ਸ਼੍ਰੋਮਣੀ ਕਮੇਟੀ 7 ਜਨਵਰੀ ਤੋਂ ਪੰਜਾਬ ਭਰ ''ਚ ਸਜਾਏਗੀ ਨਗਰ ਕੀਰਤਨ: ਲੌਂਗੋਵਾਲ

12/22/2018 9:57:32 AM

ਸੁਲਤਾਨਪੁਰ ਲੋਧੀ/ ਅੰਮ੍ਰਿਤਸਰ (ਸੋਢੀ, ਦੀਪਕ)—ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ  ਤੋਂ 7 ਜਨਵਰੀ 2019 ਨੂੰ ਆਰੰਭ ਕੀਤੇ ਜਾਣ ਵਾਲੇ   ਨਗਰ ਕੀਰਤਨ ਦੀਆਂ ਤਿਆਰੀਆਂ ਸਬੰਧੀ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ਇਥੇ  ਵਿਸ਼ੇਸ਼ ਇਕੱਤਰਤਾ ਕੀਤੀ ਗਈ। ਇਸ ਦੌਰਾਨ ਫੈਸਲਾ ਕੀਤਾ ਗਿਆ ਕਿ ਪੰਜਾਬ ਭਰ ਵਿਚ ਸਜਾਏ ਜਾਣ ਵਾਲੇ ਇਸ ਨਗਰ ਕੀਰਤਨ ਨੂੰ 'ਸ਼ਬਦ ਗੁਰੂ ਪ੍ਰਚਾਰ ਯਾਤਰਾ' ਵਜੋਂ ਸਜਾਇਆ ਜਾਵੇਗਾ, ਜੋ 7 ਜਨਵਰੀ ਨੂੰ ਆਰੰਭ ਹੋ ਕੇ ਸਾਰੇ ਪੰਜਾਬ ਦੇ ਸ਼ਹਿਰਾਂ, ਨਗਰਾਂ ਤੇ ਪਿੰਡਾਂ 'ਚੋਂ ਹੁੰਦਾ ਹੋਇਆ 17 ਅਪ੍ਰੈਲ 2019 ਨੂੰ ਵਾਪਸ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਹੀ ਸੰਪੂਰਨ ਹੋਵੇਗਾ। 

ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਸਿੱਖ ਜਗਤ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਵੱਲੋਂ ਸ਼ਾਨੋ-ਸ਼ੌਕਤ ਨਾਲ ਮਨਾਇਆ ਜਾ ਰਿਹਾ ਹੈ ਅਤੇ ਇਸ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਨੇ ਇਹ ਵਿਸ਼ਾਲ ਨਗਰ ਕੀਰਤਨ ਸਜਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਨਗਰ ਕੀਰਤਨ ਦਾ ਮੰਤਵ ਸੰਗਤ ਅੰਦਰ ਪ੍ਰਕਾਸ਼ ਪੁਰਬ ਸਮਾਗਮਾਂ ਸਬੰਧੀ ਪ੍ਰੇਰਨਾ ਅਤੇ ਉਤਸ਼ਾਹ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਮੈਂਬਰਾਨ ਵੱਲੋਂ ਧਾਰਮਿਕ ਸਭਾ-ਸੁਸਾਇਟੀਆਂ, ਸਿੱਖ ਜਥੇਬੰਦੀਆਂ, ਵੱਖ-ਵੱਖ ਰਾਜਸੀ ਪਾਰਟੀਆਂ, ਸਮਾਜਿਕ ਆਗੂਆਂ ਅਤੇ ਸੰਗਤਾਂ ਨੂੰ ਪ੍ਰੇਰਨਾ ਕਰਨ ਲਈ ਰਾਬਤਾ ਬਣਾਇਆ ਜਾਵੇਗਾ। ਉਨ੍ਹਾਂ ਸਮੂਹ ਸੰਤਾਂ-ਮਹਾਪੁਰਸ਼ਾਂ, ਧਾਰਮਿਕ ਜਥੇਬੰਦੀਆਂ, ਸਭਾ ਸੁਸਾਇਟੀਆਂ ਤੇ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਇਸ ਇਤਿਹਾਸਕ ਨਗਰ ਕੀਰਤਨ ਵਿਚ ਸ਼ਾਮਲ ਹੋਣ ਅਤੇ ਆਪੋ-ਆਪਣੇ ਇਲਾਕੇ ਵਿਚ ਇਸ ਦਾ ਵੱਧ ਚੜ੍ਹ ਕੇ ਸਵਾਗਤ ਕਰਨ।

ਇਸ ਮੌਕੇ ਬੀਬੀ ਜਗੀਰ ਕੌਰ, ਚਰਨਜੀਤ ਸਿੰਘ ਬਰਾੜ, ਅੰਤ੍ਰਿੰਗ ਮੈਂਬਰ ਖ਼ੁਸ਼ਵਿੰਦਰ ਸਿੰਘ ਭਾਟੀਆ, ਭੁਪਿੰਦਰ ਸਿੰਘ ਭਲਵਾਨ, ਸ਼ਿੰਗਾਰਾ ਸਿੰਘ ਲੋਹੀਆਂ,  ਜਰਨੈਲ ਸਿੰਘ ਕਰਤਾਰਪੁਰ, ਸਰਵਣ ਸਿੰਘ ਕੁਲਾਰ, ਬੀਬੀ ਗੁਰਪ੍ਰੀਤ ਕੌਰ ਰੂਹੀ,  ਸੁਖਵਿੰਦਰ ਸਿੰਘ, ਜਸਵੰਤ ਸਿੰਘ ਮੈਨੇਜਰ ਗੁਰਦੁਆਰਾ ਬਾਊਲੀ ਸਾਹਿਬ, ਗੁਰਦੁਆਰਾ ਬੇਬੇ ਨਾਨਕੀ ਜੀ ਦੇ ਮੈਨੇਜਰ ਜਥੇ. ਗੁਰਦਿਆਲ ਸਿੰਘ ਆਦਿ ਹੋਰਨਾਂ ਸ਼ਿਰਕਤ ਕੀਤੀ।


Shyna

Content Editor

Related News