'ਸ਼੍ਰੋਮਣੀ ਕਮੇਟੀ' 'ਤੇ ਕੋਰੋਨਾ ਦਾ ਸਾਇਆ, ਸਟੋਰਾਂ 'ਚੋਂ ਮੁੱਕਣ ਲੱਗਾ ਲੰਗਰ ਦੀ ਰਸਦ ਦਾ ਸਮਾਨ
Thursday, Apr 02, 2020 - 01:17 PM (IST)
ਅੰਮ੍ਰਿਤਸਰ : ਇਸ ਸਮੇਂ ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਨੂੰ ਆਪਣੇ ਲਪੇਟੇ 'ਚ ਲਿਆ ਹੋਇਆ ਹੈ। ਪੰਜਾਬ 'ਚ ਵੀ ਕੋਰੋਨਾ ਕਾਰਨ ਹੁਣ ਤੱਕ 5 ਮੌਤਾਂ ਹੋ ਚੁੱਕੀਆਂ ਹਨ ਅਤੇ ਜਿੱਥੇ ਵਪਾਰਕ ਅਤੇ ਬਾਕੀ ਅਦਾਰੇ ਘਾਟੇ 'ਚ ਜਾ ਰਹੇ ਹਨ, ਉੱਥੇ ਹੀ ਸਿੱਖ ਕੌਮ ਦੀ ਨੁਮਾਇੰਦਗੀ ਕਰਨ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਵੀ ਕੋਰੋਨਾ ਸੰਕਟ ਛਾ ਗਿਆ ਹੈ। 100 ਕਰੋੜ ਦੀ ਮਹੀਨੇਵਾਰ ਆਮਦਨ ਵਾਲੀ ਇਸ ਸੰਸਥਾ ਦੀ ਆਮਦਨ 'ਚ 98 ਫੀਸਦੀ ਦੀ ਭਾਰੀ ਕਮੀ ਦਰਜ ਕੀਤੀ ਗਈ ਹੈ। ਕੋਰੋਨਾ ਵਾਇਰਸ ਕਾਰਨ ਗੁਰਦੁਆਰਿਆਂ 'ਚ ਸੰਗਤ ਦੀ ਆਮਦ ਘਟੀ ਹੈ, ਜਿਸ ਕਾਰਨ ਚੜ੍ਹਾਵਾ ਚੜ੍ਹਨਾ ਬੰਦ ਹੋ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਸਮੂਹ ਅਦਾਰਿਆਂ 'ਚ 21 ਹਜ਼ਾਰ ਦੇ ਕਰੀਬ ਮੁਲਾਜ਼ਮ ਹਨ, ਜਿਨ੍ਹਾਂ ਦੀ ਮਾਸਿਕ ਤਨਖਾਹ 20 ਤੋਂ 22 ਕਰੋੜ ਤੱਕ ਬਣਦੀ ਹੈ।
ਇਹ ਵੀ ਪੜ੍ਹੋ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੋੜਵੰਦਾਂ ਲਈ ਵੱਡਾ ਸਹਾਰਾ ਸਿੱਧ ਹੋ ਰਹੀ ਹੈ : ਕਮੇਟੀ ਮੈਂਬਰ
ਜੇਕਰ ਸ੍ਰੀ ਦਰਬਾਰ ਸਾਹਿਬ ਦੇ ਔਸਤਨ 25 ਕਰੋੜ ਰੁਪਏ ਮਹੀਨੇ ਦੇ ਚੜ੍ਹਾਵੇ 'ਤੇ ਨਜ਼ਰ ਮਾਰੀ ਜਾਵੇ ਤਾਂ ਕੋਰੋਨਾ ਦੇ ਪ੍ਰਕੋਪ ਤੋਂ ਬਾਅਦ ਇਹ ਆਂਕੜਾ ਹਜ਼ਾਰਾਂ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ, ਜਦੋਂ ਕਿ ਬਾਕੀ ਗੁਰਦੁਆਰਾ ਸਾਹਿਬਾਨ ਦਾ ਵੀ ਇਹੋ ਹਾਲ ਹੈ। ਗੁਰਦੁਆਰਾ ਸਾਹਿਬਾਨ ਦੇ ਸਟੋਰਾਂ 'ਚ ਪਏ ਲੰਗਰ ਦੀ ਰਸਦ ਦਾ ਭੰਡਾਰ ਵੀ ਕੁਝ ਹਫਤਿਆਂ ਦਾ ਹੀ ਰਹਿ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਰਹੇ ਜੱਥੇਦਾਰ ਸੁਖਦੇਵ ਸਿੰਘ ਭੌਰ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਮੁਲਾਜ਼ਮਾਂ ਨੂੰ ਗਲੀ-ਗਲੀ ਭੇਜਣ ਦੀ ਬਜਾਏ ਹਰ ਪਿੰਡ ਵਿਚਲੇ ਗੁਰਦੁਆਰੇ 'ਚ ਹੀ ਲੰਗਰ ਤਿਆਰ ਕਰਵਾ ਕੇ ਲੋਕਾਂ ਨੂੰ ਮੁਹੱਈਆ ਕਰਵਾ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਭਾਰਤ ਤੇ ਪੰਜਾਬ ਦੇ ਕਿਸਾਨਾਂ ਲਈ ਖੁਸ਼ਖਬਰੀ, ਅਪ੍ਰੈਲ ਦੇ ਪਹਿਲੇ ਹਫਤੇ ਮਿਲਣਗੇ 2000 ਰੁਪਏ
'ਸ਼੍ਰੋਮਣੀ ਕਮੇਟੀ ਨੇ ਬਿਨਾ ਭੇਦਭਾਵ ਲੋਕਾਂ ਦੀ ਮਦਦ ਕੀਤੀ'
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦਾ ਕਹਿਣਾ ਹੈ ਕਿ ਜਦੋਂ ਵੀ ਮਨੁੱਖਤਾ 'ਤੇ ਕੋਈ ਆਫਤ ਆਈ ਹੈ ਤਾਂ ਸ਼੍ਰੋਮਣੀ ਕਮੇਟੀ ਨੇ ਧਰਮ, ਜਾਤ, ਫਿਰਕੇ ਤੋਂ ਉੱਪਰ ਉੱਠ ਕੇ ਮਦਦ ਕੀਤੀ ਹੈ। ਉਸੇ ਮੁਤਾਬਕ ਹੁਣ ਵੀ ਸਿਖ ਫਲਸਫੇ ਤੇ ਗੁਰੂ ਸਾਹਿਬਾਨ ਵਲੋਂ ਸਰਬੱਤ ਦੇ ਭਲੇ ਦੇ ਸੁਨੇਹੇ ਮੁਤਾਬਕ ਕੋਰੋਨਾ ਮਹਾਂਮਾਰੀ ਨਾਲ ਜੂਝ ਰਹੇ ਗਰੀਬ, ਗੁਰਬਿਆਂ ਦੀ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਆਰਥਿਕ ਸੰਕਟ ਦੀ ਗੱਲ਼ ਹੈ ਤਾਂ ਸਿੱਖ ਪੰਥ ਦੇ ਵਡੇਰੇ ਹਿੱਤਾਂ ਲਈ ਤੇ ਸ਼੍ਰੋਮਣੀ ਕਮੇਟੀ ਦੀ ਚੜ੍ਹਦੀ ਕਲਾ ਲਈ ਵਿਦਵਾਨਾਂ ਵਲੋਂ ਜੇ ਕੋਈ ਸੁਝਾਅ ਦਿੱਤੇ ਜਾਂਦੇ ਹਨ ਤਾਂ ਉਨ੍ਹਾਂ 'ਤੇ ਗੰਭੀਰਤ ਨਾਲ ਵਿਚਾਰ ਕੀਤਾ ਜਾਵੇਗਾ। ਇਸ ਬਾਰੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਸੰਪਰਕ ਨਹੀਂ ਹੋ ਸਕਿਆ।