SGPC ਦੇ ਜਨਰਲ ਇਜਲਾਸ ''ਚ ਹੰਗਾਮਾ, ਮਹਿਲਾ ਮੈਂਬਰ ਹੱਥੋਂ ਖੋਹਿਆ ਮਾਇਕ (ਵੀਡੀਓ)
Wednesday, Nov 14, 2018 - 12:32 PM (IST)
ਅੰਮ੍ਰਿਤਸਰ (ਸੁਮਿਤ ਖੰਨਾ) - ਐੱਸ. ਜੀ. ਪੀ. ਸੀ. ਦੇ ਮੌਜੂਦਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਸਿੱਖਾਂ ਦੀ ਸਿਰਮੌਰ ਸੰਸਥਾ ਦਾ ਪ੍ਰਧਾਨ ਥਾਪਿਆ ਗਿਆ ਹੈ ਅਤੇ ਇਸ ਮੌਕੇ ਬਾਕੀ ਅਹੁਦੇਦਾਰਾਂ ਨੂੰ ਵੀ ਉਨ੍ਹਾਂ ਦੇ ਅਹੁਦੇ ਸੌਂਪ ਦਿੱਤੇ ਗਏ ਹਨ। ਐੱਸ. ਜੀ. ਪੀ. ਸੀ. ਦੇ ਜਨਰਲ ਇਜਲਾਸ 'ਚ ਮਾਸਟਰ ਤਾਰਾ ਸਿੰਘ ਦੀ ਦੋਹਤੀ ਬੀਬੀ ਕਿਰਨਜੋਤ ਕੌਰ ਨਾਲ ਮਾੜਾ ਵਿਵਹਾਰ ਹੋਣ ਦੇ ਬਾਰੇ ਪਤਾ ਲੱਗਾ ਹੈ। ਦਰਅਸਲ ਬੀਬੀ ਕਿਰਨਜੋਤ ਕੌਰ ਭਰੇ ਇਜਲਾਸ 'ਚ ਇਤਿਹਾਸਕਾਰ ਡਾ. ਕਿਰਪਾਲ ਸਿੰਘ ਨੂੰ ਅਹੁਦੇ ਤੋਂ ਲਾਹੇ ਜਾਣ ਦੀ ਨਿੰਦਿਆ ਕਰ ਰਹੀ ਸੀ ਪਰ ਮਾਹੌਲ ਨੂੰ ਵਿਗੜਦਾ ਦੇਖ ਕੋਲ ਖੜੇ ਜਥੇਦਾਰਾਂ ਨੇ ਪਹਿਲਾਂ ਮਾਈਕ ਬੰਦ ਕੀਤਾ ਤੇ ਫਿਰ ਮਾਇਕ ਦੀ ਸਵਿੱਚ ਵੀ ਬੰਦ ਕਰ ਦਿੱਤੀ। ਇੰਨਾ ਹੀ ਨਹੀਂ ਬੀਬੀ ਦੀ ਆਵਾਜ਼ ਦਬਾਉਣ ਲਈ ਨਾਲ ਹੀ ਆਖੰਡ ਪਾਠ ਸਾਹਿਬ ਵੀ ਸ਼ੁਰੂ ਕਰਵਾਇਆ ਗਿਆ। ਆਪਣੇ ਨਾਲ ਹੋਏ ਇਸ ਵਰਤਾਰੇ 'ਤੇ ਕਿਰਨਜੋਤ ਨੇ ਐੱਸ. ਜੀ. ਪੀ. ਸੀ. ਖਿਲਾਫ ਖੂਬ ਭੜਾਸ ਕੱਢੀ ਹੈ।
ਦੱਸ ਦੇਈਏ ਕਿ ਸਿਲੇਬਸ ਮਸਲੇ 'ਤੇ ਇਤਿਹਾਸਕਾਰ ਡਾ. ਕਿਰਪਾਲ ਸਿੰਘ ਨੂੰ ਅਹੁਦੇ ਤੋਂ ਹਟਾਇਆ ਗਿਆ ਸੀ, ਜਿਸ ਦੇ ਰੋਸ ਵਜੋਂ ਇਜਲਾਸ 'ਚ ਕਿਰਨਜੋਤ ਕੌਰ ਨੇ ਬੋਲਿਆ ਸੀ ਪਰ ਉਸ ਦੀ ਆਵਾਜ਼ ਦਬਾ ਦਿੱਤੀ ਗਈ। ਜਨਰਲ ਇਜਲਾਸ 'ਚ ਬੀਬੀ ਦਾ ਮੂੰਹ ਬੰਦ ਕਰਵਾਉਣ ਪਿੱਛੇ ਅਸਲ ਵਜਾ ਇਹ ਵੀ ਹੋ ਸਕਦੀ ਹੈ ਕਿ ਸ਼ਾਇਦ ਕਿਰਨਜੋਤ ਕਈ ਹੋਰ ਭੇਤ ਨਾ ਖੋਲ ਦਿੰਦੇ।