‘ਇੰਡਸਟਰੀ ਡਿਪਾਰਟਮੈਂਟ ’ਚ ਬਹੁ-ਕਰੋੜੀ ਘਪਲੇ ਲਈ ਸ਼ਾਮ ਸੁੰਦਰ ਅਰੋੜਾ ਸਿੱਧੇ ਤੌਰ ’ਤੇ ਜ਼ਿੰਮੇਵਾਰ : ਤੀਕਸ਼ਣ ਸੂਦ’
Thursday, Jan 07, 2021 - 10:28 PM (IST)
ਚੰਡੀਗੜ੍ਹ,(ਰਮਨਜੀਤ)- ਸੂਬਾ ਭਾਜਪਾ ਦੇ ਸੀਨੀਅਰ ਨੇਤਾ ਅਤੇ ਪੰਜਾਬ ਦੇ ਸਾਬਕਾ ਮੰਤਰੀ ਤੀਕਸ਼ਣ ਸੂਦ ਨੇ ਪੰਜਾਬ ਦੇ ਇੰਡਸਟਰੀ ਡਿਪਾਰਟਮੈਂਟ ਵਿਚ ਬਹੁ-ਕਰੋੜੀ ਘਪਲੇ ਦਾ ਦੋਸ਼ ਲਾਉਂਦੇ ਹੋਏ ਮੰਤਰੀ ਸ਼ਾਮ ਸੁੰਦਰ ਅਰੋੜਾ ਨੂੰ ਸਿੱਧੇ ਤੌਰ ’ਤੇ ਇਸ ਲਈ ਜ਼ਿੰਮੇਵਾਰ ਠਹਿਰਾਇਆ। ਸੂਦ ਨੇ ਕਾਂਗਰਸ ’ਤੇ ਕਿਸਾਨਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦੇ ਨਾਂ ’ਤੇ ਕਾਂਗਰਸ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ।
ਸੂਦ ਨੇ ਉਨ੍ਹਾਂ ਦੇ ਘਰ ਗੋਹਾ ਸੁੱਟਣ ਦੇ ਮਾਮਲੇ ਵਿਚ ਪੁਲਸ ਵਲੋਂ ਕਾਰਵਾਈ ਦੇ ਨਾਂ ’ਤੇ ਸਿਰਫ ਖਾਨਾਪੂਰਤੀ ਕੀਤੇ ਜਾਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਇਸ ਮਾਮਲੇ ਨੂੰ ਵੀ ਕਿਸਾਨਾਂ ਨਾਲ ਜ਼ਬਰਨ ਜੋੜਿਆ ਜਾ ਰਿਹਾ ਹੈ। ਇਹ ਪ੍ਰਗਟਾਵਾ ਤੀਕਸ਼ਣ ਸੂਦ ਨੇ ਸੂਬਾ ਭਾਜਪਾ ਮੁੱਖ ਦਫ਼ਤਰ ਚੰਡੀਗੜ੍ਹ ਵਿਚ ਸੂਬਾ ਜਨਰਲ ਸਕੱਤਰ ਡਾ. ਸੁਭਾਸ਼ ਸ਼ਰਮਾ ਨਾਲ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।
ਸੂਦ ਨੇ ਕਿਹਾ ਕਿ ਕਾਂਗਰਸ ਨੇ ਕਿਸਾਨਾਂ ਸਮੇਤ ਸੂਬੇ ਦੀ ਜਨਤਾ ਨਾਲ ਵੀ ਧੋਖਾ ਕੀਤਾ ਹੈ। ਕਿਸਾਨਾਂ ਨੂੰ ਉਨ੍ਹਾਂ ਦਾ ਕਰਜ਼ਾ ਮੁਆਫ਼ ਕਰਨ ਲਈ ਕਹਿ ਕੇ ਉਨ੍ਹਾਂ ਦੇ ਕਰਜ਼ੇ ਮੁਆਫ਼ ਨਹੀਂ ਕੀਤੇ ਅਤੇ ਕਿਸਾਨ ਸੜਕਾਂ ’ਤੇ ਆਉਣ ਲਈ ਮਜ਼ਬੂਰ ਹੋ ਗਏ। ਲੋਕਾਂ ਨਾਲ ਘਰ-ਘਰ ਰੋਜ਼ਗਾਰ ਦੇਣ ਦਾ ਕੀਤਾ ਵਾਅਦਾ ਝੂਠ ਨਿਕਲਿਆ। ਹਰ ਤਰ੍ਹਾਂ ਦੀਆਂ ਪੈਨਸ਼ਨ ਯੋਜਨਾਵਾਂ ਬੰਦ ਕਰ ਦਿੱਤੀਆਂ।
ਉਦਯੋਗ ਮੰਤਰੀ ’ਤੇ ਦੋਸ਼ ਲਾਉਂਦੇ ਹੋਏ ਸੂਦ ਨੇ ਕਿਹਾ ਕਿ ਉਦਯੋਗ ਮੰਤਰੀ ਇੰਡਸਟਰੀ ਪਲਾਟਾਂ ਦੇ ਘੋਟਾਲੇ ਵਿਚ ਸ਼ਾਮਲ ਹਨ। ਉਨ੍ਹਾਂ ਦੋਸ਼ ਲਾਇਆ ਕਿ ਇੱਕ ਉਦਯੋਗ ਲਈ ਸਰਕਾਰੀ ਪਲਾਟ ਜੋ ਕਿਸੇ ਨੂੰ ਅਲਾਟ ਕੀਤਾ ਗਿਆ, ਨੂੰ ਕਈ-ਕਈ ਜਗ੍ਹਾ ’ਤੇ ਵੇਚਿਆ ਗਿਆ ਅਤੇ ਕਰੋੜਾਂ ਦਾ ਹੇਰਫੇਰ ਕੀਤਾ ਗਿਆ। ਜਦੋਂਕਿ ਇਕ ਹੋਰ ਮੰਤਰੀ ਸਾਧੂ ਸਿੰਘ ਧਰਮਸੌਤ ਨੇ 63.91 ਕਰੋੜ ਦੀ ਵਿਦਿਆਰਥੀਆਂ ਦੇ ਵਜ਼ੀਫੇ ਦੀ ਰਾਸ਼ੀ ਅਧਿਕਾਰੀਆਂ ਨਾਲ ਮਿਲ ਕੇ ਘੋਟਾਲਾ ਕੀਤਾ। ਸੂਦ ਨੇ ਕਿਹਾ ਕਿ ਲੋਕਾਂ ਨੂੰ ਹਰ ਤਰ੍ਹਾਂ ਲੁੱਟਣ ਵਿਚ ਕਾਂਗਰਸੀ ਨੇਤਾਵਾਂ ਦੀ ਭੂਮਿਕਾ ਰਹੀ ਹੈ। ਇਸ ਸਰਕਾਰ ਤੋਂ ਅੱਕੇ ਲੋਕ ਹੁਣ ਪੰਜਾਬ ਦੀ ਸੱਤਾ ਨੂੰ ਪਲਟਣ ਲਈ ਚੋਣਾਂ ਦੀ ਉਡੀਕ ਕਰ ਰਹੇ ਹਨ। ਸੂਦ ਨੇ ਦਾਅਵਾ ਕੀਤਾ ਕਿ ਸੂਬੇ ਵਿਚ ਭਾਜਪਾ ਦਾ ਸੰਗਠਨ ਬਹੁਤ ਮਜ਼ਬੂਤ ਹੈ ਅਤੇ ਲੋਕਾਂ ਦੇ ਪੂਰੇ ਸਮਰਥਨ ਨਾਲ ਭਾਜਪਾ ਚੋਣਾਂ ਵਿਚ ਜਿੱਤ ਦਾ ਝੰਡਾ ਲਹਿਰਾ ਕੇ ਸੂਬੇ ਦੀ ਸੱਤਾ ਹਾਸਲ ਕਰੇਗੀ।