ਪਾਕਿ ''ਚ ਸਿੱਖ਼ ਨੂੰ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੀ ਲੌਂਗੋਵਾਲ ਨੇ ਕੀਤੀ ਨਿਖੇਧੀ

Monday, Jan 06, 2020 - 10:26 AM (IST)

ਪਾਕਿ ''ਚ ਸਿੱਖ਼ ਨੂੰ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੀ ਲੌਂਗੋਵਾਲ ਨੇ ਕੀਤੀ ਨਿਖੇਧੀ

ਫਤਿਹਗੜ੍ਹ ਸਾਹਿਬ, ਅੰਮ੍ਰਿਤਸਰ (ਜਗਦੇਵ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪਾਕਿ ਦੇ ਪਿਸ਼ਾਵਰ 'ਚ ਇਕ ਸਿੱਖ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤੇ ਜਾਣ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ। ਉਨ੍ਹਾਂ ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਤੋਂ ਮੰਗ ਕੀਤੀ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਲੌਂਗੋਵਾਲ ਨੇ ਕਿਹਾ ਕਿ ਅਜੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ 'ਤੇ ਪੱਥਰਾਂ ਨਾਲ ਹਮਲਾ ਕਰਨ ਵਾਲਿਆਂ ਨੂੰ ਗ੍ਰਿਫਤਾਰ ਨਹੀਂ ਕੀਤਾ, ਜੋ ਅਜੇ ਤੱਕ ਸ਼ਰੇਆਮ ਤੁਰੇ ਫਿਰਦੇ ਹਨ। ਜਿਨ੍ਹਾਂ ਨੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੇ ਸਿੱਖਾਂ ਬਾਰੇ ਬੜੇ ਮੰਦਭਾਗੇ ਸ਼ਬਦ ਵਰਤੇ ਸਨ ਤੇ ਹੁਣ ਸ਼ਰੇਆਮ ਗੋਲੀਆਂ ਮਾਰ ਕੇ ਇਕ ਸਿੱਖ ਦਾ ਕਤਲ ਕਰ ਦਿੱਤੇ ਜਾਣ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ।

ਉਨ੍ਹਾਂ ਕਿਹਾ ਕਿ ਪਾਕਿ 'ਚ ਘੱਟ ਗਿਣਤੀਆਂ ਖਾਸ ਕਰ ਸਿੱਖ ਕਿਸੇ ਵੀ ਹਾਲਤ 'ਚ ਸੁਰੱਖਿਅਤ ਨਹੀਂ ਹਨ ਤੇ ਸਮੁੱਚਾ ਸਿੱਖ ਭਾਈਚਾਰਾ ਤੇ ਗਹਿਰੀ ਚਿੰਤਾ 'ਚ ਹੈ। ਪਾਕਿ ਸਰਕਾਰ ਨੂੰ ਚਾਹੀਦਾ ਹੈ ਕਿ ਸਿੱਖਾਂ ਦੀ ਹਰੇਕ ਪ੍ਰਕਾਰ ਤੋਂ ਸੁਰੱਖਿਆ ਯਕੀਨੀ ਬਣਾਈ ਜਾਵੇ। ਭਾਈ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਾਕਿ 'ਚ ਇਕ ਚਾਰ ਮੈਂਬਰੀ ਵਫ਼ਦ ਭੇਜਿਆ ਜਾ ਰਿਹਾ ਹੈ, ਜੋ ਉੱਥੋਂ ਦੇ ਸਿੱਖਾਂ ਨਾਲ ਮਿਲ ਕੇ ਸਮੁੱਚੇ ਹਾਲਾਤ ਦਾ ਜਾਇਜ਼ਾ ਲਵੇਗਾ। ਇਮਰਾਨ ਖਾਨ ਨੂੰ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ 'ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਇਸ ਮੌਕੇ ਬੀਬੀ ਕੁਲਦੀਪ ਕੌਰ ਟੌਹੜਾ, ਜਗਦੀਪ ਸਿੰਘ ਚੀਮਾ, ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ, ਅਵਤਾਰ ਸਿੰਘ ਰਿਆ, ਰਵਿੰਦਰ ਸਿੰਘ ਖਾਲਸਾ ਆਦਿ ਹਾਜ਼ਰ ਸਨ।


author

rajwinder kaur

Content Editor

Related News