ਪੰਜਾਬ 'ਚ ਫ਼ਿਲਮ 'ਯਾਰੀਆਂ 2' ਨੂੰ ਲੈ ਭਖਿਆ ਵਿਵਾਦ, ਟੀਮ ਖ਼ਿਲਾਫ਼ FIR ਦਰਜ
Thursday, Aug 31, 2023 - 10:54 AM (IST)
ਜਲੰਧਰ (ਸੁਧੀਰ)– ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਭਾਵਨਾਵਾਂ ਵਿਰੁੱਧ ਫ਼ਿਲਮਾਂਕਣ ਨੂੰ ਲੈ ਕੇ ‘ਯਾਰੀਆਂ 2’ ਵਿਵਾਦਾਂ 'ਚ ਘਿਰਦੀ ਜਾ ਰਹੀ ਹੈ। ਦੀ ਟੀਮ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਹੁਣ ਜਲੰਧਰ 'ਚ ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਨੇ ਥਾਣਾ ਡਵੀਜ਼ਨ ਨੰਬਰ 4 'ਚ ਐਕਟਰ, ਡਾਇਰੈਕਟਰ ਅਤੇ ਪ੍ਰੋਡਿਊਸਰ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ 'ਚ 295 ਏ ਤਹਿਤ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਸਿੱਖ ਤਾਲਮੇਲ ਕਮੇਟੀ ਦੀ ਤਰਫੋਂ ਵਿਦੇਸ਼ੀ ਆਟੋ ਸਪੇਅਰ ਪਾਰਟਸ ਦੇ ਮਾਲਕ ਅਲੀ ਪੁਲੀ ਮੁਹੱਲਾ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਨੀਟੂ ਵੱਲੋਂ ਇਹ ਐੱਫ. ਆਈ. ਆਰ. ਦਰਜ ਕਰਵਾਈ ਗਈ ਹੈ। ਹਰਪ੍ਰੀਤ ਸਿੰਘ ਨੇ ਆਪਣੀ ਸ਼ਿਕਾਇਤ 'ਚ ਕਿਹਾ ਹੈ ਕਿ 'ਯਾਰੀਆਂ 2' ਦੇ ਗੀਤ 'ਚ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਜਾਣਬੁੱਝ ਕੇ ਸ੍ਰੀ ਸਾਹਿਬ ਪਾ ਕੇ ਫਿਲਮਾਇਆ ਗਿਆ ਹੈ।
ਸ੍ਰੀ ਸਾਹਿਬ ਪਾਉਣ ਲਈ ਅੰਮ੍ਰਿਤਧਾਰੀ ਸਿੱਖ ਹੋਣਾ ਹੈ ਜ਼ਰੂਰੀ
ਹਰਪ੍ਰੀਤ ਸਿੰਘ ਨੀਟੂ ਨੇ ਆਪਣੀ ਸ਼ਿਕਾਇਤ 'ਚ ਕਿਹਾ ਹੈ ਕਿ ਸ੍ਰੀ ਗੁਰੂ ਸਾਹਿਬ ਵੱਲੋਂ ਸਿੱਖਾਂ ਨੂੰ ਦਿੱਤੇ ਪੰਜ ਕੱਕਾਰ (ਪੰਜ ਚਿੰਨ੍ਹ) ਪਹਿਨਣ ਲਈ ਵਿਅਕਤੀ ਦਾ ਅੰਮ੍ਰਿਤਧਾਰੀ ਸਿੱਖ ਹੋਣਾ ਜ਼ਰੂਰੀ ਹੈ ਪਰ ਫ਼ਿਲਮ 'ਚ ਕਲੀਨ ਸ਼ੇਵਨ ਹੀਰੋ (ਨਿਜ਼ਾਨ ਜਾਫਰੀ) ਸਿੱਖਾਂ ਦੇ ਪੰਜ ਕਕਾਰਾਂ 'ਚੋਂ ਇੱਕ ਸਿਰੀ ਸਾਹਿਬ (ਕਿਰਪਾਨ) ਪਹਿਨ ਕੇ ਗੀਤ ਗਾ ਰਿਹਾ ਹੈ। ਇਸ ਗੀਤ 'ਚ ਜਿੱਥੇ ਫ਼ਿਲਮ ਦੇ ਨਿਰਦੇਸ਼ਕ, ਅਦਾਕਾਰ ਅਤੇ ਨਿਰਮਾਤਾ ਨੇ ਕਕਾਰ ਦਾ ਨਿਰਾਦਰ ਕੀਤਾ ਹੈ, ਉੱਥੇ ਹੀ ਸਿੱਖ ਮਰਿਆਦਾ ਦੀ ਵੀ ਉਲੰਘਣਾ ਕੀਤੀ ਹੈ।
ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੂੰ ਵੀ ਕੀਤੀ ਇਹ ਅਪੀਲ
ਦੱਸ ਦਈਏ ਕਿ ਬੀਤੇ ਦਿਨੀਂ ਇਹ ਮਾਮਲਾ ਸਾਹਮਣੇ ਆਉਣ ’ਤੇ ਸ਼੍ਰੋਮਣੀ ਕਮੇਟੀ ਵਲੋਂ ਭਾਰਤ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਨਾਲ-ਨਾਲ ਆਈ. ਟੀ. ਮੰਤਰਾਲੇ ਤੇ ਕੇਂਦਰੀ ਫ਼ਿਲਮ ਸੈਂਸਰ ਬੋਰਡ ਪਾਸੋਂ ਇਸ ਫ਼ਿਲਮ ’ਤੇ ਤੁਰੰਤ ਰੋਕ ਲਗਾਉਣ ਦੀ ਮੰਗ ਵੀ ਕੀਤੀ ਗਈ ਸੀ। ਸ਼੍ਰੋਮਣੀ ਕਮੇਟੀ ਨੇ ਇਤਰਾਜ਼ ਪ੍ਰਗਟਾਇਆ ਹੈ ਕਿ 27 ਅਗਸਤ ਨੂੰ ਟੀ-ਸੀਰੀਜ਼ ਕੰਪਨੀ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤੇ ਗਏ ਇਸ ਫ਼ਿਲਮ ਦੇ ਇਕ ਗੀਤ ’ਚ ਸਿਰੋਂ ਮੋਨੇ ਤੇ ਕਲੀਨਸ਼ੇਵ ਅਦਾਕਾਰ ਨੂੰ ਸਿੱਖ ਕਕਾਰ (ਗਾਤਰਾ ਕਿਰਪਾਨ) ਪਹਿਨਾ ਕੇ ਫ਼ਿਲਮਾਂਕਣ ਦਰਸਾਇਆ ਗਿਆ ਹੈ। ਇਸ ਨਾਲ ਦੇਸ਼ ਦੁਨੀਆ ਅੰਦਰ ਵੱਸਦੀ ਸਿੱਖ ਕੌਮ ਦੀਆਂ ਭਾਵਨਾਵਾਂ ਭਡ਼ਕੀਆਂ ਹਨ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਜਾਰੀ ਕੀਤੇ ਸਨ ਇਹ ਨਿਰਦੇਸ਼
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਇਸ ਮਾਮਲੇ ’ਤੇ ਸਖ਼ਤ ਰੁਖ਼ ਅਖ਼ਤਿਆਰ ਕਰਦਿਆਂ ਕਾਨੂੰਨੀ ਕਾਰਵਾਈ ਦੇ ਨਿਰਦੇਸ਼ ਜਾਰੀ ਕੀਤੇ ਸਨ। ਇਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਵਲੋਂ ਅੰਮ੍ਰਿਤਸਰ ਪੁਲਸ ਕਮਿਸ਼ਨਰ ਨੂੰ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਲਈ ਸ਼ਿਕਾਇਤ ਵੀ ਭੇਜੀ ਗਈ ਸੀ। ਐਡਵੋਕੇਟ ਧਾਮੀ ਨੇ ਇਸ ਬਾਰੇ ਸਾਫ਼ ਤੌਰ ’ਤੇ ਕਿਹਾ ਸੀ ਕਿ ਕਿਸੇ ਵੀ ਫ਼ਿਲਮ ’ਚ ਸਿੱਖ ਕਕਾਰਾਂ ਤੇ ਸਿੱਖ ਸਿਧਾਂਤਾਂ ਦੀ ਤੌਹੀਨ ਬਰਦਾਸ਼ਤ ਨਹੀਂ ਹੈ। ਉਨ੍ਹਾਂ ਕਿਹਾ ਕਿ ਸਬੰਧਤ ਫ਼ਿਲਮ ’ਚ ਸਿੱਖ ਕਕਾਰ ਕਿਰਪਾਨ ਤੇ ਗਾਤਰੇ ਨੂੰ ਸਿੱਖ ਸਿਧਾਂਤਾਂ ਤੇ ਮਰਿਆਦਾ ਵਿਰੁੱਧ ਪੇਸ਼ ਕਰਕੇ ਫ਼ਿਲਮ ਦੇ ਨਿਰਮਾਤਾ, ਨਿਰਦੇਸ਼ਕ ਤੇ ਅਦਾਕਾਰ ਨੇ ਠੀਕ ਨਹੀਂ ਕੀਤਾ। ਇਸ ਦੇ ਨਾਲ ਹੀ ਟੀ-ਸੀਰੀਜ਼ ਕੰਪਨੀ ਵਲੋਂ ਇਹ ਸਿੱਖ ਵਿਰੋਧੀ ਦ੍ਰਿਸ਼ ਆਪਣੇ ਚੈਨਲ ’ਤੇ ਜਨਤਕ ਕਰਨ ਦੀ ਅਵੱਗਿਆ ਕੀਤੀ ਹੈ। ਸਿੱਖ ਭਾਵਨਾਵਾਂ ਦੀ ਕਦਰ ਕਰਦਿਆਂ ਸ਼੍ਰੋਮਣੀ ਕਮੇਟੀ ਇਸ ਫ਼ਿਲਮ ਨੂੰ ਕਿਸੇ ਵੀ ਕੀਮਤ ’ਤੇ ਰਿਲੀਜ਼ ਨਹੀਂ ਹੋਣ ਦੇਵੇਗੀ।
ਐਡਵੋਕੇਟ ਧਾਮੀ ਨੇ ਕਿਹਾ ਕਿ ਅਜਿਹੇ ਲੋਕ ਜਾਣਬੁਝ ਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਂਦੇ ਹਨ। ਉਨ੍ਹਾਂ ਆਖਿਆ ਕਿ ਪੂਰੇ ਦੇਸ਼ ਅੰਦਰ ਸਿੱਖ ਮਰਿਆਦਾ ਤੇ ਰਹਿਣੀ ਬਾਰੇ ਸਭ ਨੂੰ ਪਤਾ ਹੋਣ ਦੇ ਬਾਵਜੂਦ ਵੀ ਅਜਿਹੀਆਂ ਹਰਕਤਾਂ ਕਰਕੇ ਸਿੱਖਾਂ ਨੂੰ ਚਿਡ਼ਾਇਆ ਜਾਂਦਾ ਹੈ। ਸ਼੍ਰੋਮਣੀ ਕਮੇਟੀ ਇਸ ਫ਼ਿਲਮ ਨੂੰ ਲੈ ਕੇ ਗੰਭੀਰ ਹੈ ਤੇ ਕਾਨੂੰਨੀ ਕਾਰਵਾਈ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।