ਸ਼ਾਹਕੋਟ ਜ਼ਿਮਨੀ ਚੋਣ ''ਚ ਮੈਨੇਜਮੈਂਟ ਨੂੰ ਲੈ ਕੇ ਸੰਦੀਪ ਸੰਧੂ ਤੇ ਰਾਣਾ ਗੁਰਜੀਤ ''ਚ ਤਣੀ

05/26/2018 6:37:30 PM

ਜਲੰਧਰ (ਰਵਿੰਦਰ ਸ਼ਰਮਾ)— ਸ਼ਾਹਕੋਟ ਜ਼ਿਮਨੀ ਚੋਣ 'ਚ ਕਾਂਗਰਸ ਅੰਦਰ ਸਭ ਕੁਝ ਠੀਕ ਨਹੀਂ ਚੱਲ ਰਿਹਾ। ਪ੍ਰਚਾਰ ਮੁਹਿੰਮ ਦੌਰਾਨ ਅੰਤਿਮ ਦਿਨ ਸ਼ਨੀਵਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਾਹਕੋਟ 'ਚ ਰੋਡ ਸ਼ੋਅ ਕਰਨ ਵਾਲੇ ਹਨ। ਕੈਪਟਨ ਦੇ ਇਸ ਰੋਡ ਸ਼ੋਅ ਤੋਂ ਪਹਿਲਾਂ ਪਾਰਟੀ ਦੇ ਦੋ ਆਗੂਆਂ ਸੰਦੀਪ ਸੰਧੂ ਅਤੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦਰਮਿਆਨ ਤਣ ਗਈ ਹੈ। ਇਸ ਦਾ ਕਾਰਨ ਚੋਣ ਮੈਨੇਜਮੈਂਟ ਨਾਲ ਸਬੰਧਤ ਹੈ। ਦੋਵੇਂ ਇਕ-ਦੂਜੇ ਦੀ ਗੱਲ ਕੱਟ ਰਹੇ ਹਨ ਅਤੇ ਆਪਣੇ ਪੱਧਰ 'ਤੇ ਚੋਣ ਕੰਪੇਨ ਚਲਾਉਣਾ ਚਾਹੁੰਦੇ ਹਨ।
ਜ਼ਿਕਰਯੋਗ ਹੈ ਕਿ ਗੁਰਦਾਸਪੁਰ ਲੋਕ ਸਭਾ ਉੱਪ ਚੋਣ ਦੀ ਸਫਲਤਾ ਨਾਲ ਕੰਪੇਨ ਸੰਭਾਲਣ ਤੋਂ ਬਾਅਦ ਸੀ. ਐੱਮ. ਕੈਪਟਨ ਅਮਰਿੰਦਰ ਸਿੰਘ ਨੇ ਇਕ ਵਾਰ ਫਿਰ ਸੰਦੀਪ ਸੰਧੂ 'ਤੇ ਹੀ ਵਿਸ਼ਵਾਸ ਜਤਾਇਆ ਸੀ ਅਤੇ ਉਨ੍ਹਾਂ ਸ਼ਾਹਕੋਟ ਜ਼ਿਮਨੀ ਚੋਣ ਲਈ ਇੰਚਾਰਜ ਨਿਯੁਕਤ ਕੀਤਾ ਸੀ। ਇਸ ਤੋਂ ਪਹਿਲਾਂ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਦੇ ਅਹੁਦੇ ਤੋਂ ਸੰਦੀਪ ਸੰਧੂ ਨੇ ਅਸਤੀਫਾ ਦੇ ਦਿੱਤਾ ਸੀ ਅਤੇ ਸ਼ਾਹਕੋਟ ਜ਼ਿਮਨੀ ਚੋਣ 'ਚ ਆਪਣੀ ਮੈਨੇਜਮੈਂਟ ਸ਼ੁਰੂ ਕਰ ਦਿੱਤੀ ਸੀ। ਦੂਜੇ ਪਾਸੇ ਕਾਂਗਰਸੀ ਉਮੀਦਵਾਰ ਲਾਡੀ ਸ਼ੇਰੋਵਾਲੀਆ ਦੇ ਸਿਆਸੀ ਗੁਰੂ ਰਾਣਾ ਗੁਰਜੀਤ ਸਿੰਘ ਵੀ ਪੂਰੀ ਸ਼ਿੱਦਤ ਨਾਲ ਚੋਣ ਕੰਪੇਨ ਵਿਚ ਡਟੇ ਹੋਏ ਹਨ। ਰਾਣਾ ਗੁਰਜੀਤ ਸਿੰਘ ਲਈ ਇਹ ਚੋਣ ਇੱਜ਼ਤ ਦਾ ਸਵਾਲ ਹੈ ਕਿਉਂਕਿ ਜੇਕਰ ਕਾਂਗਰਸੀ ਉਮੀਦਵਾਰ ਇਥੋਂ ਹਾਰ ਜਾਂਦਾ ਹੈ ਤਾਂ ਰਾਣਾ ਗੁਰਜੀਤ ਸਿੰਘ ਦਾ ਸਿਆਸੀ ਕੱਦ ਵੀ ਕਾਫੀ ਘਟੇਗਾ। ਇਹ ਹੀ ਕਾਰਨ ਹੈ ਕਿ ਰਾਣਾ ਗੁਰਜੀਤ ਸਿੰਘ ਹਲਕੇ ਵਿਚ ਚੋਣ ਕੰਪੇਨ ਤੋਂ ਲੈ ਕੇ ਰੋਡ ਸ਼ੋਅ ਦੀ ਕਮਾਨ ਆਪਣੇ ਹੱਥਾਂ ਵਿਚ ਰੱਖਣਾ ਚਾਹੁੰਦੇ ਹਨ ਤੇ ਪੂਰੀ ਮੈਨੇਜਮੈਂਟ ਆਪਣੇ ਹਿਸਾਬ ਨਾਲ ਕਰਨਾ ਚਾਹੁੰਦੇ ਹਨ ਪਰ ਮੁੱਖ ਮੰਤਰੀ ਵਲੋਂ ਨਿਯੁਕਤ ਇਲੈਕਸ਼ਨ ਇੰਚਾਰਜ ਸੰਦੀਪ ਸੰਧੂ ਆਪਣੇ ਪੱਧਰ 'ਤੇ ਕੰਪੇਨ ਤੇ ਮੈਨੇਜਮੈਂਟ ਵੇਖਣਾ ਚਾਹੁੰਦੇ ਹਨ। ਦੋਵੇਂ ਹੀ ਆਗੂ ਪ੍ਰੋਗਰਾਮ ਅਤੇ ਮੈਨੇਜਮੈਂਟ ਨੂੰ ਲੈ ਕੇ ਇਕ-ਦੂਜੇ ਦੀ ਗੱਲ ਕੱਟ ਰਹੇ ਹਨ ਅਤੇ ਪਾਰਟੀ ਹਲਕੇ ਵਿਚ ਇਹ ਮੁੱਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਮਾਝਾ ਐਕਸਪ੍ਰੈੱਸ ਦੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਵੀ ਸ਼ਾਹਕੋਟ ਵਿਚ ਚੋਣ ਕੰਪੇਨ ਨੂੰ ਲੈ ਕੇ ਬੁਲਾਉਣ ਦੇ ਮਾਮਲੇ ਵਿਚ ਰਾਣਾ ਗੁਰਜੀਤ ਸਿੰਘ ਸੰਦੀਪ ਸੰਧੂ ਤੋਂ ਨਾਖੁਸ਼ ਹਨ, ਜਿਸ ਤਰ੍ਹਾਂ ਟਿਕਟ ਦੇ ਹੋਰ ਦਾਅਵੇਦਾਰਾਂ ਨੂੰ ਵੀ ਸੰਦੀਪ ਸੰਧੂ ਅਜੇ ਤੱਕ ਮਨਾ ਨਹੀਂ ਸਕੇ, ਉਸ ਨਾਲ ਵੀ ਰਾਣਾ ਗੁਰਜੀਤ ਸਿੰਘ ਦਾ ਗੁੱਸਾ ਅੰਦਰ ਹੀ ਅੰਦਰ ਭੜਕ ਰਿਹਾ ਹੈ। ਰਾਣਾ ਗੁਰਜੀਤ ਸਿੰਘ ਚਾਹੁੰਦੇ ਸਨ ਕਿ ਕੰਪੇਨ ਤੋਂ ਮਾਝਾ ਦੇ ਵਿਧਾਇਕਾਂ ਨੂੰ ਦੂਰ ਰੱਖਿਆ ਜਾਵੇ। ਰਾਣਾ ਗੁਰਜੀਤ ਸਿੰਘ ਨੇ ਤਾਂ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਰੈਲੀ ਤੋਂ ਵੀ ਇਨਕਾਰ ਕਰ ਦਿੱਤਾ ਸੀ ਪਰ ਪ੍ਰੋਗਰਾਮ ਮੈਨੇਜਮੈਂਟ ਵਿਚ ਪੂਰੀ ਤਰ੍ਹਾਂ ਸੰਦੀਪ ਸੰਧੂ ਦੀ ਹੀ ਚੱਲੀ, ਜਦੋਂਕਿ ਦੂਜੇ ਪਾਸੇ ਚੋਣ ਕੰਪੇਨ ਵਿਚ ਆਉਣ ਵਾਲੇ ਸਰਕਾਰ ਦੇ ਸਾਰੇ ਮੰਤਰੀਆਂ ਨੇ ਕੰਪੇਨ ਦੌਰਾਨ ਰਾਣਾ ਗੁਰਜੀਤ ਸਿੰਘ ਤੋਂ ਕੁਝ ਦੂਰੀ ਬਣਾਈ ਰੱਖੀ। 
4 ਮੰਤਰੀ ਰਹੇ ਕੰਪੇਨ ਤੋਂ ਦੂਰ
ਸ਼ਾਹਕੋਟ ਜ਼ਿਮਨੀ ਚੋਣ ਵਿਚ ਕਾਂਗਰਸ ਸਰਕਾਰ ਨੇ ਪੂਰੀ ਤਾਕਤ ਲਾਈ ਹੋਈ ਹੈ ਅਤੇ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਚੋਣ ਕੰਪੇਨ 'ਚ ਉਤਾਰਿਆ ਹੈ ਪਰ ਅਜੇ ਤੱਕ ਸਰਕਾਰ ਦੇ 4 ਮੰਤਰੀ ਰਜ਼ੀਆ ਸੁਲਤਾਨਾ, ਅਰੁਣਾ ਚੌਧਰੀ, ਚਰਨਜੀਤ ਚੰਨੀ ਅਤੇ ਬ੍ਰਹਮ ਮਹਿੰਦਰਾ ਅਜੇ ਤੱਕ ਚੋਣ ਕੰਪੇਨ ਤੋਂ ਦੂਰ ਰਹੇ ਹਨ। ਹੁਣ 28 ਮਈ ਸੋਮਵਾਰ ਨੂੰ ਇਕ ਪਾਸੇ ਸ਼ਾਹਕੋਟ 'ਚ ਜ਼ਿਮਨੀ ਚੋਣ ਹੋਵੇਗੀ ਤਦ ਦੂਸਰੇ ਪਾਸੇ ਅਦਾਲਤ ਵਿਚ ਇੰਸਪੈਕਟਰ ਪਰਮਿੰਦਰ ਬਾਜਵਾ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਹੋਵੇਗੀ। ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਸ਼ਾਹਕੋਟ ਵਿਚ ਕਾਂਗਰਸੀ ਉਮੀਦਵਾਰ ਲਾਡੀ ਸ਼ੇਰੋਵਾਲੀਆ 'ਤੇ ਕੇਸ ਦਰਜ ਕਰਨ ਤੋਂ ਬਾਅਦ ਚਰਚਾ ਵਿਚ ਆਏ ਇੰਸ. ਪਰਮਿੰਦਰ ਬਾਜਵਾ ਦੀ ਜ਼ਮਾਨਤ ਅਰਜ਼ੀ 'ਤੇ ਅੱਜ ਕੋਈ ਕਾਰਵਾਈ ਨਹੀਂ ਹੋ ਸਕੀ ਅਤੇ ਅਦਾਲਤ ਨੇ ਜ਼ਮਾਨਤ ਅਰਜ਼ੀ ਲਈ ਅਗਲੀ ਤਰੀਕ 28 ਮਈ ਮੁਕੱਰਰ ਕੀਤੀ ਹੈ। 14 ਦਿਨ ਦੀ ਨਿਆਇਕ ਹਿਰਾਸਤ ਖਤਮ ਹੋਣ ਤੋਂ ਬਾਅਦ ਬਾਜਵਾ ਨੂੰ ਸ਼ੁੱਕਰਵਾਰ ਦੁਬਾਰਾ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਨੇ ਉਸ ਨੂੰ ਦੁਬਾਰਾ ਨਿਆਇਕ ਹਿਰਾਸਤ 'ਚ ਭੇਜ ਦਿੱਤਾ।


Related News