ਸ਼ਾਹਕੋਟ ਸੀਟ ਤੋਂ ਸੌਖਾ ਨਹੀਂ ਹੋਵੇਗਾ ਅਕਾਲੀ ਦਲ ਦਾ ਰਾਹ

Sunday, Feb 18, 2018 - 10:13 AM (IST)

ਸ਼ਾਹਕੋਟ ਸੀਟ ਤੋਂ ਸੌਖਾ ਨਹੀਂ ਹੋਵੇਗਾ ਅਕਾਲੀ ਦਲ ਦਾ ਰਾਹ

ਸ਼ਾਹਕੋਟ (ਤ੍ਰੇਹਨ, ਮਰਵਾਹਾ) - ਸਾਬਕਾ ਅਕਾਲੀ ਮੰਤਰੀ ਅਤੇ ਮੌਜੂਦਾ ਵਿਧਾਇਕ ਜਥੇ. ਅਜੀਤ ਸਿੰਘ ਕੋਹਾੜ ਦੀ ਅਚਾਨਕ ਹੋਈ ਮੌਤ ਨੇ ਹਲਕੇ ਦੀਆਂ ਸਿਆਸੀ ਸਰਗਰਮੀਆਂ ਵਿਚ ਇਕਦਮ ਤੂਫਾਨ ਲਿਆ ਦਿੱਤਾ ਹੈ। ਬੇਸ਼ੱਕ ਅਜੇ ਜ਼ਿਮਨੀ ਚੋਣ ਲਈ ਕੋਈ ਵੀ ਐਲਾਨ ਨਹੀਂ ਹੋਇਆ ਪਰ ਕਾਂਗਰਸ ਅਤੇ ਅਕਾਲੀ ਦਲ ਦੀ ਟਿਕਟ ਦੇ ਦਾਅਵੇਦਾਰਾਂ ਨੇ ਆਪਣੇ ਪਰ ਤੋਲਣੇ ਸ਼ੁਰੂ ਕਰ ਦਿੱਤੇ ਹਨ। ਅਕਾਲੀ ਦਲ ਦਾ ਇਤਿਹਾਸ ਹਮੇਸ਼ਾ ਰਿਹਾ ਹੈ ਕਿ ਮਰਹੂਮ ਲੀਡਰ ਦੇ ਪਰਿਵਾਰ ਵਿਚੋਂ ਹੀ ਕਿਸੇ ਇਕ ਨੂੰ ਜ਼ਿਮਨੀ ਚੋਣ ਵਿਚ ਉਮੀਦਵਾਰ ਬਣਾਇਆ ਜਾਂਦਾ ਹੈ ਪਰ ਇਸ ਵਾਰ ਅਕਾਲੀ ਦਲ ਫੂਕ-ਫੂਕ ਕੇ ਕਦਮ ਰੱਖ ਰਿਹਾ ਹੈ। ਇਹ ਪਹਿਲੀ ਵਾਰ ਹੈ ਕਿ ਅਕਾਲੀ ਦਲ ਵੱਲੋਂ ਇਸ ਸੀਟ ਲਈ ਮਜ਼ਬੂਤ ਉਮੀਦਵਾਰ ਦੀ ਭਾਲ ਕੀਤੀ ਜਾ ਰਹੀ ਹੈ। ਬੇਸ਼ੱਕ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੋਹਾੜ ਦੇ ਪਰਿਵਾਰ ਨੂੰ ਟਿਕਟ ਦੇਣ ਦਾ ਅਸਿੱਧਾ ਇਸ਼ਾਰਾ ਕੀਤਾ ਹੈ ਪਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸ ਬਾਰੇ ਡੂੰਘੀ ਵਿਚਾਰ-ਚਰਚਾ ਕਰਨ ਦੇ ਰੌਂਅ ਵਿਚ ਹੈ। ਅੰਦਰਲੇ ਸੂਤਰਾਂ  ਦੀ ਮੰਨੀਏ ਤਾਂ ਅਕਾਲੀ ਦਲ ਦੇ ਸ਼ਾਹਕੋਟ ਤੋਂ ਤੇਜ਼-ਤਰਾਰ ਨੌਜਵਾਨ ਆਗੂ ਰਵਿੰਦਰ ਸਿੰਘ ਟੁਰਨਾ ਨੂੰ ਇਸ ਹਲਕੇ ਤੋਂ ਅਕਾਲੀ ਦਲ ਦੇ ਦਾਅਵੇਦਾਰ ਵਜੋਂ ਪੇਸ਼ ਕਰਨ ਲਈ ਇਕ ਵੱਡੇ ਘਰਾਣੇ ਤੇ ਮਾਲਵੇ ਅਤੇ ਦੋਆਬੇ ਵਿਚ ਸਥਿਤ ਵੱਡੇ ਧਾਰਮਿਕ ਡੇਰਿਆਂ ਦੇ ਮੁਖੀਆਂ ਨੇ ਕੋਸ਼ਿਸ਼ਾਂ ਵੀ ਸ਼ੁਰੂ ਕਰ ਦਿੱਤੀਆਂ ਹਨ। 
ਜਥੇ. ਕੇਵਲ ਸਿੰਘ ਰੂਪੇਵਾਲੀ, ਜਥੇ. ਤਰਸ਼ਿੰਦਰ ਸਿੰਘ ਰੌਂਤਾ ਤੇ ਜਥੇ. ਤੋਤਾ ਸਿੰਘ ਸਾਬਕਾ ਕੈਬਨਿਟ ਮੰਤਰੀ ਪੰਜਾਬ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਜ਼ਦੀਕੀ ਰਹੇ ਉਪਿੰਦਰਜੀਤ ਕੌਰ ਸਮੇਤ ਕਈ ਮੰਤਰੀ ਤੇ ਸੀਨੀਅਰ ਲੀਡਰਸ਼ਿਪ ਵੀ ਇਸ ਸੀਟ ਲਈ ਦਾਅਵੇਦਾਰੀਆਂ ਪੇਸ਼ ਕਰਨ ਲਈ ਸਰਗਰਮ ਹਨ। ਟਿਕਟ ਕਿਸ ਨੂੰ ਮਿਲੇਗੀ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇਸ ਵਾਰ ਇਸ ਪੰਥਕ ਸੀਟ 'ਤੇ ਅਕਾਲੀ ਦਲ ਦਾ ਰਾਹ ਸੌਖਾ ਨਹੀਂ ਹੋਵੇਗਾ।


Related News