ਪੰਜਾਬ ਹੋਇਆ ਦਾਗਦਾਰ, ਵੈੱਬਸਾਈਟਾਂ ਰਾਹੀਂ ਵੀ ਚੱਲਦੈ ''ਦੇਹ ਵਪਾਰ''

Friday, Mar 09, 2018 - 09:20 AM (IST)

ਪੰਜਾਬ ਹੋਇਆ ਦਾਗਦਾਰ, ਵੈੱਬਸਾਈਟਾਂ ਰਾਹੀਂ ਵੀ ਚੱਲਦੈ ''ਦੇਹ ਵਪਾਰ''

ਅੰਮ੍ਰਿਤਸਰ (ਸਰੀਨ) : ਰਿਸ਼ੀ-ਮੁਨੀਆਂ, ਪੀਰ-ਪੈਗੰਬਰਾਂ ਅਤੇ ਗੁਰੂਆਂ ਦੀ ਧਰਤੀ ਪੰਜਾਬ ਦਾ ਦਾਮਨ ਹੁਣ ਉਜਲਾ ਨਹੀਂ ਰਿਹਾ। ਵੇਸਵਾਪੁਣੇ ਦਾ ਬਦਨਾਮ ਧੰਦਾ ਬੜੀ ਤੇਜ਼ੀ ਨਾਲ ਇਸ ਸਰਹੱਦੀ ਸੂਬੇ 'ਚ ਆਪਣੇ ਪੈਰ ਪਸਾਰ ਰਿਹਾ ਹੈ। ਇਹ ਤੱਥ ਮੁੰਬਈ 'ਚ ਪੱਤਰਕਾਰਿਤਾ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਵਲੋਂ ਪੰਜਾਬ ਦੇ ਸਮਾਜਿਕ ਤਾਣੇ-ਬਾਣੇ 'ਤੇ ਕੀਤੇ ਜਾ ਰਹੇ ਇਕ ਸਰਵੇਖਣ 'ਚ ਉਭਰ ਕੇ ਸਾਹਮਣੇ ਆਏ ਹਨ। ਇਹ ਵਿਦਿਆਰਥੀ ਮੁੱਖ ਤੌਰ 'ਤੇ ਸੂਬੇ 'ਚ ਕਿਸਾਨ ਖੁਦਕੁਸ਼ੀਆਂ, ਬੇਰੋਜ਼ਗਾਰੀ, ਔਰਤਾਂ ਦੀ ਹਾਲਤ ਆਦਿ ਮੁੱਦਿਆਂ 'ਤੇ ਖੋਜ ਕਾਰਜ ਕਰ ਰਹੇ ਹਨ।
ਗਾਹਕਾਂ ਦੀ ਜੇਬ 'ਤੇ ਨਿਰਭਰ ਕਰਦਾ ਹੈ ਸਮਾਂ ਤੇ ਥਾਂ
ਇਨ੍ਹਾਂ ਵਿਦਿਆਰਥੀਆਂ ਦੇ ਅਗਵਾਈ ਕਰ ਰਹੇ ਰਾਜੇਸ਼ਵਰ ਕੇਤਕਰ ਨੇ ਦੱਸਿਆ ਕਿ ਕਾਲ ਗਰਲਜ਼ ਦੀ ਸੌਖੀ ਅਤੇ ਸਹਿਜ ਉਪਲੱਬਧਤਾ ਨੇ ਸਕੂਲੀ ਵਿਦਿਆਰਥੀਆਂ ਤੋਂ ਲੈ ਕੇ 70 ਸਾਲ ਦੇ ਬੁੱਢਿਆਂ ਨੂੰ ਵੀ ਆਪਣੀ ਲਪੇਟ 'ਚ ਲੈ ਲਿਆ ਹੈ। ਹਕੀਕਤ ਇਹ ਹੈ ਕਿ ਹੋਟਲਾਂ, ਕੋਠੀਆਂ ਅਤੇ ਗੁਪਤ ਅੱਡਿਆਂ ਤੋਂ ਇਲਾਵਾ ਕਾਲ ਗਰਲਜ਼ ਨੂੰ ਬੜੀ ਆਸਾਨੀ ਨਾਲ ਆਪਣੀ ਪਸੰਦ ਦੇ ਹਿੱਲ ਸਟੇਸ਼ਨਾਂ 'ਤੇ ਲੈ ਲਿਜਾਇਆ ਜਾ ਸਕਦਾ ਹੈ। ਇਹ ਗੱਲ ਗਾਹਕ ਦੀ ਜੇਬ 'ਤੇ ਨਿਰਭਰ ਕਰਦੀ ਹੈ ਕਿ ਉਹ ਕਿਸ ਤਰ੍ਹਾਂ ਅਤੇ ਕਿਸ ਪੱਧਰ 'ਤੇ ਮੌਜ-ਮਸਤੀ ਕਰਨਾ ਚਾਹੁੰਦਾ ਹੈ। ਇਸ ਕੰਮ ਲਈ ਕਈ ਹੋਟਲ ਘੰਟਿਆਂ ਦੇ ਆਧਾਰ 'ਤੇ ਕਮਰਾ ਮੁਹੱਈਆ ਕਰਾਉਂਦੇ ਹਨ।
ਵੈੱਬਸਾਈਟਾਂ 'ਤੇ ਹੈ ਸੰਚਾਲਕਾਂ ਦੇ ਮੋਬਾਇਲ ਨੰਬਰ 'ਤੇ ਰੇਟ
ਇਨ੍ਹੀਂ ਦਿਨੀਂ ਪੰਜਾਬ ਨਾਲ ਸਬੰਧਿਤ ਇੰਟਰਨੈੱਟ 'ਤੇ ਅਜਿਹੀਆਂ ਅਨੇਕਾਂ ਵੈੱਬਸਾਈਟਾਂ ਧੜੱਲੇ ਨਾਲ ਚੱਲ ਰਹੀਆਂ ਹਨ, ਜੋ ਸ਼ਰੇਆਮ ਕਾਲ ਗਰਲਜ਼ ਮੁਹੱਈਆ ਕਰਾਉਣ ਦੇ ਕੰਮ ਨੂੰ ਅੰਜਾਮ ਦੇ ਰਹੀਆਂ ਹਨ। ਇਨ੍ਹਾਂ ਵੈੱਬਸਾਈਟਾਂ 'ਤੇ ਨਾ ਸਿਰਫ ਸੰਚਾਲਕਾਂ ਦੇ ਮੋਬਾਇਲ ਨੰਬਰ ਦਿੱਤੇ ਗਏ ਹਨ, ਸਗੋਂ ਕਾਲ ਗਰਲਜ਼ ਦੇ ਰੇਟ ਵੀ ਦਰਜ ਹਨ। ਇਕ ਘੰਟਾ, ਅੱਧਾ ਦਿਨ, ਪੂਰਾ ਦਿਨ ਜਾਂ 24 ਘੰਟਿਆਂ ਦੇ ਮਨੋਰੰਜਨ ਦੇ ਵੱਖ-ਵੱਖ ਰੇਟ ਦਿੱਤੇ ਗਏ ਹਨ। ਸ਼ਹਿਰ ਤੋਂ ਬਾਹਰ ਲਿਜਾਣ ਦੇ ਵਾਧੂ ਪੈਸੇ ਲਏ ਜਾਂਦੇ ਹਨ। ਇਨ੍ਹਾਂ ਵੈੱਬਸਾਈਟਾਂ ਦਾ ਨੈੱਟਵਰਕ ਪੁਲਸ ਜੇਕਰ ਚਾਹੇ ਤਾਂ ਇਕ ਦਿਨ 'ਚ ਤਹਿਸ-ਨਹਿਸ ਕਰ ਸਕਦੀ ਹੈ ਪਰ ਅਸਲੀਅਤ 'ਚ ਅਜਿਹਾ ਨਹੀਂ ਹੁੰਦਾ। 
ਕਥਿਤ ਆਂਟੀਆਂ ਚੁੰਗਲ 'ਚ ਫਸਾ ਰਹੀਆਂ ਨੇ ਕੁੜੀਆਂ
ਕੇਤਕਰ ਦਾ ਕਹਿਣਾ ਹੈ ਕਿ ਪੰਜਾਬ ਦੇ ਹਰੇਕ ਸ਼ਹਿਰ 'ਚ ਅਜਿਹੀਆਂ ਆਂਟੀਆਂ ਸਰਗਰਮ ਹਨ, ਜੋ ਨਾ ਸਮਝ ਲੜਕੀਆਂ ਨੂੰ ਤਰ੍ਹਾਂ-ਤਰ੍ਹਾਂ ਦੇ ਸੁਪਨੇ ਦਿਖਾ ਕੇ ਆਪਣੇ ਚੁੰਗਲ 'ਚ ਫਸਾ ਲੈਂਦੀਆਂ ਹਨ ਅਤੇ ਫਿਰ ਉਨ੍ਹਾਂ ਨੂੰ ਇਸ ਦਲਦਲ 'ਚੋਂ ਉਸ ਸਮੇਂ ਤੱਕ ਬਾਹਰ ਨਹੀਂ ਨਿਕਲਣ ਦਿੰਦੀਆਂ, ਜਦੋਂ ਤੱਕ ਉਨ੍ਹਾਂ ਦੀ ਜਵਾਨੀ ਬਰਬਾਦ ਨਹੀਂ ਹੋ ਜਾਂਦੀ, ਜਾਂ ਉਹ ਕਿਸੇ ਗੰਭੀਰ ਬੀਮਾਰੀ ਦਾ ਸ਼ਿਕਾਰ ਨਹੀਂ ਹੋ ਜਾਂਦੀਆਂ।
ਪੁਲਸ ਦੀ ਕਾਰਜ ਪ੍ਰਣਾਲੀ ਸ਼ੱਕੀ
ਉਨ੍ਹਾਂ ਦਾ ਕਹਿਣਾ ਹੈ ਕਿ ਵੇਸਵਾਪੁਣੇ ਦੇ ਧੰਦੇ 'ਚ ਪੁਲਸ ਦੀ ਕਾਰਜਪ੍ਰਣਾਲੀ ਵੀ ਸ਼ੱਕੀ ਹੈ। ਇਕ ਮਾਂ, ਜਿਸ ਦੀ ਬੇਟੀ ਨੂੰ ਇਕ ਬਦਨਾਮ ਆਂਟੀ ਨੇ ਜ਼ਬਰਦਸਤੀ ਆਪਣਾ ਬੰਧਕ ਬਣਾ ਰੱਖਿਆ ਸੀ, ਨੇ ਜਦੋਂ ਉਸ ਨੂੰ ਛੁਡਾਉਣ ਲਈ ਪੁਲਸ ਨੂੰ ਗੁਹਾਰ ਲਾਈ ਤਾਂ ਥਾਣੇ ਵਾਲਿਆਂ ਨੇ ਗਾਲ੍ਹਾਂ ਕੱਢ ਕੇ ਉਸ ਨੂੰ ਭਜਾ ਦਿੱਤਾ। ਸਿਰਫ ਇੰਨਾ ਹੀ ਨਹੀਂ, ਉਸ ਆਂਟੀ ਨੂੰ ਵੀ ਕਹਿ ਦਿੱਤਾ ਗਿਆ ਕਿ ਉਹ ਕੁੜੀ ਨੂੰ ਇਧਰ-ਉਧਰ ਕਰ ਦੇਵੇ। 
ਫੈਸ਼ਨ ਦੀਆਂ ਸ਼ੌਕੀਨ ਕੁੜੀਆਂ ਵੀ ਆਪਣਾ ਰਹੀਆਂ ਦੇਹ ਵਪਾਰ
ਕੇਤਕਰ ਨੇ ਦੱਸਿਆ ਕਿ ਜਿੱਥੇ ਨਵੇਂ-ਨਵੇਂ ਫੈਸ਼ਨਾਂ ਦੀਆਂ ਸ਼ੌਕੀਨ ਕੁੜੀਆਂ ਦੇਹ ਵਪਾਰ ਦੇ ਧੰਦੇ ਨੂੰ ਖੁਦ ਅਪਣਾ ਰਹੀਆਂ ਹਨ, ਉੱਥੇ ਹੀ ਨਿਖੱਟੂ ਅਤੇ ਕੰਮਚੋਰ ਪਤੀਆਂ ਦੀਆਂ ਪਤਨੀਆਂ ਨੂੰ ਘਰ ਚਲਾਉਣ ਲਈ ਮਜ਼ਬੂਰੀ ਕਾਰਨ ਇਸ ਘਿਨੌਣੇ ਕਾਰੋਬਾਰ ਦੀ ਸ਼ਰਨ 'ਚ ਜਾਣਾ ਪੈ ਰਿਹਾ ਹੈ।


Related News