ਵੱਡੀ ਖ਼ਬਰ: ਸ਼ਾਹਪੁਰਕੰਢੀ ਬੈਰਾਜ ਪ੍ਰਾਜੈਕਟ ਪੂਰਾ ਹੁੰਦੇ ਹੀ ਪਾਣੀ ਦੀ ਬੂੰਦ ਲਈ ਤਰਸੇਗਾ ਪਾਕਿਸਤਾਨ

Sunday, Feb 25, 2024 - 06:35 PM (IST)

ਵੱਡੀ ਖ਼ਬਰ: ਸ਼ਾਹਪੁਰਕੰਢੀ ਬੈਰਾਜ ਪ੍ਰਾਜੈਕਟ ਪੂਰਾ ਹੁੰਦੇ ਹੀ ਪਾਣੀ ਦੀ ਬੂੰਦ ਲਈ ਤਰਸੇਗਾ ਪਾਕਿਸਤਾਨ

ਗੁਰਦਾਸਪੁਰ (ਵਿਨੋਦ) :ਲੱਗਦਾ ਹੈ ਕਿ ਪਾਕਿਸਤਾਨ ਦੇ ਲੋਕਾਂ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ, ਜਿਸ ਦੇ ਵਿਚਾਲੇ ਇਕ ਹੋਰ ਖ਼ਤਰੇ ਦੀ ਘੰਟੀ ਕਿਉਂਕਿ ਭਾਰਤ ਤੋਂ ਰਾਵੀ ਦਰਿਆ ਦਾ ਪਾਣੀ ਭਵਿੱਖ ’ਚ ਪਾਕਿਸਤਾਨ ਵਿਚ ਨਹੀਂ ਜਾਣ ਵਾਲਾ, ਕਿਉਂਕਿ ਰਣਜੀਤ ਸਾਗਰ ਡੈਮ ਦੇ ਸਹਾਇਕ ਪ੍ਰਾਜੈਕਟ ਸ਼ਾਹਪੁਰ ਬੈਰਾਜ ਡੈਮ ਦਾ ਕੰਮ ਪੂਰਾ ਹੋਣ ਵਾਲਾ ਹੈ, ਜਿਹੜਾ ਪਾਣੀ ਪਾਕਿਸਤਾਨ ਨੂੰ ਜਾਣਾ ਸੀ, ਉਹ ਹੁਣ ਪੰਜਾਬ ਅਤੇ ਜੰਮੂ ਦੇ ਕਿਸਾਨਾਂ ਨੂੰ ਜਾਵੇਗਾ। ਇਸ ਨਾਲ ਦੋਵਾਂ ਸੂਬਿਆਂ ਦੇ ਕਿਸਾਨਾਂ ਦੇ ਖੇਤੀ ਖੇਤਰ ਨੂੰ ਫਾਇਦਾ ਹੋਣ ਵਾਲਾ ਹੈ। ਕਰੀਬ 29 ਸਾਲਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਭਾਰਤ ਪਾਕਿਸਤਾਨ ਵੱਲ ਵਗ ਰਹੇ ਰਾਵੀ ਦਰਿਆ ਦੇ ਵਿਅਰਥ ਪਾਣੀ ਨੂੰ ਰੋਕਣ ਵਿਚ ਪੂਰੀ ਤਰ੍ਹਾਂ ਕਾਮਯਾਬ ਹੋ ਗਿਆ ਹੈ। ਪੰਜਾਬ ਅਤੇ ਜੰਮੂ-ਕਸ਼ਮੀਰ ਦੀ ਹੱਦ ’ਤੇ ਸਥਿਤ ਸ਼ਾਹਪੁਰ ਕੰਢੀ ਬੈਰਾਜ (ਡੈਮ) ਦਾ ਕੰਮ ਪੂਰਾ ਹੋਣ ਤੋਂ ਬਾਅਦ ਹੁਣ ਰਾਵੀ ਦਰਿਆ ਦੇ ਪਾਣੀ ਦਾ ਪਾਕਿਸਤਾਨ ਵੱਲ ਵਹਾਅ ਪੂਰੀ ਤਰ੍ਹਾਂ ਰੋਕ ਦਿੱਤਾ ਗਿਆ ਹੈ। ਨਤੀਜੇ ਵਜੋਂ ਜੰਮੂ-ਕਸ਼ਮੀਰ ਦੇ ਹਿੱਸੇ ਦੇ 1150 ਕਿਊਸਿਕ ਪਾਣੀ ਹੁਣ ਨਾਲ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਕਠੂਆ ਅਤੇ ਸਾਂਬਾ ਜ਼ਿਲ੍ਹਿਆਂ ਦੀ 32 ਹਜ਼ਾਰ ਹੈਕਟੇਅਰ ਤੋਂ ਵੱਧ ਜ਼ਮੀਨ ਦੀ ਸਿੰਚਾਈ ਹੋਣ ਲੱਗੇਗੀ।

ਇਹ ਵੀ ਪੜ੍ਹੋ : ਕਿਸਾਨੀ ਅੰਦੋਲਨ ’ਚ ਸ਼ਾਮਲ ਹੋਣ ਜਾ ਰਹੇ ਨੌਜਵਾਨ ਨਾਲ ਵਾਪਰਿਆ ਭਾਣਾ, ਮਾਂ ਦਾ ਇਕੋ-ਇਕ ਸਹਾਰਾ ਸੀ ਗੁਰਜੰਟ

ਕੀ ਹੈ ਸ਼ਾਹਪੁਰ ਕੰਢੀ ਬੈਰਾਜ ਪ੍ਰੋਜੈਕਟ

ਜੇਕਰ ਦੇਖਿਆ ਜਾਵੇ ਤਾਂ ਸ਼ਿਵਾਲਿਕ ਦੀਆਂ ਪਹਾੜੀਆਂ ’ਚ ਬਣੇ ਰਣਜੀਤ ਸਾਗਰ ਡੈਮ ਦੇ ਮੁਕੰਮਲ ਹੋਣ ਤੋਂ ਬਾਅਦ ਇਸ ਤੋਂ 600 ਮੈਗਾਵਾਟ ਬਿਜਲੀ ਦਾ ਉਤਪਾਦਨ ਉਦੋਂ ਤੱਕ ਆਪਣੀ ਪੂਰੀ ਸਮਰੱਥਾ ’ਤੇ ਨਹੀਂ ਲਿਜਾਇਆ ਜਾ ਸਕਦਾ ,ਜਦੋਂ ਤੱਕ ਸ਼ਾਹਪੁਰ ਕੰਢੀ ਬੈਰਾਜ ਡੈਮ ਦਾ ਨਿਰਮਾਣ ਕਾਰਜ ਮੁਕੰਮਲ ਨਹੀਂ ਹੋ ਜਾਂਦਾ, ਕਿਉਂਕਿ ਮੌਜੂਦਾ ਸਮੇਂ ਵਿੱਚ ਰਣਜੀਤ ਸਾਗਰ ਡੈਮ ਨੂੰ ਬਿਜਲੀ ਉਤਪਾਦਨ ਦੇ ਨਾਲ-ਨਾਲ ਸਿੰਚਾਈ ਲਈ ਵਰਤਿਆ ਜਾ ਰਿਹਾ ਹੈ, ਕਿਉਂਕਿ ਸਿੰਚਾਈ ਦੇ ਉਦੇਸ਼ਾਂ ਲਈ ਪਾਣੀ ਦੀ ਨਿਕਾਸੀ ਮੈਦਾਨੀ ਖੇਤਰਾਂ ਦੀ ਮੰਗ ’ਤੇ ਨਿਰਭਰ ਕਰਦੀ ਹੈ, ਇਸ ਲਈ ਪਾਣੀ ਦੀ ਨਿਕਾਸੀ ਬਹੁਤ ਘੱਟ ਹੁੰਦੀ ਹੈ ਅਤੇ ਸਿਰਫ ਦੋ ਪਾਵਰ ਹਾਊਸ ਚਲਾਉਣੇ ਪੈਂਦੇ ਹਨ। ਚਾਰੇ ਪਾਵਰ ਹਾਊਸ ਬਹੁਤ ਘੱਟ ਵਾਰ ਚਲਾਏ ਗਏ ਹਨ। ਦਰਅਸਲ, ਸ਼ਾਹਪੁਰ ਕੰਢੀ ਬੈਰਾਜ ਡੈਮ ਦੀ ਯੋਜਨਾ ਸਾਲ 1964 ਵਿੱਚ ਹੀ ਬਣਾਈ ਗਈ ਸੀ। ਪਰ ਉਸ ਤੋਂ ਬਾਅਦ ਫੈਸਲਾ ਕੀਤਾ ਗਿਆ ਕਿ ਰਣਜੀਤ ਸਾਗਰ ਡੈਮ ਦਾ ਕੰਮ ਪੂਰਾ ਹੋਣ ਤੋਂ ਬਾਅਦ ਹੀ ਸ਼ਾਹਪੁਰ ਕੰਢੀ ਬੈਰਾਜ ਡੈਮ ਦਾ ਕੰਮ ਸ਼ੁਰੂ ਕੀਤਾ ਜਾਵੇ। ਇਸ ਲਈ ਰਣਜੀਤ ਸਾਗਰ ਡੈਮ ਦਾ ਕੰਮ ਸਾਲ 2000 ਵਿੱਚ ਪੂਰਾ ਹੋ ਗਿਆ ਸੀ।

ਬਿਜਲੀ ਉਤਪਾਦਨ ਦਾ ਸਿਰਫ਼ ਪੰਜਾਬ ਨੂੰ ਹੀ ਮਿਲੇਗਾ ਲਾਭ

ਰਾਵੀ-ਤਵੀ ਸਿੰਚਾਈ ਕੰਪਲੈਕਸ ਕਠੂਆ ਦੇ ਕਾਰਜਕਾਰੀ ਇੰਜੀਨੀਅਰ ਅਜੀਤ ਕੁਮਾਰ ਦੇ ਹਵਾਲੇ ਨਾਲ ਇਕ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪ੍ਰੋਜੈਕਟ ਲਾਗਤ ਨੂੰ ਕਈ ਵਾਰ ਸੋਧਿਆ ਗਿਆ ਸੀ। ਪਹਿਲਾਂ ਇਸ ਪ੍ਰਾਜੈਕਟ ਦੀ ਲਾਗਤ 2793 ਕਰੋੜ ਰੁਪਏ ਸੀ ਪਰ ਹੁਣ ਪ੍ਰਾਜੈਕਟ ਦੀ ਸੋਧੀ ਹੋਈ ਲਾਗਤ 3300 ਕਰੋੜ ਰੁਪਏ ਹੈ। ਇਸ ਪ੍ਰਾਜੈਕਟ ਲਾਗਤ ’ਚ 206 ਮੈਗਾਵਾਟ ਦੀ ਉਤਪਾਦਨ ਸਮਰੱਥਾ ਵਾਲੇ ਇਕ ਹਾਈਡਰੋ ਪਾਵਰ ਪ੍ਰੋਜੈਕਟ ਦਾ ਨਿਰਮਾਣ ਵੀ ਸ਼ਾਮਲ ਹੈ। ਪਾਵਰ ਹਾਊਸ ਦਾ ਨਿਰਮਾਣ ਸ਼ਾਹਪੁਰ ਕੰਢੀ ਤੋਂ ਕਰੀਬ 3 ਕਿਲੋਮੀਟਰ ਦੀ ਦੂਰੀ ’ਤੇ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਰਾਜ ਉਥੇ ਪੈਦਾ ਹੋਣ ਵਾਲੀ ਬਿਜਲੀ ਪ੍ਰਮੁੱਖ ਲਾਭਪਾਤਰੀ ਹੈ , ਜਦਕਿ ਸਮਝੌਤੇ ਦੇ ਅਨੁਸਾਰ ਜੰਮੂ-ਕਸ਼ਮੀਰ ਦਾ ਇਸ ’ਚ ਕੋਈ ਹਿੱਸਾ ਨਹੀਂ ਹੋਵੇਗਾ। ਇਸ ਪ੍ਰੋਜੈਕਟ ਤੋਂ ਪੈਦਾ ਹੋਣ ਵਾਲੀ ਬਿਜਲੀ ਦਾ ਵੱਡਾ ਲਾਭਪਾਤਰੀ ਪੰਜਾਬ ਰਾਜ ਹੋਵੇਗਾ। ਇਸ ਤੋਂ ਇਲਾਵਾ ਇਹ ਸਥਾਨ ਸੈਲਾਨੀਆਂ ਲਈ ਵੀ ਖਿੱਚ ਦਾ ਕੇਂਦਰ ਬਣੇਗਾ।

ਇਹ ਵੀ ਪੜ੍ਹੋ : ਨਾਬਾਲਗ ਬੱਚੇ ਦੀ ਪਰਿਵਾਰ ਨੂੰ ਚਿਤਾਵਨੀ, ਕਿਹਾ- 'ਪੜ੍ਹਾਈ ਤਾਂ ਕਰਾਂਗਾ ਜੇਕਰ....'

ਵਿਵਾਦਾਂ ਵਿੱਚ ਰਿਹਾ ਸ਼ਾਹਪੁਰ ਕੰਢੀ ਡੈਮ

ਪੰਜਾਬ ਅਤੇ ਜੰਮੂ-ਕਸ਼ਮੀਰ ਦੀ ਧਰਤੀ ’ਤੇ ਬਣ ਰਹੇ ਸ਼ਾਹਪੁਰ ਕੰਢੀ ਡੈਮ ਕਾਰਨ ਜੰਮੂ-ਕਸ਼ਮੀਰ ਨੂੰ ਇਸ ਸ਼ਾਹਪੁਰ ਕੰਢੀ ਡੈਮ ਤੋਂ ਪੈਦਾ ਹੋਣ ਵਾਲੀ ਕੁੱਲ ਬਿਜਲੀ ਦਾ 25 ਫੀਸਦੀ ਹਿੱਸਾ ਮਿਲਣਾ ਹੈ ਅਤੇ ਇਸ ਤੋਂ ਉੱਚ ਪੱਧਰੀ ਨਹਿਰ ਬਣਾ ਕੇ ਇਸ ਪਾਣੀ ਦੀ ਵਰਤੋਂ ਖੇਤੀ ਕੰਮਾਂ ਲਈ ਕੀਤੀ ਜਾਵੇਗੀ। ਇਹ ਡੈਮ ਜੰਮੂ ਤੱਕ ਹੈ। ਜਿਸ ਕਾਰਨ ਸ਼ਾਹਪੁਰ ਕੰਢੀ ਬੈਰਾਜ ਪ੍ਰਾਜੈਕਟ ਨੂੰ ਲੈ ਕੇ ਜੰਮੂ-ਕਸ਼ਮੀਰ ਸਰਕਾਰ ਨਾਲ ਵਿਵਾਦ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਅਤੇ ਕੁਝ ਸਾਲ ਪਹਿਲਾਂ ਹੋਈ ਉੱਚ ਪੱਧਰੀ ਮੀਟਿੰਗ ’ਚ ਸਮਝੌਤਾ ਹੋਣ ਤੋਂ ਬਾਅਦ ਕੰਮ ਮੁੜ ਸ਼ੁਰੂ ਹੋ ਗਿਆ ਹੈ।

2018 ’ਚ ਦੁਬਾਰਾ ਸ਼ੁਰੂ ਹੋਇਆ ਸੀ ਕੰਮ

ਬੈਰਾਜ ਦਾ ਕੰਮ ਪੂਰਾ ਹੋਣ ਦੇ ਨਾਲ ਹੀ ਸ਼ਾਹਪੁਰ ਵਿਚ ਝੀਲ ਬਣਨ ਦਾ ਕੰਮ ਮਹਿਜ਼ ਤਿੰਨ ਦਿਨ ਪਹਿਲਾਂ ਹੀ ਸ਼ੁਰੂ ਹੋਇਆ ਹੈ। ਇਸ ਨਾਲ ਸਿੰਧੂ ਜਲ ਸੰਧੀ ਦੇ ਅਨੁਸਾਰ ਭਾਰਤੀ ਅਧਿਕਾਰੀ ਰਾਵੀ ਦਰਿਆ ਦੀ ਵੱਧ ਤੋਂ ਵੱਧ ਵਰਤੋਂ ਕਰਨਗੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜੋ ਪਾਣੀ ਪਹਿਲਾਂ ਪੁਰਾਣੇ ਲਖਨਪੁਰ ਡੈਮ ਤੋਂ ਪਾਕਿਸਤਾਨ ਵੱਲ ਜਾਂਦਾ ਸੀ, ਹੁਣ ਉਸਦੀ ਵਰਤੋਂ ਜੰਮੂ-ਕਸ਼ਮੀਰ ਵਿਚ ਕੀਤੀ ਜਾਵੇਗੀ। ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਪੀ. ਵੀ. ਨਰਸਿਮ੍ਹਾ ਰਾਓ ਨੇ 1995 ’ਚ ਸ਼ਾਹਪੁਰ ਕੰਢੀ ਬੈਰਾਜ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਸੀ। ਜੰਮੂ-ਕਸ਼ਮੀਰ ਅਤੇ ਪੰਜਾਬ ਸਰਕਾਰ ਵਿਚਾਲੇ ਵਿਵਾਦ ਕਾਰਨ ਇਸ ਪ੍ਰਾਜੈਕਟ ਨੂੰ ਸ਼ੁਰੂ ਤੋਂ ਹੀ ਕਈ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ। ਇਸ ਪ੍ਰਾਜੈਕਟ ’ਤੇ ਕਈ ਸਾਲਾਂ ਤੱਕ ਕੰਮ ਵੀ ਰੁਕਿਆ ਹੋਇਆ ਸੀ ਅਤੇ ਬਾਅਦ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਰਾਜ ਮੰਤਰੀ ਡਾ: ਜਤਿੰਦਰ ਸਿੰਘ ਦੇ ਦਖਲ ਤੋਂ ਬਾਅਦ 2018 ਵਿਚ ਕੰਮ ਮੁੜ ਸ਼ੁਰੂ ਹੋ ਸਕਿਆ ਸੀ।

ਇਹ ਵੀ ਪੜ੍ਹੋ : ਮੁਕੇਰੀਆਂ 'ਚ ਪਹਿਲੀ 'ਸਰਕਾਰ-ਵਪਾਰ ਮਿਲਣੀ' ਦੌਰਾਨ CM ਮਾਨ ਨੇ ਆਖੀਆਂ ਵੱਡੀਆਂ ਗੱਲਾਂ

90 ਦਿਨਾਂ ’ਚ ਪੂਰੀ ਹੋ ਜਾਵੇਗੀ ਬੰਨ੍ਹ ਦੀ ਉੱਚਾਈ

2014 ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ਼ਾਹਪੁਰ ਕੰਢੀ ਪ੍ਰੋਜੈਕਟ ਅਤੇ ਇਸਦੇ ਲਾਭਾਂ ਬਾਰੇ ਜਾਣਕਾਰੀ ਦਿੱਤੀ ਗਈ ਸੀ। ਇਸ ਤੋਂ ਬਾਅਦ ਕੇਂਦਰ ਸਰਕਾਰ ਨੇ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਸੀ। ਜੰਮੂ-ਕਸ਼ਮੀਰ ’ਚ ਰਾਜਪਾਲ ਸ਼ਾਸਨ ਲਾਗੂ ਕੀਤਾ ਗਿਆ ਸੀ ਅਤੇ ਇਸ ਨੂੰ ਤੇਜ਼ੀ ਨਾਲ ਪੂਰਾ ਕਰਨ ਲਈ ਇਸਨੂੰ ਰਾਸ਼ਟਰੀ ਪ੍ਰੋਜੈਕਟ ਦਾ ਦਰਜਾ ਦਿੱਤਾ ਗਿਆ। ਰਾਵੀ-ਤਵੀ ਸਿੰਚਾਈ ਕੰਪਲੈਕਸ ਕਠੂਆ ਦੇ ਕਾਰਜਕਾਰੀ ਇੰਜੀਨੀਅਰ ਅਜੀਤ ਕੁਮਾਰ ਨੇ ਦੱਸਿਆ ਕਿ ਝੀਲ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਰਣਜੀਤ ਸਾਗਰ ਡੈਮ ਤੋਂ ਸ਼ਾਹਪੁਰ ਕੰਢੀ ਬੈਰਾਜ ਲਈ ਯੋਜਨਾਬੱਧ ਤਰੀਕੇ ਨਾਲ ਪਾਣੀ ਛੱਡਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼ਾਹਪੁਰ ਕੰਢੀ ਬੰਨ੍ਹ ਦੀ ਉਚਾਈ 90 ਦਿਨਾਂ ਦੇ ਅੰਦਰ-ਅੰਦਰ ਪੂਰੀ ਕਰ ਲਈ ਜਾਵੇਗੀ।

ਸ਼ਾਹਪੁਰ ਕੰਢੀ ਬੈਰਾਜ ਦੀ ਮੌਜੂਦਾ ਸਥਿਤੀ ਕੀ ਹੈ

ਡੈਮ ਦੇ ਸੀਨੀਅਰ ਅਧਿਕਾਰੀਆਂ ਅਨੁਸਾਰ ਸ਼ਾਹਪੁਰ ਕੰਢੀ ਬੈਰਾਜ ਡੈਮ ਪ੍ਰਾਜੈਕਟ ਤਹਿਤ ਟਰਾਇਲ ਦਾ ਕੰਮ ਸ਼ੁਰੂ ਹੋ ਗਿਆ ਹੈ। ਪਹਿਲੇ ਪੜਾਅ ਵਿੱਚ ਡੈਮ ਝੀਲ ਨੂੰ ਪਾਣੀ ਨਾਲ ਭਰ ਦਿੱਤਾ ਗਿਆ ਹੈ। ਪੰਜਾਬ ਦੇ ਵੱਖ-ਵੱਖ ਹਿੱਸਿਆਂ ’ਚ ਭੇਜ ਕੇ ਪਾਣੀ ਦੀ ਜਾਂਚ ਕੀਤੀ ਗਈ। ਅਗਲੇ ਪੜਾਅ ’ਚ 10 ਥਾਵਾਂ ’ਤੇ ਭੇਜ ਕੇ ਜਾਂਚ ਕੀਤੀ ਜਾਵੇਗੀ। ਸਫਲਤਾ ਤੋਂ ਬਾਅਦ ਇਸ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। ਜਦੋਂ ਕਿ ਇਸ ਤੋਂ ਪਹਿਲਾਂ ਰਣਜੀਤ ਸਾਗਰ ਡੈਮ ਦਾ ਜ਼ਿਆਦਾਤਰ ਡਰੇਨ ਦਾ ਪਾਣੀ ਮਾਧੋਪੁਰ ਹੈੱਡ ਵਰਕਸ ਰਾਹੀਂ ਪਾਕਿਸਤਾਨ ਨੂੰ ਜਾਂਦਾ ਸੀ। ਸ਼ਾਹਪੁਰ ਕੰਢੀ ਬੈਰਾਜ ਡੈਮ ਦੇ ਚਾਲੂ ਹੋਣ ਨਾਲ ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਖੇਤੀ ਸੈਕਟਰ ਨੂੰ ਹੁਣ ਕਾਫੀ ਫਾਇਦਾ ਹੋਵੇਗਾ, ਕਿਉਂਕਿ ਕਿਸਾਨਾਂ ਨੂੰ ਪਾਣੀ ਦੀ ਲੋੜੀਂਦੀ ਸਪਲਾਈ ਮਿਲੇਗੀ। ਕਿਸਾਨਾਂ ਨੂੰ ਹੁਣ ਸੋਕੇ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

ਇਹ ਵੀ ਪੜ੍ਹੋ : ਦੋਸਤ ਦੀ ਪਤਨੀ ਨੂੰ ਬਲੈਕਮੇਲ ਕਰਦੇ ਹੋਏ ਬਣਾਏ ਨਾਜਾਇਜ਼ ਸਬੰਧ, ਵੀਡੀਓ ਕੀਤੀ ਵਾਇਰਲ

ਬਿਜਲੀ ਉਤਪਾਦਨ ਦਾ ਕੰਮ ਸਾਲ 2025 ’ਚ ਹੋਵੇਗਾ ਸ਼ੁਰੂ

ਇਕ ਅੰਦਾਜ਼ੇ ਮੁਤਾਬਕ ਸ਼ਾਹਪੁਰਕੰਢੀ ਬੈਰਾਜ ਤੋਂ 206 ਮੈਗਾਵਾਟ ਬਿਜਲੀ ਪੈਦਾ ਹੋਵੇਗੀ, ਨਾਲ ਹੀ ਰਣਜੀਤ ਸਾਗਰ ਡੈਮ ਤੋਂ ਵੀ ਪੂਰੀ ਸਮਰੱਥਾ ਨਾਲ ਬਿਜਲੀ ਉਤਪਾਦਨ ਕੀਤਾ ਜਾ ਸਕਦਾ ਹੈ, ਜਿਸ ਨਾਲ ਪੰਜਾਬ ’ਚ ਬਿਜਲੀ ਦੀ ਕਮੀ ਦੀ ਸਮੱਸਿਆ ਹਮੇਸ਼ਾ ਲਈ ਦੂਰ ਹੋ ਜਾਵੇਗੀ। ਖੇਤੀ ਖੇਤਰ ’ਚ ਉਤਪਾਦਨ ਵਿਚ ਵਾਧਾ ਹੋਵੇਗਾ। ਦੂਜੇ ਸੂਬਿਆਂ ਤੋਂ ਬਿਜਲੀ ਲੈਣ ਦੀ ਲੋੜ ਨਹੀਂ ਪਵੇਗੀ। ਸ਼ਾਹਪੁਰਕੰਢੀ ਡੈਮ ਤੋਂ ਹਾਈ ਲੈਵਲ ਨਹਿਰ ਰਾਹੀਂ ਜੰਮੂ ਨੂੰ ਪਾਣੀ ਛੱਡਣ ਨਾਲ ਸਾਂਬਾ ਜ਼ਿਲ੍ਹੇ ਦੇ ਕਠੂਆ ’ਚ 32173 ਹੈਕਟੇਅਰ ਵਾਹੀਯੋਗ ਜ਼ਮੀਨ ਦੀ ਸਿੰਚਾਈ ਲਈ ਲੋੜੀਂਦਾ ਪਾਣੀ ਉਪਲੱਬਧ ਹੋਵੇਗਾ। ਇਸ ਯੋਜਨਾ ਦੇ ਸ਼ੁਰੂ ਹੋਣ ਨਾਲ ਪਾਕਿਸਤਾਨ ਨੂੰ ਪਾਣੀ ਦੀ ਇਕ ਬੂੰਦ ਵੀ ਨਹੀਂ ਬਚੇਗੀ, ਜਿਸ ਕਾਰਨ ਆਉਣ ਵਾਲੇ ਸਮੇਂ ’ਚ ਪਾਕਿਸਤਾਨ ਪਾਣੀ ਦੀ ਇਕ-ਇਕ ਬੂੰਦ ਨੂੰ ਤਰਸਦਾ ਰਹੇਗਾ ਅਤੇ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।

ਇਹ ਵੀ ਪੜ੍ਹੋ : ਨੌਜਵਾਨ ਨੇ ਸੁਫ਼ਨਾ ਕੀਤਾ ਪੂਰਾ, ਜਹਾਜ਼ 'ਤੇ ਨਹੀਂ ਗੱਡੀ ਰਾਹੀਂ ਆਸਟਰੀਆ ਤੋਂ ਪੰਜਾਬ ਪੁੱਜਾ ਹਰਜੀਤ ਸਿੰਘ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News