ਸ਼ਹੀਦ ਊਧਮ ਸਿੰਘ ਕਾਲਜ ਦੀ ਇਮਾਰਤ ਦਿਨ-ਬ-ਦਿਨ ਹੋ ਰਹੀ ਹੈ ਖਸਤਾ

Thursday, Nov 23, 2017 - 12:52 PM (IST)


ਗੁਰੂਹਰਸਹਾਏ (ਪ੍ਰਦੀਪ) - ਕਾਂਗਰਸ ਦੇ ਰਾਜਕਾਲ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਲਾਕਾ ਵਾਸੀਆਂ ਦੀ ਮੰਗ ਨੂੰ ਮੁੱਖ ਰੱਖਦਿਆਂ ਪਿੰਡ ਮੋਹਨਕੇ ਉਤਾੜ ਵਿਖੇ ਸ਼ਹੀਦ ਊਧਮ ਸਿੰਘ ਕਾਲਜ ਦੀ ਇਮਾਰਤ ਦੇ ਨਿਰਮਾਣ ਲਈ ਮਾਰਚ 2006 ਵਿਚ ਗ੍ਰਾਂਟ ਰਾਸ਼ੀ ਦਾ ਚੈੱਕ ਹਲਕੇ ਦੇ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਸੌਂਪਿਆ ਗਿਆ ਸੀ ਅਤੇ ਉਨ੍ਹਾਂ ਵੱਲੋਂ ਕਾਲਜ ਨੂੰ ਬਣਾਉਣ ਲਈ ਨੀਂਹ ਪੱਥਰ ਵੀ ਰੱਖਿਆ ਗਿਆ ਸੀ ਜਦਕਿ ਇਸ ਤੋਂ ਪਹਿਲਾਂ ਕਾਂਗਰਸ ਸਰਕਾਰ ਸਮੇਂ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਵੱਲੋਂ ਵੀ ਕਾਲਜ ਨੂੰ ਬਣਾਉਣ ਲਈ ਨੀਂਹ ਪੱਥਰ ਰੱਖਿਆ ਗਿਆ ਸੀ ਪਰ ਇਨ੍ਹਾਂ ਦੋਵਾਂ ਪੰਜਾਬ ਦੇ ਮੁੱਖ ਮੰਤਰੀਆਂ ਵੱਲੋਂ ਰੱਖੇ ਗਏ ਨੀਂਹ ਪੱਥਰ ਬੱਸ ਪੱਥਰ ਬਣ ਕੇ ਹੀ ਰਹਿ ਗਏ ਸਨ।
ਇਸ ਕਾਲਜ ਦੇ ਨਿਰਮਾਣ ਲਈ 2010 ਵਿਚ ਅਕਾਲੀ ਦਲ ਭਾਜਪਾ ਸਰਕਾਰ ਵੱਲੋਂ ਇਹ ਗ੍ਰਾਂਟ ਰਾਸ਼ੀ ਜਾਰੀ ਕਰਵਾਈ ਗਈ ਸੀ ਅਤੇ ਇਸ ਕਾਲਜ ਦੀ ਇਮਾਰਤ ਨੂੰ ਪੀ. ਡਬਲਿਊ. ਡੀ. ਮਹਿਕਮੇ ਵੱਲੋਂ ਤਿਆਰ ਕੀਤਾ ਗਿਆ। ਇਹ ਕਾਲਜ 2011 ਵਿਚ ਸ਼ੁਰੂ ਹੋਇਆ ਸੀ ਪਰ ਹੁਣ ਜੇ ਗੱਲ ਕਰੀਏ ਕਾਲਜ ਦੀ ਤਾਂ ਇਸਦੀ ਇਮਾਰਤ ਦਿਨ-ਬ-ਦਿਨ ਖੰਡਰ ਬਣਦੀ ਜਾ ਰਹੀ ਹੈ ਅਤੇ ਇਮਾਰਤ ਦੀਆਂ ਦੀਵਾਰਾਂ ਉਪਰ ਲੱਗੀਆਂ ਟਾਇਲਾਂ ਵੀ ਸਾਰੀਆਂ ਡਿੱਗ ਚੁੱਕੀਆਂ ਹਨ ਅਤੇ ਫਰਸ਼ ਵੀ ਥੱਲੇ ਧੱਸਦਾ ਜਾ ਰਿਹਾ ਹੈ। ਟੈਂਕੀਆਂ 'ਚੋਂ ਪਾਣੀ ਲੀਕ ਹੋਣ ਕਰ ਕੇ ਦੀਵਾਰਾਂ ਵਿਚ ਤਰੇੜਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ, ਜਿਸ ਕਰ ਕੇ ਕਾਲਜ ਦੇ ਪਖਾਨੇ ਬੰਦ ਕਰ ਦਿੱਤੇ ਗਏ ਹਨ। ਇਸ ਕਾਰਨ ਕਾਲਜ ਦੇ ਵਿਦਿਆਰਥੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਾਲਜ ਦੇ ਸਮੂਹ ਸਟਾਫ ਮੁਤਾਬਕ ਪੀ. ਡਬਲਿਊ. ਡੀ. ਦੇ ਸੀਨੀਅਰ ਅਧਿਕਾਰੀਆਂ ਨੂੰ ਇਸ ਬਿਲਡਿੰਗ ਸਬੰਧੀ ਕਈ ਵਾਰ ਲਿਖਿਆ ਜਾ ਚੁੱਕਾ ਹੈ ਪਰ ਪੀ. ਡਬਲਿਊ. ਡੀ. ਦਾ ਕੋਈ ਵੀ ਅਧਿਕਾਰੀ ਇਸ ਇਮਾਰਤ ਨੂੰ ਵੇਖਣ ਲਈ ਨਹੀਂ ਆਇਆ ਜਦਕਿ ਇਸ ਦੀ ਪੂਰੀ ਜ਼ਿੰਮੇਵਾਰੀ ਪੀ. ਡਬਲਿਊ. ਡੀ. ਮਹਿਕਮੇ ਦੀ ਬਣਦੀ ਹੈ। 
ਇਸ ਤੋਂ ਇਲਾਵਾ ਨਾਲ ਲੱਗਦੀ ਕਾਲੋਨੀ ਦੇ ਗਟਰ ਦਾ ਪਾਣੀ ਵੀ ਕਾਲਜ ਵਿਚ ਛੱਡਿਆ ਹੋਇਆ ਹੈ, ਜੋ ਕਿ ਦਿਨ-ਬ-ਦਿਨ ਛੱਪੜ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ ਅਤੇ ਕਾਲੋਨੀ ਵਾਸੀਆਂ ਵੱਲੋਂ ਕੂੜਾ ਕਰਕਟ ਵੀ ਸੁੱਟਿਆ ਜਾ ਰਿਹਾ ਹੈ, ਜਿਸ ਨਾਲ ਕਾਲਜ ਦਾ ਵਾਤਾਵਰਣ ਖਰਾਬ ਹੋ ਰਿਹਾ ਹੈ ਅਤੇ ਕਿਸੇ ਵੇਲੇ ਵੀ ਵਿਦਿਆਰਥੀਆਂ ਨੂੰ ਭਿਆਨਕ ਬੀਮਾਰੀਆਂ ਲੱਗਣ ਦਾ ਡਰ ਬਣਿਆ ਰਹਿੰਦਾ ਹੈ।

ਕੀ ਕਹਿਣਾ ਹੈ ਵਿਦਿਆਰਥੀਆਂ ਦਾ
ਕਾਲਜ ਦੇ ਵਿਦਿਆਰਥੀਆਂ ਨੇ ਦੱਸਿਆ ਕਿ ਜਿਸ ਤਰ੍ਹਾਂ ਕਾਲਜ ਦੀਆਂ ਦੀਵਾਰਾਂ ਤੋਂ ਟਾਇਲਾਂ ਡਿੱਗ ਰਹੀਆਂ ਹਨ। ਇਹ ਕਦੇ ਵੀ ਵੱਡੇ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ। ਉਨ੍ਹਾਂ ਪੰਜਾਬ ਸਰਕਾਰ ਅਤੇ ਪੀ. ਡਬਲਿਊ. ਡੀ. ਮਹਿਕਮੇ ਤੋਂ ਮੰਗ ਕੀਤੀ ਕਿ ਇਸ ਕਾਲਜ ਦੀ ਇਮਾਰਤ ਵੱਲ ਜਲਦ ਤੋਂ ਜਲਦ ਧਿਆਨ ਦਿੱਤਾ ਜਾਵੇ ਤਾਂ ਜੋ ਕਾਲਜ ਵਿਚ ਪੜ੍ਹਦੇ ਹਜ਼ਾਰਾਂ ਵਿਦਿਆਰਥੀਆਂ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਰਾਹਤ ਮਿਲ ਸਕੇ।


Related News