ਸ਼੍ਰੋਮਣੀ ਕਮੇਟੀ ਨੇ ਵਿਦੇਸ਼ਾਂ ’ਚ ਪਾਵਨ ਸਰੂਪਾਂ ਦੀ ਛਪਾਈ ਲਈ ਕਾਰਵਾਈ ਆਰੰਭੀ, ਕੈਨੇਡਾ ਪੁੱਜਾ ਵਫ਼ਦ

Monday, Oct 18, 2021 - 10:45 PM (IST)

ਸ਼੍ਰੋਮਣੀ ਕਮੇਟੀ ਨੇ ਵਿਦੇਸ਼ਾਂ ’ਚ ਪਾਵਨ ਸਰੂਪਾਂ ਦੀ ਛਪਾਈ ਲਈ ਕਾਰਵਾਈ ਆਰੰਭੀ, ਕੈਨੇਡਾ ਪੁੱਜਾ ਵਫ਼ਦ

ਅੰਮ੍ਰਿਤਸਰ (ਦੀਪਕ ਸ਼ਰਮਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਦੇਸ਼ਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਾਈ ਸਬੰਧੀ ਕੀਤੇ ਗਏ ਫ਼ੈਸਲੇ ਨੂੰ ਅਮਲ ਵਿਚ ਲਿਆਉਣ ਲਈ ਕਾਰਵਾਈ ਆਰੰਭ ਦਿੱਤੀ ਗਈ ਹੈ। ਇਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦਾ ਇਕ ਉੱਚ ਪੱਧਰੀ ਵਫ਼ਦ ਕੈਨੇਡਾ ਵਿਖੇ ਪਹੁੰਚ ਚੁੱਕਾ ਹੈ, ਜਿਸ ਵੱਲੋਂ ਵੱਖ-ਵੱਖ ਸਥਾਨਕ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਕੈਨੇਡਾ ਗਏ ਸ਼੍ਰੋਮਣੀ ਕਮੇਟੀ ਦੇ ਵਫ਼ਦ ਵਿਚ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਭਿੱਟੇਵੱਡ, ਅੰਤ੍ਰਿੰਗ ਮੈਂਬਰ  ਮਿੱਠੂ ਸਿੰਘ ਕਾਹਨੇਕੇ, ਮੈਂਬਰ ਭਾਈ ਰਾਮ ਸਿੰਘ ਅਤੇ ਮੀਤ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਸ਼ਾਮਲ ਹਨ। ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਦੀ ਅਗਵਾਈ ਵਿਚ ਅੰਤ੍ਰਿੰਗ ਕਮੇਟੀ ਵੱਲੋਂ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਆਦਿ ਥਾਵਾਂ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਆਪ ਕਰਨ ਲਈ ਫ਼ੈਸਲਾ ਕੀਤਾ ਗਿਆ ਸੀ। ਇਹ ਫ਼ੈਸਲਾ ਵਿਦੇਸ਼ਾਂ ਤੋਂ ਸੰਗਤਾਂ ਵੱਲੋਂ ਪੁੱਜਦੀ ਵੱਡੀ ਮੰਗ ਦੇ ਮੱਦੇਨਜ਼ਰ ਲਿਆ ਗਿਆ ਸੀ। ਬੀਬੀ ਜਗੀਰ ਕੌਰ ਨੇ ਐਲਾਨ ਕੀਤਾ ਸੀ ਕਿ ਸ਼੍ਰੋਮਣੀ ਕਮੇਟੀ ਵੱਲੋਂ ਵੱਖ-ਵੱਖ ਦੇਸ਼ਾਂ ’ਚ ਪ੍ਰਿੰਟਿੰਗ ਪ੍ਰੈੱਸਾਂ ਸਥਾਪਿਤ ਕਰਕੇ ਮਰਿਆਦਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਕੀਤੀ ਜਾਵੇਗੀ ਅਤੇ ਉਥੋਂ ਨਾਲ ਲੱਗਦੇ ਦੇਸ਼ਾਂ ’ਚ ਸੜਕੀ ਮਾਰਗ ਰਾਹੀਂ ਪਾਵਨ ਸਰੂਪ ਪਹੁੰਚਾਏ ਜਾਣਗੇ।

PunjabKesari

ਕੈਨੇਡਾ ਗਏ ਵਫ਼ਦ ਦੇ ਆਗੂ ਸੁਰਜੀਤ ਸਿੰਘ ਭਿੱਟੇਵੱਡ ਨੇ ਫੋਨ ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕੈਨੇਡਾ ਦੇ ਬੀ.ਸੀ. ਨਾਲ ਸਬੰਧਤ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਤੋਂ ਇਲਾਵਾ ਕੈਲਗਰੀ ਦੇ ਗੁਰਦੁਆਰਾ ਸਾਹਿਬਾਨ ਵਿਖੇ ਇਸ ਸਬੰਧ ਵਿਚ ਸੰਗਤਾਂ ਤੇ ਗੁਰਦੁਆਰਾ ਪ੍ਰਬੰਧਕਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਹੈ। ਭਿੱਟੇਵੱਡ ਅਨੁਸਾਰ ਵਫ਼ਦ ਨੇ ਹੁਣ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ, ਗੁਰਦੁਆਰਾ ਦਸਮੇਸ਼ ਕਲਚਰਲ ਸੁਸਾਇਟੀ ਕੈਲਗਰੀ, ਗੁਰਦੁਆਰਾ ਕਲਗੀਧਰ ਸਾਹਿਬ ਐਬਸਫੋਰਟ, ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਐਬਸਫੋਰਟ ਦੇ ਪ੍ਰਬੰਧਕਾਂ ਨਾਲ ਵਿਚਾਰ ਵਟਾਂਦਰਾ ਹੋਇਆ ਹੈ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਉਨ੍ਹਾਂ ਦੱਸਿਆ ਕਿ ਹਰ ਥਾਂ ਤੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਮਰਿਆਦਾ ਅਨੁਸਾਰ ਪਾਵਨ ਸਰੂਪਾਂ ਦੀ ਛਪਾਈ ਲਈ ਲੋੜੀਂਦੀਆਂ ਸਹੂਲਤਾਂ ਅਤੇ ਮਾਹੌਲ ਲਾਜ਼ਮੀ ਹੈ ਅਤੇ ਇਸ ਨੂੰ ਹਰ ਪੱਖ ਤੋਂ ਵਿਚਾਰਿਆ ਜਾ ਰਿਹਾ ਹੈ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਕੈਨੇਡਾ ਵਿਖੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਅਤੇ ਸੰਗਤਾਂ ਦੀ ਰਾਇ ਨੂੰ ਖ਼ਾਸ ਮਹੱਤਵ ਦਿੱਤਾ ਜਾ ਰਿਹਾ ਹੈ ਅਤੇ ਇਸ ਸਬੰਧ ’ਚ ਮੁਕੰਮਲ ਰਿਪੋਰਟ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਸੌਂਪੀ ਜਾਵੇਗੀ।

 ਨੋਟ-ਸ਼੍ਰੋਮਣੀ ਕਮੇਟੀ ਦੇ ਇਸ ਫ਼ੈਸਲੇ ਸਬੰਧੀ ਕੁਮੈਂਟ ਕਰ ਕੇ ਦਿਓ ਆਪਣੀ ਰਾਇ।


author

Manoj

Content Editor

Related News