ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਲਾਨਾ ਬਜਟ ਇਜਲਾਸ ਅੱਜ

03/29/2017 12:52:38 PM

ਅੰਮ੍ਰਿਤਸਰ (ਦੀਪਕ/ਬਿਊਰੋ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਲਾਨਾ ਬਜਟ ਇਜਲਾਸ 29 ਮਾਰਚ ਨੂੰ ਤੇਜਾ ਸਿੰਘ ਸਮੁੰਦਰੀ ਹਾਲ ''ਚ ਹੋਵੇਗਾ ਅਤੇ ਇਸ ਵਾਰ ਇਹ ਬਜਟ ਕੈਂਸਰ ਰਿਲੀਫ ਫੰਡ ਦਾ ਘੇਰਾ ਵਧਾਉਣ ਲਈ ਟਰੱਸਟ ਕਾਇਮ ਕਰਨ ਤੇ ਧਰਮ ਪ੍ਰਚਾਰ ਅਤੇ ਵਿੱਦਿਆ ਦੇ ਵਧੇਰੇ ਪ੍ਰਸਾਰ ''ਤੇ ਕੇਂਦਰਿਤ ਹੋਵੇਗਾ। ਸ਼੍ਰੋਮਣੀ ਕਮੇਟੀ ਦਾ ਵਿੱਤੀ ਵਰ੍ਹੇ 2017-18 ਦਾ ਇਹ ਬਜਟ ਲਗਭਗ 5 ਸਾਲਾਂ ਮਗਰੋਂ ਜਨਰਲ ਹਾਊਸ ਦੀ ਮੀਟਿੰਗ ਵਿਚ ਪਾਸ ਹੋਵੇਗਾ। 2011 ਤੋਂ ਇਹ ਬਜਟ ਜਨਰਲ ਹਾਊਸ ਦੀ ਥਾਂ ਅੰਤ੍ਰਿੰਗ ਕਮੇਟੀ ਵੱਲੋਂ ਹੀ ਪਾਸ ਕੀਤਾ ਜਾ ਰਿਹਾ ਸੀ ਕਿਉਂਕਿ ਸਹਿਜਧਾਰੀਆਂ ਨੂੰ ਵੋਟ ਪਾਉਣ ਦੇ ਮਾਮਲੇ ਨੂੰ ਲੈ ਕੇ 2011 ਵਿਚ ਹੋਈਆਂ ਚੋਣਾਂ ਤੋਂ ਬਾਅਦ ਸਦਨ ਦੇ ਗਠਨ ''ਤੇ ਰੋਕ ਲਾ ਦਿੱਤੀ ਗਈ ਸੀ। ਇਹ ਮਾਮਲਾ ਸੁਪਰੀਮ ਕੋਰਟ ਦੇ ਵਿਚਾਰ ਅਧੀਨ ਸੀ ਤੇ ਅਦਾਲਤ ਨੇ ਸ਼੍ਰੋਮਣੀ ਕਮੇਟੀ ਦਾ ਕੰਮਕਾਜ ਚਲਾਉਣ ਲਈ 2010 ਵਾਲੀ ਅੰਤ੍ਰਿੰਗ ਕਮੇਟੀ ਨੂੰ ਅਧਿਕਾਰ ਦੇ ਦਿੱਤੇ ਸਨ, ਜਿਸ ਕਾਰਨ ਇਸ ਸਮੇਂ ਦੌਰਾਨ ਨਾ ਤਾਂ ਪ੍ਰਧਾਨ ਤੇ ਅਹੁਦੇਦਾਰਾਂ ਦੀ ਸਾਲਾਨਾ ਚੋਣ ਲਈ ਜਨਰਲ ਇਜਲਾਸ ਸੱਦਿਆ ਗਿਆ ਅਤੇ ਨਾ ਹੀ ਸਾਲਾਨਾ ਬਜਟ ਲਈ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ ਨੇ ਇਸ ਸਬੰਧੀ ਦੱਸਿਆ ਕਿ ਬਜਟ ਇਜਲਾਸ ਵਿਚ ਸ਼੍ਰੋਮਣੀ ਕਮੇਟੀ ਨਾਲ ਸੰਬੰਧਿਤ ਸੈਕਸ਼ਨ 85 ਦੇ ਸਮੂਹ ਗੁਰਦੁਆਰੇ, ਟਰੱਸਟ ਫੰਡ ਤੇ ਵਿੱਦਿਆ ਫੰਡ ਸਮੇਤ ਧਰਮ ਪ੍ਰਚਾਰ ਕਮੇਟੀ ਦਾ ਸਾਲਾਨਾ ਬਜਟ ਤੈਅ ਹੋਵੇਗਾ।
ਉਨ੍ਹਾਂ ਦੱਸਿਆ ਕਿ ਨਵੇਂ ਵਿੱਤੀ ਵਰ੍ਹੇ ਦੇ ਸਾਲਾਨਾ ਬਜਟ ਵਿਚ ਧਰਮ ਪ੍ਰਚਾਰ ਤੇ ਵਿੱਦਿਆ ਦੇ ਪ੍ਰਸਾਰ ਨੂੰ ਤਰਜੀਹ ਦਿੱਤੀ ਜਾਵੇਗੀ। ਖਾਸ ਕਰ ਕੇ ਰਾਹ ਭਟਕੇ ਨੌਜਵਾਨਾਂ ਨੂੰ ਮੁੜ ਸਿੱਖੀ ਨਾਲ ਜੋੜਨ ਲਈ ਨਵੀਆਂ ਯੋਜਨਾਵਾਂ ''ਤੇ ਕੰਮ ਹੋਵੇਗਾ। ਮਿਲੇ ਵੇਰਵਿਆਂ ਮੁਤਾਬਕ ਇਸ ਵਰ੍ਹੇ ਦੇ ਬਜਟ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਕੈਂਸਰ ਰਿਲੀਫ ਫੰਡ ਦਾ ਘੇਰਾ ਹੋਰ ਵਧਾਉਣ ਨੂੰ ਤਰਜੀਹ ਦਿੱਤੀ ਜਾਵੇਗੀ, ਜਿਸ ਤਹਿਤ ਇਸ ਸਬੰਧੀ ਇਕ ਨਵਾਂ ਟਰੱਸਟ ਕਾਇਮ ਕੀਤਾ ਜਾ ਸਕਦਾ ਹੈ, ਜੋ ਕੈਂਸਰ ਰਿਲੀਫ ਫੰਡ ਦਾ ਸਮੁੱਚਾ ਕੰਮਕਾਜ ਦੇਖੇਗਾ। ਇਸ ਟਰੱਸਟ ਦੇ ਕਾਇਮ ਹੋਣ ਨਾਲ ਇਸ ਬੀਮਾਰੀ ਕਾਰਨ ਰਾਹਤ ਪ੍ਰਾਪਤ ਕਰਨ ਵਾਲਿਆਂ ਦੀ ਗਿਣਤੀ ਵਿਚ ਵੀ ਵਾਧਾ ਹੋ ਸਕੇਗਾ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਿਛਲੇ ਵਰ੍ਹੇ ਨਵੰਬਰ ਵਿਚ ਕੇਂਦਰ ਸਰਕਾਰ ਦੇ ਨੋਟਬੰਦੀ ਦੇ ਫੈਸਲੇ ਨੇ ਗੁਰਦੁਆਰਿਆਂ ਦੀ ਆਮਦਨ ਨੂੰ ਵੀ ਪ੍ਰਭਾਵਿਤ ਕੀਤਾ ਹੈ। ਨੋਟਬੰਦੀ ਕਾਰਨ ਗੁਰਦੁਆਰਿਆਂ ਵਿਚ ਆਉਂਦੀ ਦਾਨ ਦੀ ਰਕਮ ਘਟੀ ਹੈ। ਪਿਛਲੇ ਵਰ੍ਹੇ ਸ਼੍ਰੋਮਣੀ ਕਮੇਟੀ ਵੱਲੋਂ 1064.14 ਕਰੋੜ ਰੁਪਏ ਦਾ ਬਜਟ ਪਾਸ ਕੀਤਾ ਗਿਆ ਸੀ, ਜੋ ਕਿ ਉਸ ਤੋਂ ਪਿਛਲੇ ਵਰ੍ਹੇ ਦੇ ਬਜਟ ਨਾਲੋਂ 7 ਫੀਸਦੀ ਵੱਧ ਸੀ। ਨੋਟਬੰਦੀ ਅਤੇ ਹੋਰ ਕੁਝ ਕਾਰਨਾਂ ਕਰ ਕੇ ਇਸ ਵਾਰ ਬਜਟ ਵਿਚ ਵਾਧੇ ਦੀ ਫੀਸਦੀ ਵੀ ਪ੍ਰਭਾਵਿਤ ਹੋ ਸਕਦੀ ਹੈ।

Babita Marhas

News Editor

Related News