੀ ਸਾਬਕਾ ਕੇਂਦਰ ਮੰਤਰੀ ਵੱਲੋਂ ਜਾਰੀ ਕੀਤੀ ਗਈ ਸੀ, ਪਰ ਇਸ ਦਾ ਨੀਂਹ ਪੱਥਰ ਅਕਾਲੀ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ 2008 ਵਿਚ ਰੱਖਿਆ ਗਿਆ। ਬੜੀ ਤੇਜ਼ੀ ਨਾਲ ਇਸ ਬਿਲਡਿੰਗ ਦਾ ਨਿਰਮਾਣ ਹੋਇਆ, ਜਿਸ ਦਾ 9 ਸਤੰਬਰ 2009 ਨੂੰ ਡਿਪਟੀ ਕਮਿਸ਼ਨਰ ਦੀ ਦੇਖ-ਰੇਖ ਹੇਠ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਵੱਲੋਂ ਉਦਘਾਟਨ ਕੀਤਾ ਗਿਆ। ਇਸ ਬਿਲਡਿੰਗ ਵਿਚ ਸੰਗੀਤ ਦੀ ਵਿਰਾਸਤ ਨਾਲ ਕੋਈ ਵੀ ਵੰਨਗੀ ਨਹੀਂ ਹੈ। ਕੇਵਲ ਇਸ ਦੇ ਸਾਈਨ ਬੋਰਡ ਹੀ ਸੰਗੀਤ ਆਡੀਟੋਰੀਅਮ ਦਾ ਨਾਮਕਰਨ ਕਰਦੇ ਹਨ। 
ਇਸ ਬਿਲਡਿੰਗ ਵਿਚ ਭਾਵੇਂ ਕੋਈ ਸੰਗੀਤਕ ਪ੍ਰੋਗਰਾਮ ਅੱਜ ਤੱਕ ਸੰਗੀਤ ਪ੍ਰੇਮੀਆਂ ਨੂੰ ਦੇਖਣ ਜਾਂ ਸੁਣਨ ਨੂੰ ਨਹੀਂ ਮਿਲਿਆ ਪਰ ਹੁਣ ਇਥੇ ਜੰਗਲੀ ਕਬੂਤਰਾਂ ਦੇ ਗੁਟਰਗੂੰ-ਗੁਟਰਗੂੰ ਦੇ ਸੰਗੀਤ ਦਾ ਹੀ ਬੋਲਬਾਲਾ ਹੈ। ਇਸ ਤੋਂ ਇਲਾਵਾ ਇਹ 99 ਸੀਟਾਂ ਵਾਲਾ ਆਡੀਟੋਰੀਅਮ ਲੋਕਾਂ ਲਈ ਇਕ ਰਹੱਸ ਹੀ ਹੈ ਜਿਸ ਦੇ ਉਨ੍ਹਾਂ ਕਦੇ ਤਾਕੀਆਂ ਦਰਵਾਜ਼ੇ ਖੁੱਲ੍ਹੇ ਨਹੀਂ ਦੇਖੇ। ਬਿਲਡਿੰਗ ਦੀ ਦੁਰਦਸ਼ਾ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਸ ਦੀ ਸਫ਼ਾਈ ਇਸ ਦੇ ਬਣਨ ਤੋਂ ਬਾਅਦ ਕਦੇ ਨਹੀਂ ਹੋਈ।  ਚਾਰ ਚੁਫ਼ੇਰਾ ਘਾਹ ਬੂਟੀ ਨੇ ਘੇਰ ਰੱਖਿਆ ਹੈ। ਬਿਜਲੀ ਦੇ ਪ੍ਰਬੰਧ ਨਾਕਸ ਹਨ। ਬਿਨਾਂ ਮੀਟਰ ਦੇ ਤਾਰਾਂ ਖਿੱਲਰੀਆਂ ਰਹਿੰਦੀਆਂ ਹਨ। ਗਟਰ ਦਾ ਢੱਕਣ ਤੱਕ ਗਾਇਬ ਹੈ। ਦਰਵਾਜ਼ਿਆਂ ਦੇ ਸ਼ੀਸ਼ੇ ਟੁੱਟ ਚੁੱਕੇ ਹਨ, ਜਿਥੋਂ ਦੀ ਸਮਾਜ ਵਿਰੋਧੀ ਅਨਸਰ ਇਸ ਦੇ ਅੰਦਰ ਵੜ ਕੇ ਨਸ਼ੇ ਆਦਿ ਅਕਸਰ ਕਰਦੇ ਹਨ। ਇਸ ਦੀ ਬਿਲਡਿੰਗ ਦੇ ਉੱਪਰ 10 ਫੁੱਟ ਦੇ ਕਰੀਬ ਇਕ ਪਿੱਪਲ ਉੱਗਿਆ ਹੋਇਆ ਹੈ ਜਿਸ ਦੀ ਜੇਕਰ ਕਟਾਈ ਨਾ ਹੋਈ ਤਾਂ ਉਹ ਉਕਤ ਬਿਲਡਿੰਗ ਨੂੰ ਦੋਫਾੜ ਕਰਨ ਵਿਚ ਸ਼ਾਇਦ ਥੋੜ੍ਹਾ ਹੀ ਸਮਾਂ ਲਾਵੇਗਾ। 
ਇਸ ਸਬੰਧੀ ਬਾਬਾ ਪ੍ਰਿਥੀ ਸਿੰਘ ਬਾਲੀ ਪ੍ਰਧਾਨ ਦਰਬਾਰ ਬਾਬਾ ਸ਼ਾਮੀ ਸ਼ਾਹ, ਰਾਮ ਪ੍ਰਕਾਸ਼ ਪਾਸ਼ੀ ਸਮੇਤ ਕਈਆਂ ਨੇ ਦੱਸਿਆ ਕਿ ਇਸ ਇਮਾਰਤ ਦਾ ਸ਼ਾਮਚੁਰਾਸੀ ਦੇ ਲੋਕਾਂ ਜਾਂ ਸੰਗੀਤ ਘਰਾਣੇ ਨੂੰ ਕੋਈ ਵੀ ਲਾਭ ਨਹੀਂ ਹੈ। ਇਹ ਬਿਲਡਿੰਗ ਲੋਕਾਂ ਲਈ ਚਿੱਟਾ ਹਾਥੀ ਹੀ ਸਾਬਤ ਹੋ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੀਆਂ ਇਮਾਰਤਾਂ ਵਿਚ ਸੰਗੀਤ ਘਰਾਣਿਆਂ ਦੀ ਵਿਰਾਸਤ ਨੂੰ ਅੱਗੇ ਵਧਾਉਣ ਲਈ ਸਾਰਥਿਕ ਕਦਮ ਚੁੱਕੇ ਜਾਣੇ ਚਾਹੀਦੇ ਸਨ। ਜਦੋਂ ਇਸ ਬਿਲਡਿੰਗ ਦੇ ਪ੍ਰਬੰਧਕੀ ਵਿਭਾਗ ਨਗਰ ਕੌਂਸਲ ਦਫ਼ਤਰ ਸ਼ਾਮਚੁਰਾਸੀ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਨਗਰ ਕੌਂਸਲ ਦੇ ਪ੍ਰਧਾਨ ਭਗਤ ਰਾਮ, ਕੁਲਜੀਤ ਸਿੰਘ ਹੁੰਦਲ ਆਦਿ ਨੇ ਕਿਹਾ ਕਿ ਉਕਤ ਆਡੀਟੋਰੀਅਮ ਦੀ ਸਾਫ਼-ਸਫ਼ਾਈ ਕਰਵਾਉਣ ਲਈ ਪੱਕਾ ਪ੍ਰਬੰਧ ਕਰਨਾ ਮੁਸ਼ਕਿਲ ਹੈ। ਉਹ ਕਦੇ ਕਦਾਈਂ ਜਦ ਕੋਈ ਉਥੇ ਪ੍ਰੋਗਰਾਮ ਹੋਣਾ ਹੋਵੇ ਤਾਂ ਉਹ ਆਪਣਾ ਕੋਈ ਕਰਿੰਦਾ ਭੇਜ ਕੇ ਸਫ਼ਾਈ ਕਰਵਾਉਂਦੇ ਹਨ।  


Related News