ਲੁਧਿਆਣਾ : ਚਾਹ ’ਚ ਨਸ਼ੇ ਵਾਲਾ ਪਦਾਰਥ ਮਿਲਾ ਕੇ ਫੁੱਫਡ਼ ਕਰਦਾ ਰਿਹਾ ਜਬਰ-ਜ਼ਨਾਹ

Friday, Jul 20, 2018 - 06:31 AM (IST)

ਲੁਧਿਆਣਾ, (ਰਿਸ਼ੀ)- ਚਾਹ ’ਚ ਨਸ਼ੇ ਵਾਲਾ ਪਦਾਰਥ ਮਿਲਾ ਕੇ 30 ਸਾਲਾ ਫੁੱਫਡ਼ 7ਵੀਂ ਕਲਾਸ ਦੀ ਵਿਦਿਆਰਥਣ ਨਾਲ ਜਬਰ-ਜ਼ਨਾਹ ਕਰਦਾ ਰਿਹਾ। ਹਾਲਤ ਗੰਭੀਰ ਹੋਣ ’ਤੇ 13 ਸਾਲਾ ਮਾਸੂਮ ਨੇ ਮਾਂ ਨੂੰ ਦੱਸਿਆ। ਜਦੋਂ ਉਸ ਦਾ ਹਸਪਤਾਲ ਤੋਂ  ਚੈੱਕਅਪ ਕਰਵਾਇਆ ਗਿਆ ਤਾਂ ਉਸ ਦੇ ਗਰਭਵਤੀ ਹੋਣ ਦਾ ਪਤਾ ਲੱਗਾ, ਜਿਸ ਤੋਂ ਬਾਅਦ ਕਾਰਵਾਈ ਦੀ ਮੰਗ ਨੂੰ ਲੈ ਕੇ ਪੀਡ਼ਤ ਧਿਰ ਥਾਣਾ ਡਵੀਜ਼ਨ ਨੰ. 2 ਪੁੱਜ  ਗਈ ਪਰ ਥਾਣਾ ਮਾਡਲ ਟਾਊਨ ਦਾ ਇਲਾਕਾ ਹੋਣ ਕਾਰਨ ਮਹਿਲਾ ਫੋਰਸ ਨਾਲ ਪੀਡ਼ਤਾ ਨੂੰ ਉੱਥੇ ਪਹੁੰਚਾਇਆ ਗਿਆ।
ਜਾਣਕਾਰੀ ਦਿੰਦੇ ਹੋਏ ਪਿਤਾ ਨੇ ਦੱਸਿਆ ਕਿ ਪੀਡ਼ਤਾ ਉਸ ਦੀ ਇਕਲੌਤੀ ਬੇਟੀ ਹੈ। ਉਸ ਨੇ ਲਗਭਗ 5 ਸਾਲ ਪਹਿਲਾਂ ਭੈਣ ਦਾ ਵਿਆਹ ਧੂਰੀ ਲਾਈਨ ਇਲਾਕੇ  ’ਚ ਰਹਿਣ ਵਾਲੇ ਵਿਅਕਤੀ ਨਾਲ ਕੀਤਾ ਸੀ, ਜੋ ਕਿ ਪ੍ਰਾਈਵੇਟ ਬੈਂਕ ਵਿਚ ਨੌਕਰੀ ਕਰਦਾ ਹੈ। ਭੈਣ ਦੇ ਗਰਭਵਤੀ ਹੋਣ ਕਾਰਨ ਉਹ ਪਿਛਲੇ 6 ਮਹੀਨੇ ਤੋਂ ਬੇਟੀ ਨੂੰ ਘਰ ਦਾ ਕੰਮ ਸੰਭਾਲਣ ਲਈ ਭੇਜ ਦਿੰਦੇ ਸਨ ਅਤੇ ਉਹ 3 ਤੋਂ 5 ਦਿਨਾਂ ਤੱਕ ਉਨ੍ਹਾਂ ਕੋਲ ਰਹਿੰਦੀ ਸੀ। ਬੁੱਧਵਾਰ ਰਾਤ ਨੂੰ ਬੇਟੀ ਦੇ ਪੇਟ ’ਚ ਅਚਾਨਕ ਕਾਫੀ ਦਰਦ ਹੋਣ ਲੱਗ ਪਿਆ। ਉਸ ਦੀ ਮਾਂ ਘਬਰਾ ਗਈ ਅਤੇ ਹਸਪਤਾਲ ਲੈ ਗਈ, ਜਿੱਥੇ ਗਰਭਵਤੀ ਹੋਣ ਦਾ ਪਤਾ ਲੱਗਾ।
ਪੀਡ਼ਤਾ ਨੇ ਦੱਸਿਆ ਕਿ ਰਾਤ ਦੇ ਸਮੇਂ ਜਦੋਂ ਉਹ ਸੌਣ ਲਗਦੀ ਸੀ ਤਾਂ  ਉਸ ਦਾ ਫੁੱਫਡ਼ ਚਾਹ ਬਣਾਉਂਦਾ ਸੀ ਤਾਂ ਚਾਹ ਪੀਣ ਤੋਂ ਬਾਅਦ ਉਹ ਬੇਸੁੱਧ ਹੋ ਜਾਂਦੀ ਸੀ। ਸਵੇਰ ਹੋਣ ’ਤੇ ਉਹ ਆਪਣੇ ਆਪ ਨੂੰ ਅਨਫਿੱਟ ਮਹਿਸੂਸ ਕਰਦੀ ਸੀ ਅਤੇ ਉਸ ਦੇ ਗੁਪਤ  ਅੰਗ ’ਚ ਦਰਦ ਹੁੰਦੀ ਸੀ ਪਰ ਉਸ ਨੇ ਇਸ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ ਪਰ ਹੁਣ ਉਸ ਨੂੰ ਪਤਾ ਲੱਗਾ ਕਿ ਫੁੱਫਡ਼ ਕੋਈ ਨਸ਼ੇ  ਵਾਲਾ ਪਦਾਰਥ ਚਾਹ ਵਿਚ ਮਿਲਾ ਕੇ ਉਸ ਨੂੰ ਦਿੰਦਾ ਸੀ ਅਤੇ ਉਸ ਦੇ ਬੇਹੋਸ਼ ਹੋਣ ’ਤੇ ਸਰੀਰਕ ਸਬੰਧ ਬਣਾਉਂਦਾ ਸੀ। ਥਾਣਾ ਮਾਡਲ ਟਾਊਨ ਦੇ ਮੁਖੀ ਇੰਸਪੈਕਟਰ ਵਿਨੋਦ ਕੁਮਾਰ ਮੁਤਾਬਕ ਉਨ੍ਹਾਂ ਕੋਲ ਸ਼ਿਕਾਇਤ ਆਈ ਹੈ। ਕੇਸ ਦੀ ਜਾਂਚ ਕੀਤੀ ਜਾ ਰਹੀ ਹੈ।


Related News