ਸ਼ਹੀਦ ਜੈਮਲ ਸਿੰਘ ਦੀਆਂ ਅਸਥੀਆਂ ਗੋਇੰਦਵਾਲ ਸਾਹਿਬ ਪ੍ਰਵਾਹ ਕਰਨ ਲਈ ਰਵਾਨਾ
Sunday, Feb 17, 2019 - 05:16 PM (IST)
ਮੋਗਾ (ਵਿਪਨ)— ਬੀਤੇ ਦਿਨੀਂ ਪੁਲਵਾਮਾ 'ਚ ਹੋਏ ਸੀ.ਆਰ.ਪੀ.ਐੱਫ 'ਤੇ ਹਮਲੇ 'ਚ ਹੋਏ ਜ਼ਿਲਾ ਮੋਗਾ ਕੋਟ ਈਸੇ ਖਾਂ ਦੇ ਸ਼ਹੀਦ ਜੈਮਲ ਸਿੰਘ ਦੀਆਂ ਅਸਥੀਆਂ ਅੱਜ ਸ੍ਰੀ ਗੋਇਦਵਾਲ ਸਾਹਿਬ 'ਚ ਜਲ ਪ੍ਰਵਾਹ ਕਰਨ ਲਈ ਰਵਾਨਾ ਕੀਤੀਆਂ ਗਈਆਂ। ਸ਼ਹੀਦ ਜੈਮਲ ਸਿੰਘ ਦੀ ਮਾਤਾ ਸੁਖਵਿੰਦਰ ਕੌਰ ਨੇ ਦੱਸਿਆ ਕਿ ਮੇਰਾ ਪੁੱਤਰ ਦੇਸ਼ ਦੀ ਰੱਖਿਆ ਕਰਦਾ ਹੋਇਆ ਸ਼ਹੀਦ ਹੋ ਗਿਆ। ਉਨ੍ਹਾਂ ਨੇ ਦੱਸਿਆ ਕਿ ਮੇਰੇ ਦੂਜੇ ਦੋਵੇਂ ਬੱਚੇ ਮੈਨੂੰ ਮੰਮੀ ਕਹਿ ਕੇ ਬੁਲਾਉਂਦੇ ਸੀ ਪਰ ਇਹ ਮੈਨੂੰ ਮਾਤਾ ਕਹਿ ਕੇ ਬਲਾਉਂਦਾ ਸੀ ਅਤੇ ਬਚਪਨ 'ਚ ਉਸ ਨੂੰ ਬੜੇ ਚਾਅ ਨਾਲ ਤਿਆਰ ਕਰਕੇ ਸਕੂਲ ਭੇਜਦੀ ਸੀ। ਉਹ ਆਪਣੇ ਪਿਤਾ ਦੇ ਨਾਲ ਖੂਬ ਕੰਮ ਕਰਦਾ ਸੀ। ਉਸ ਦੀ ਮਾਤਾ ਨੇ ਕਿਹਾ ਕਿ ਉਸ ਨੂੰ ਫੌਜ 'ਚ ਭੇਜਣ ਲਈ ਉਨ੍ਹਾਂ ਨੇ ਸ੍ਰੀ ਗੁਰੂ ਗੰ੍ਰੰਥ ਸਾਹਿਬ ਦੇ ਪਾਠ ਦੀ ਮੰਨਤ ਕੀਤੀ ਸੀ ਅਤੇ ਜਦੋਂ ਉਹ 18 ਸਾਲ ਦੀ ਉਮਰ 'ਚ ਭਰਤੀ ਹੋ ਗਿਆ ਸੀ। ਉਸ ਦੀ ਮਾਤਾ ਨੇ ਕਿਹਾ ਕਿ ਜਿੱਥੇ ਵੀ ਮੇਰੇ ਪੁੱਤਰ ਦੀ ਨੌਕਰੀ ਰਹੀ ਹੈ ਉਹ ਉਸ ਨਾਲ ਰਹਿਣ ਲਈ ਵੀ ਗਈ ਅਤੇ ਕਈ-ਕਈ ਮਹੀਨੇ ਉਸ ਦੇ ਕੋਲ ਰਹੀ। ਜਦੋਂ ਉਸ ਦੀ 22 ਸਾਲ ਦੀ ਉਮਰ ਸੀ ਤਾਂ ਉਸ ਦਾ ਵਿਆਹ ਹੋ ਗਿਆ। ਵਿਆਹ ਦੇ 18 ਸਾਲਾਂ ਬਾਅਦ ਉਸ ਦੇ ਘਰ ਪੁੱਤਰ ਹੋਇਆ ਅਤੇ ਅੱਜ ਮੇਰਾ ਪੁੱਤਰ ਦੇਸ਼ ਦੀ ਰੱਖਿਆ ਕਰਦਾ ਸ਼ਹੀਦ ਹੋ ਗਿਆ। ਮੇਰੇ ਪੁੱਤਰ ਦਾ ਪੂਰੀ ਦੁਨੀਆ 'ਚ ਨਾਂ ਹੋਇਆ ਹੈ ਕਿ ਉਸ ਨੇ ਦੇਸ਼ ਦੀ ਖਾਤਰ ਸ਼ਹੀਦੀ ਪ੍ਰਾਪਤ ਕੀਤੀ ਹੈ।
ਇਸ ਮੌਕੇ ਸ਼ਹੀਦ ਦੀ ਪਤਨੀ ਸੁਖਜੀਤ ਕੌਰ ਨੇ ਕਿਹਾ ਕਿ ਸਰਕਾਰ ਹੁਣ ਕੁਝ ਸਾਡੇ ਬਾਰੇ 'ਚ ਸੋਚੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਪਤਾ ਹੈ ਕਿ ਇੰਨੀ ਫੋਰਸ ਜਾ ਰਹੀ ਹੈ ਪਰ ਸਰਕਾਰ ਨੇ ਕੋਈ ਉਨ੍ਹਾਂ ਲਈ ਪੁਖਤਾ ਪ੍ਰਬੰਧ ਨਹੀਂ ਕੀਤੇ। ਇਹ ਹਮਲਾ ਸਰਕਾਰ ਦੀ ਗਲਤੀ ਕਾਰਨ ਹੋਇਆ ਹੈ। ਜੇਕਰ ਸਰਕਾਰ ਚੌਕਸੀ ਰੱਖਦੀ ਤਾਂ ਇੰਨਾ ਵੱਡਾ ਹਾਦਸਾ ਨਾ ਹੁੰਦਾ।