ਪੰਜਾਬ ''ਚ ਵੱਡੀ ਘਟਨਾ, 7 ਸਾਲਾ ਬੱਚੇ ਨਾਲ ਜਿਨਸੀ ਸ਼ੋਸ਼ਣ, ਸਦਮੇ ਵਿਚ ਗਿਆ ਬੱਚਾ

Friday, Oct 31, 2025 - 12:01 PM (IST)

ਪੰਜਾਬ ''ਚ ਵੱਡੀ ਘਟਨਾ, 7 ਸਾਲਾ ਬੱਚੇ ਨਾਲ ਜਿਨਸੀ ਸ਼ੋਸ਼ਣ, ਸਦਮੇ ਵਿਚ ਗਿਆ ਬੱਚਾ

ਫਾਜ਼ਿਲਕਾ (ਕ੍ਰਿਸ਼ਨ) : ਫਾਜ਼ਿਲਕਾ ਦੇ ਨਜ਼ਦੀਕੀ ਪਿੰਡ ’ਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਰਹਿਣ ਵਾਲੇ ਇਕ 7 ਸਾਲਾ ਮਾਸੂਮ ਬੱਚੇ ਨਾਲ ਜਿਨਸੀ ਸ਼ੋਸ਼ਣ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਪੀੜਤ ਪਰਿਵਾਰ ਨੇ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਹੈ ਕਿ ਘਟਨਾ ਦੇ ਕਈ ਦਿਨ ਬੀਤ ਜਾਣ ’ਤੇ ਐੱਫ. ਆਈ. ਆਰ. ਦਰਜ ਹੋਣ ਦੇ ਬਾਵਜੂਦ ਮੁਲਜ਼ਮ ਨੂੰ ਅਜੇ ਤੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਹੈ। ਪਰਿਵਾਰ ਦਾ ਦੋਸ਼ ਹੈ ਕਿ ਪਿੰਡ ਦਾ ਹੀ ਇਕ ਨਾਬਾਲਗ ਲੜਕਾ, ਬੱਚੇ ਨੂੰ ਤਾਏ ਦੇ ਘਰ ਛੱਡਣ ਦਾ ਝੂਠਾ ਦਿਲਾਸਾ ਦੇ ਕੇ ਆਪਣੇ ਨਾਲ ਲੈ ਗਿਆ। ਦੋਸ਼ਾਂ ਮੁਤਾਬਕ ਉਸ ਨੇ ਬੱਚੇ ਨੂੰ ਰਸਤੇ ’ਚ ਇਕ ਜਵਾਰ ਦੇ ਖੇਤ ’ਚ ਲਿਜਾ ਕੇ ਉਸਦਾ ਮੂੰਹ ਦਬਾ ਦਿੱਤਾ ਤਾਂ ਜੋ ਉਹ ਰੌਲਾ ਨਾ ਪਾ ਸਕੇ ਅਤੇ ਉਸ ਨਾਲ ਜਿਨਸੀ ਸ਼ੋਸ਼ਣ ਕੀਤਾ।

ਪੀੜਤ ਬੱਚੇ ਦੇ ਤਾਏ ਨੇ ਘਟਨਾ ਬਾਰੇ ਦੱਸਿਆ ਕਿ ਇਹ ਘਟਨਾ 26 ਤਰੀਕ ਦੀ ਹੈ, ਜਦੋਂ ਉਨ੍ਹਾਂ ਦਾ ਦੂਜੀ ਜਮਾਤ ’ਚ ਪੜ੍ਹਦਾ ਛੋਟਾ ਭਤੀਜਾ ਘਰ ਦੇ ਨੇੜੇ ਇਕ ਖੋਖੇ (ਦੁਕਾਨ) ਕੋਲ ਖੇਡ ਰਿਹਾ ਸੀ। ਜਦੋਂ ਉਹ ਮੋਟਰਸਾਈਕਲ ’ਤੇ ਪਿੰਡ ਦੇ ਨਾਲ ਆਪਣੀ ਢਾਣੀ ਤੇ ਘਰ ਤੋਂ ਪਿੰਡ ਵੱਲ ਆ ਰਿਹਾ ਸੀ ਤਾਂ ਉਸਨੇ ਆਪਣੇ ਭਤੀਜੇ ਨੂੰ ਜਵਾਰ ਦੇ ਖੇਤ ’ਚੋਂ ਡਰੀ ਹੋਈ ਹਾਲਤ ਵਿਚ ਬਾਹਰ ਆਉਂਦੇ ਦੇਖਿਆ। ਉਹ ਉਸਨੂੰ ਝਿੜਕਣ ਲੱਗਾ ਤਾਂ ਉਹ ਰੋਂਦਿਆਂ ਬੋਲਿਆ, ਤਾਇਆ ਮੈਨੂੰ ਮਾਰੀ ਨਾ... ਮੇਰੇ ਨਾਲ ਇਕ ਲੜਕੇ ਨੇ ਗਲਤ ਕੰਮ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਬੱਚੇ ਦੀ ਹਾਲਤ ਦੇਖੀ ਤਾਂ ਉਹ ਖੂਨ ਨਾਲ ਲਥਪਥ ਸੀ। ਪਰਿਵਾਰ ਤੁਰੰਤ ਬੱਚੇ ਨੂੰ ਗੰਭੀਰ ਹਾਲਤ ’ਚ ਹਸਪਤਾਲ ਲੈ ਗਿਆ, ਜਿੱਥੇ ਉਸਨੂੰ ਐਮਰਜੈਂਸੀ ਵਾਰਡ ’ਚ ਦਾਖਲ ਕਰਵਾਇਆ ਗਿਆ। ਪਰਿਵਾਰ ਅਨੁਸਾਰ ਉਨ੍ਹਾਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਸਦਰ ਥਾਣੇ ਵਿਖੇ ਬੱਚੇ ਦੇ ਬਿਆਨ ਦਰਜ ਕੀਤੇ ਅਤੇ ਮੈਡੀਕਲ ਕਰਵਾਉਣ ਤੋਂ ਬਾਅਦ ਲੜਕੇ ਖ਼ਿਲਾਫ਼ ਪਰਚਾ ਦਰਜ ਕਰ ਲਿਆ। ਪਰਿਵਾਰ ਦਾ ਰੋਸ ਇਹ ਹੈ ਕਿ 26 ਤਰੀਕ ਦੀ ਐੱਫ. ਆਈ. ਆਰ. ਹੋਣ ਦੇ ਬਾਵਜੂਦ ਪੁਲਸ ਨੇ ਮੁਲਜ਼ਮ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਮੁਲਜ਼ਮ ਅਤੇ ਉਸਦਾ ਪਰਿਵਾਰ ਅਜੇ ਵੀ ਘਰ ’ਚ ਹੀ ਮੌਜੂਦ ਹਨ। ਪਰਿਵਾਰ ਨੇ ਇਹ ਵੀ ਖੁਲਾਸਾ ਕੀਤਾ ਕਿ ਮੁਲਜ਼ਮ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਕੋਲ ਆ ਕੇ ਰਾਜ਼ੀਨਾਮਾ ਕਰਨ ਲਈ ਕਿਹਾ ਸੀ ਪਰ ਉਨ੍ਹਾਂ ਨੇ ਸਾਫ਼ ਇਨਕਾਰ ਕਰ ਦਿੱਤਾ। ਪੀੜਤ ਪਰਿਵਾਰ ਨੇ ਦੱਸਿਆ ਕਿ ਬੱਚਾ ਇਸ ਘਟਨਾ ਤੋਂ ਬਾਅਦ ਡੂੰਘੇ ਸਰੀਰਕ ਅਤੇ ਮਾਨਸਿਕ ਸਦਮੇ ਵਿਚ ਹੈ। ਉਸਨੂੰ ਗੰਭੀਰ ਜ਼ਖ਼ਮ ਹੋਏ ਹਨ ਅਤੇ ਉਹ ਲਗਾਤਾਰ ਦਰਦ ਕਾਰਨ ਰਾਤਾਂ ਨੂੰ ਸੌਂ ਨਹੀਂ ਪਾ ਰਿਹਾ। ਬੱਚੇ ਦੀ ਹਾਲਤ ਵਿਗੜਨ ’ਤੇ ਪਰਿਵਾਰ ਨੂੰ ਉਸਨੂੰ ਦੁਬਾਰਾ ਇਲਾਜ ਲਈ ਹਸਪਤਾਲ ਲਿਆਉਣਾ ਪਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਬੱਚੇ ਦੇ ਜ਼ਖ਼ਮ ਗੰਭੀਰ ਹਨ ਅਤੇ ਇਲਾਜ ਲੰਮਾ ਚੱਲੇਗਾ। 

ਦੂਜੇ ਪਾਸੇ ਜਦੋਂ ਇਸ ਬਾਰੇ ਐੱਸ. ਐੱਚ. ਓ. ਥਾਣਾ ਸਦਰ ਫ਼ਾਜ਼ਿਲਕਾ ਹਰਦੇਵ ਸਿੰਘ ਬੇਦੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਬੱਚੇ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਸਦਰ ਫ਼ਾਜ਼ਿਲਕਾ ’ਚ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਲੜਕੇ ’ਤੇ ਦੋਸ਼ ਲੱਗੇ ਹਨ ਉਹ ਵੀ ਨਾਬਾਲਗ ਹੈ। ਇਸ ਲਈ ਉਸਨੂੰ ਹਿਰਾਸਤ ’ਚ ਨਹੀਂ ਰੱਖਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਲੜਕੇ ਦੀ ਤਲਾਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੜਕੇ ਦੇ ਮਿਲਣ ਤੋਂ ਬਾਅਦ ਉਸ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਜਿਸ ਤੋਂ ਬਾਅਦ ਅਦਾਲਤ ਦੇ ਹੁਕਮਾਂ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।


author

Gurminder Singh

Content Editor

Related News