ਨਕੋਦਰ ਦੇ ਸ਼ਹੀਦ ਊਧਮ ਸਿੰਘ ਨਗਰ ਦੇ ਵਾਸੀਆਂ ਨੂੰ ਕਦੋਂ ਮਿਲੇਗੀ ਗੰਦਗੀ ਤੋਂ ਨਿਜਾਤ
Monday, Mar 05, 2018 - 04:10 PM (IST)
ਜਲੰਧਰ (ਅਮਿਤ)— ਨਕੋਦਰ ਦੇ ਵਾਰਡ ਨੰਬਰ 10 ਸ਼ਹੀਦ ਊਧਮ ਸਿੰਘ ਨਗਰ 'ਚ 25 ਸਾਲਾਂ ਤੋਂ ਸੀਵਰੇਜ ਨਾ ਹੋਣ ਕਾਰਨ ਲਗਭਗ 1500 ਲੋਕ ਤੇ ਛੋਟੇ ਬੱਚੇ ਨਰਕ ਦਾ ਜੀਵਨ ਜਿਊਣ ਲਈ ਮਜਬੂਰ ਹਨ। ਹਰ ਚੋਣ ਵਿਚ ਚਾਹੇ ਉਹ ਨਗਰ ਪਾਲਿਕਾ ਦੀ ਹੋਵੇ ਜਾਂ ਵਿਧਾਨ ਸਭਾ ਜਾਂ ਫਿਰ ਲੋਕ ਸਭਾ ਦੀ, ਹਰ ਵਾਰ ਸਾਰੀਆਂ ਪਾਰਟੀਆਂ ਦੇ ਆਗੂ ਆਉਂਦੇ ਹਨ ਅਤੇ ਇਹ ਵਾਅਦਾ ਕਰਕੇ ਚਲੇ ਜਾਂਦੇ ਹਨ ਕਿ ਜਿੱਤਣ ਤੋਂ ਬਾਅਦ ਉਹ ਮੁਹੱਲੇ ਦੇ ਸੀਵਰੇਜ ਨੂੰ ਸੁਚਾਰੂ ਕਰ ਦੇਣਗੇ। ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਨਗਰ ਕੌਂਸਲ ਜੋ ਲਗਭਗ 3 ਸਾਲਾਂ ਤੋਂ 'ਏ' ਕਲਾਸ ਨਗਰ ਕੌਂਸਲ ਹੈ, ਦੇ ਲੋਕ ਅਜਿਹੀ ਗੰਦਗੀ ਵਿਚ ਰਹਿਣ ਲਈ ਮਜਬੂਰ ਹਨ। ਇਸ ਮੁਹੱਲੇ ਦੇ ਲਗਭਗ 600 ਵੋਟਾਂ ਲੈਣ ਲਈ ਹਰ ਉਮੀਦਵਾਰ ਇਨ੍ਹਾਂ ਲੋਕਾਂ ਨਾਲ ਇਹ ਵਾਅਦਾ ਕਰ ਕੇ ਚਲਾ ਜਾਂਦਾ ਹੈ ਪਰ ਕਿਸੇ ਨੇ ਵੀ 25 ਸਾਲਾਂ 'ਚ ਇਕ ਵਾਰ ਵੀ ਇਸ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ। ਇਨ੍ਹਾਂ ਲੋਕਾਂ ਦੇ ਘਰਾਂ ਵਿਚ ਅਕਸਰ ਗੰਦਾ ਪਾਣੀ ਦਾਖਲ ਹੋ ਜਾਂਦਾ ਹੈ। ਗੰਦੇ ਪਾਣੀ ਅਤੇ ਗੰਦਗੀ ਕਾਰਨ ਲੋਕ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ ਖਾਸ ਕਰ ਛੋਟੇ ਬੱਚੇ। ਮੁਹੱਲਾ ਵਾਸੀ ਅਮਰਜੀਤ ਸਿੰਘ ਇਸ ਸਮੱਸਿਆ ਬਾਰੇ ਕਈ ਵਾਰ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਦੱਸ ਚੁੱਕੇ ਹਨ। ਉਥੋਂ ਦੇ ਹਾਲਾਤ ਵੀ ਦਿਖਾ ਚੁੱਕੇ ਹਨ ਪਰ ਕਿਸੇ ਨੇ ਵੀ ਮੁਹੱਲੇ ਦੇ ਲੋਕਾਂ ਦੀਆਂ ਪ੍ਰੇਸ਼ਾਨੀ ਨੂੰ ਦੂਰ ਨਹੀਂ ਕੀਤਾ।
ਐਤਵਾਰ ਨੂੰ ਮੁਹੱਲਾ ਵਾਸੀਆਂ ਨੇ ਸਮਾਜ ਸੇਵਕ ਅਤੇ ਵਾਤਾਵਰਣ-ਪ੍ਰੇਮੀ ਗੌਰਵ ਜੈਨ ਨੂੰ ਵੀ ਆਪਣੇ ਮੁਹੱਲੇ ਦੀ ਹਾਲਤ ਦੇਖਣ ਲਈ ਵਿਸ਼ੇਸ਼ ਤੌਰ 'ਤੇ ਬੁਲਾਇਆ ਅਤੇ ਉਨ੍ਹਾਂ ਨੂੰ ਆ ਰਹੀਆਂ ਸਮੱਸਿਆਵਾਂ ਦੀ ਵੀ ਜਾਣਕਾਰੀ ਦਿੱਤੀ। ਇਸ ਮੌਕੇ ਮੁਹੱਲੇ ਦੀਆਂ ਔਰਤਾਂ, ਜੋ ਇਸ ਸਮੱਸਿਆ ਤੋਂ ਸਭ ਤੋਂ ਜ਼ਿਆਦਾ ਪੀੜਤ ਹੈ, ਉਨ੍ਹਾਂ ਵੀ ਗੌਗਵ ਨੂੰ ਆਪਣੀਆਂ ਪ੍ਰੇਸ਼ਾਨੀਆਂ ਤੋਂ ਜਾਣੂ ਕਰਵਾਇਆ। ਇਸ ਸਮੱਸਿਆ ਨੂੰ ਦੇਖਦੇ ਹੋਏ ਗੌਰਵ ਜੈਨ ਨੇ ਮੁਹੱਲਾ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਉਹ ਇਸ ਬਾਰੇ ਸੀਵਰੇਜ ਬੋਰਡ ਦੇ ਉੱਚ ਅਧਿਕਾਰੀਆਂ ਅਤੇ ਨਗਰ ਪਾਲਿਕਾ ਅਧਿਕਾਰੀਆਂ ਨਾਲ ਗੱਲ ਕਰ ਕੇ ਇਸ ਸਮੱਸਿਆ ਨੂੰ ਹੱਲ ਕਰਵਾਉਣਗੇ। ਇਸ ਮੌਕੇ ਅਮਰਜੀਤ ਸਿੰਘ, ਸੰਤੋਖ ਸਿੰਘ, ਵਿਜੇ ਕੁਮਾਰ, ਡੇਵਿਡ ਮਸੀਹ, ਸੋਨੂੰ, ਕਰਨੈਲ ਸਿੰਘ, ਕਮਲ ਕਿਸ਼ੋਰ, ਸਾਗਰ ਸਹੋਤਾ, ਅਸ਼ਵਨੀ ਕੁਮਾਰ, ਪਰਗਟ ਸਿੰਘ, ਸਰਵਨ ਸਿੰਘ, ਵਿਜੇ ਕੁਮਾਰ, ਮੁਲਖ ਰਾਜ, ਗੁਰਨਾਮ ਸਿੰਘ ਤੇ ਵੱਡੀ ਗਿਣਤੀ ਵਿਚ ਮੁਹੱਲੇ ਦੀਆਂ ਔਰਤਾਂ ਵੀ ਮੌਜੂਦ ਸਨ।
