ਸ਼ੰਭੂ ਬਾਰਡਰ ਤੋਂ ਪਰਤ ਰਹੇ ਕਿਸਾਨ ਨਾਲ ਵਾਪਰ ਗਿਆ ਭਿਆਨਕ ਹਾਦਸਾ
Wednesday, Dec 11, 2024 - 05:10 PM (IST)
 
            
            ਬਨੂੜ (ਗੁਰਪਾਲ) : ਸ਼ੰਭੂ ਬਾਰਡਰ ਤੋਂ ਆਪਣੇ ਪਿੰਡ ਜੰਗਪੁਰਾ ਵਾਪਸ ਮੋਟਰਸਾਈਕਲ 'ਤੇ ਪਰਤ ਰਹੇ ਕਿਸਾਨ ਦੇ ਸੜਕ ਹਾਦਸੇ ਵਿਚ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਮੋਹਾਲੀ ਦੇ ਪ੍ਰਧਾਨ ਤਰਲੋਚਨ ਸਿੰਘ ਨਡਿਆਲੀ ਨੇ ਦੱਸਿਆ ਕਿ ਪਿੰਡ ਜੰਗਪੁਰਾ ਦਾ ਕਿਸਾਨ ਹਰਜਿੰਦਰ ਸਿੰਘ ਭੂਰਾ ਪੁੱਤਰ ਅਜੀਤ ਸਿੰਘ ਜੋ ਕਿ ਜਥੇਬੰਦੀ ਦਾ ਸੀਨੀਅਰ ਆਗੂ ਸੀ ਅਤੇ ਕਿਸਾਨੀ ਸੰਘਰਸ਼ ਨਾਲ ਸ਼ੁਰੂ ਤੋਂ ਹੀ ਜੁੜਿਆ ਹੋਇਆ ਸੀ । ਉਨ੍ਹਾਂ ਦੱਸਿਆ ਕਿ 13 ਫਰਵਰੀ ਤੋਂ ਸ਼ੰਭੂ ਬਾਰਡਰ 'ਤੇ ਸ਼ੁਰੂ ਹੋਏ ਸੰਘਰਸ਼ ਵਿਚ ਕਿਸਾਨ ਹਰਜਿੰਦਰ ਸਿੰਘ ਰੋਜ਼ਾਨਾ ਹਾਜ਼ਰੀ ਲਵਾਉਂਦਾ ਸੀ ਅਤੇ ਰੋਜ਼ਾਨਾ ਵਾਂਗ ਜਦੋਂ ਉਹ ਬੀਤੇ ਦਿਨੀਂ ਵਾਪਸ ਮੋਟਰਸਾਈਕਲ 'ਤੇ ਆਪਣੇ ਪਿੰਡ ਪਰਤ ਰਿਹਾ ਸੀ ਤਾਂ ਬਨੂੜ ਤੋਂ ਤੇਪਲਾ ਨੂੰ ਜਾਂਦੇ ਕੌਮੀ ਮਾਰਗ 'ਤੇ ਸਥਿਤ ਪਿੰਡ ਚੰਗੇਰਾ ਦੇ ਨਜ਼ਦੀਕ ਕਿਸੇ ਅਣਪਛਾਤੇ ਟਰੱਕ ਵੱਲੋਂ ਮੋਟਰਸਾਈਕਲ ਨੂੰ ਭਿਆਨਕ ਟੱਕਰ ਮਾਰੀ।
ਇਸ ਹਾਦਸੇ ਵਿਚ ਮੋਟਰਸਾਈਕਲ ਸਵਾਰ ਕਿਸਾਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ, ਜਿਸ ਨੂੰ ਚੁੱਕ ਕੇ ਰਾਹਗੀਰਾਂ ਨੇ ਬਨੂੜ ਦੇ ਸਰਕਾਰੀ ਹਸਪਤਾਲ ਵਿਖੇ ਭਰਤੀ ਕਰਵਾਇਆ। ਜਿੱਥੇ ਡਾਕਟਰਾਂ ਨੇ ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਚੰਡੀਗੜ੍ਹ ਦੇ ਸੈਕਟਰ 32 'ਚ ਸਥਿਤ ਹਸਪਤਾਲ ਵਿਖੇ ਰੈਫਰ ਕਰ ਦਿੱਤਾ। ਜਿੱਥੇ ਉਸਦੀ ਹਾਲਤ ਅਤਿ ਗੰਭੀਰ ਬਣੀ ਹੋਈ ਹੈ। ਇਸ ਹਾਦਸੇ ਨੂੰ ਅੰਜਾਮ ਦੇਣ ਵਾਲਾ ਚਾਲਕ ਵਾਹਨ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ। ਜ਼ਖਮੀ ਕਿਸਾਨ ਦੇ ਪਰਿਵਾਰ ਨਾਲ ਕਿਸਾਨ ਆਗੂ ਕਿਰਪਾਲ ਸਿੰਘ ਸਿਆਊ, ਨੰਬਰਦਾਰ ਸਤਨਾਮ ਸਿੰਘ ਸੱਤਾ ਖਲੌਰ, ਜੱਗੀ ਕਰਾਲਾ, ਗੁਰਪ੍ਰੀਤ ਸਿੰਘ ਸੇਖਣ ਮਾਜਰਾ, ਸਰਪੰਚ ਲੱਖੀ ਕਰਾਲਾ, ਤੇਜਿੰਦਰ ਸਿੰਘ ਪੂਨੀਆਂ, ਯਾਦਵਿੰਦਰ ਸ਼ਰਮਾ ਤੋਂ ਇਲਾਵਾ ਹੋਰ ਕਿਸਾਨ ਆਗੂਆਂ ਨੇ ਹਾਲ ਚਾਲ ਪੁੱਛਿਆ।

 
                     
                             
                             
                             
                             
                             
                             
                             
                             
                             
                             
                             
                             
                            