ਲੌਂਗੋਵਾਲ ਬੋਲੇ- ਸੈਂਕੜੇ ਸਿੱਖਾਂ ਦੇ ਕਾਤਲ ਨੂੰ ਫਾਂਸੀ ਹੋਣੀ ਚਾਹੀਦੀ ਸੀ (ਵੀਡੀਓ)

12/17/2018 4:35:13 PM

ਸੰਗਰੂਰ/ਅੰਮ੍ਰਿਤਸਰ (ਪ੍ਰਿੰਸ, ਦੀਪਕ ਸ਼ਰਮਾ)— 1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਦਿੱਲੀ ਹਾਈਕੋਰਟ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਉਣ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਵਾਗਤ ਕੀਤਾ ਹੈ। ਬੇਸ਼ੱਕ ਭਾਈ ਲੌਂਗੋਵਾਲ ਨੇ ਇਹ ਗੱਲ ਵੀ ਆਖੀ ਹੈ ਕਿ ਸੱਜਣ ਕੁਮਾਰ ਉਮਰ ਕੈਦ ਦਾ ਨਹੀਂ ਸਗੋਂ ਫਾਂਸੀ ਦੀ ਸਜ਼ਾ ਦਾ ਹੱਕਦਾਰ ਸੀ, ਪਰ ਨਿਆਂਪਾਲਕਾ ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਦੇ ਕੇ ਉਸ ਦੇ ਗੁਨਾਹਾਂ ਨੂੰ ਸਾਬਤ ਕਰ ਦਿੱਤਾ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ 34 ਸਾਲ ਬਾਅਦ ਆਇਆ ਇਹ ਫੈਸਲਾ ਸਿੱਖ ਨਸਲਕੁਸ਼ੀ ਦੇ ਪੀੜਤਾਂ ਨੂੰ ਕੁਝ ਹੱਦ ਤਕ ਰਾਹਤ ਦੇਣ ਵਾਲਾ ਹੈ ਪਰ ਅਜੇ ਵੀ ਬਹੁਤ ਸਾਰੇ ਦੋਸ਼ੀ ਕਾਨੂੰਨ ਦੀ ਗ੍ਰਿਫਤ 'ਚੋਂ ਬਾਹਰ ਹਨ। ਉਨ੍ਹਾਂ ਜਗਦੀਸ਼ ਟਾਈਟਲਰ ਸਮੇਤ ਸਿੱਖ ਕਤਲੇਆਮ ਦੇ ਹੋਰਨਾਂ ਦੋਸ਼ੀਆਂ ਨੂੰ ਵੀ ਸਖ਼ਤ ਸਜ਼ਾਵਾਂ ਦੇਣ ਦੀ ਵਕਾਲਤ ਕੀਤੀ।

ਉਨ੍ਹਾਂ ਕਿਹਾ ਕਿ ਸਿੱਖਾਂ ਦੀ ਦੁਸ਼ਮਣ ਕਾਂਗਰਸ ਵੱਲੋਂ ਸਿੱਖ ਕਤਲੇਆਮ ਕਰਵਾਉਣ ਤੋਂ ਬਾਅਦ ਇਸ ਦੇ ਦੋਸ਼ੀਆਂ ਨੂੰ ਜਿਥੇ ਲਗਾਤਾਰ ਬਚਾਇਆ ਜਾਂਦਾ ਰਿਹਾ, ਉਥੇ ਹੀ ਸਿੱਖਾਂ ਨੂੰ ਹੋਰ ਚਿੜਾਉਣ ਅਤੇ ਉਨ੍ਹਾਂ ਜ਼ਖਮਾਂ ਨੂੰ ਕੁਰੇਦਣ ਲਈ ਜਗਦੀਸ਼ ਟਾਈਟਲਰ, ਸੱਜਣ ਕੁਮਾਰ, ਕਮਲ ਨਾਥ ਸਮੇਤ ਹੋਰ ਅਨੇਕਾਂ ਦੋਸ਼ੀਆਂ ਨੂੰ ਉੱਚੇ ਅਹੁਦੇ ਦੇ ਕੇ ਨਿਵਾਜਿਆ ਗਿਆ। ਭਾਈ ਲੌਂਗੋਵਾਲ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨਾਲ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਪਿਛਲੀਆਂ ਮਿਲਣੀਆਂ ਦੌਰਾਨ ਇਸ ਮਾਮਲੇ ਨੂੰ ਚੁੱਕਿਆ ਗਿਆ ਸੀ ਅਤੇ ਸਿੱਖਾਂ ਨੂੰ ਇਨਸਾਫ ਦਿਵਾਉਣ ਦੀ ਅਪੀਲ ਕੀਤੀ ਗਈ ਸੀ।


cherry

Content Editor

Related News