ਨਾਰਥ ਹਲਕਾ ਅੱਜ ਵੀ ਸੀਵਰੇਜ ਟ੍ਰੀਟਮੈਂਟ ਪਲਾਂਟ ਤੋਂ ਸੱਖਣਾ, ਲੋਕ ਪਰੇਸ਼ਾਨ

01/03/2020 4:52:49 PM

ਜਲੰਧਰ (ਖੁਰਾਣਾ) – ਪੰਜਾਬ ਦੇ ਪ੍ਰਮੁੱਖ ਸ਼ਹਿਰ ਜਲੰਧਰ ਦਾ ਵਿਕਾਸ ਕਿਸੇ ਤੋਂ ਲੁਕਿਆ ਨਹੀਂ ਪਰ ਸ਼ਹਿਰ ਦੇ ਵਿਸਤਾਰ ਦੇ ਬਾਵਜੂਦ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਨਾਗਰਿਕ ਸਹੂਲਤਾਂ ਵਧਾਉਣ ਵੱਲ ਧਿਆਨ ਨਹੀਂ ਦਿੱਤਾ। ਇਸੇ ਕਾਰਨ ਜਲੰਧਰ ਦੇ ਲੋਕਾਂ ਦੀਆਂ ਸਮੱਸਿਆਵਾਂ 'ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਅੱਜ-ਕੱਲ ਜਲੰਧਰ ਦੇ ਨਾਰਥ ਵਿਧਾਨ ਸਭਾ ਹਲਕੇ 'ਚ ਕਈ ਵਾਰਡ ਸੀਵਰੇਜ ਬੰਦ ਅਤੇ ਸੀਵਰੇਜ ਓਵਰਫਲੋਅ ਦੀ ਸਮੱਸਿਆ ਨਾਲ ਜੂਝ ਰਹੇ ਹਨ, ਜਿਸ ਨਾਲ ਲੱਖਾਂ ਲੋਕ ਪ੍ਰਭਾਵਿਤ ਹਨ। ਰਿਹਾਇਸ਼ੀ ਕਾਲੋਨੀਆਂ 'ਚ ਆਈ ਸੀਵਰ ਦੀ ਸਮੱਸਿਆ ਨੂੰ ਵੇਖਦਿਆਂ ਫੋਕਲ ਪੁਆਇੰਟ ਦਾ ਮੇਨ ਡਿਸਪੋਜ਼ਲ ਬੰਦ ਕਰ ਦਿੱਤਾ ਗਿਆ, ਜਿਸ ਨਾਲ ਆਉਣ ਵਾਲੇ ਦਿਨਾਂ 'ਚ ਇੰਡਸਟਰੀ ਨੂੰ ਸਮੱਸਿਆ ਆਵੇਗੀ।

ਵੇਖਿਆ ਜਾਵੇ ਤਾਂ ਇਹ ਸਮੱਸਿਆ ਜਲੰਧਰ ਨਗਰ ਨਿਗਮ ਦੀ ਨਾਲਾਇਕੀ ਅਤੇ ਲਾਪ੍ਰਵਾਹੀ ਦਾ ਸਪੱਸ਼ਟ ਸਬੂਤ ਹੈ, ਕਿਉਂਕਿ ਇੰਨੇ ਸਾਲ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਜਲੰਧਰ ਨਾਰਥ ਵਿਧਾਨ ਸਭਾ ਹਲਕੇ 'ਚ ਇਕ ਵੀ ਸੀਵਰੇਜ ਟ੍ਰੀਟਮੈਂਟ ਪਲਾਂਟ ਨਹੀਂ। ਸ਼ਹਿਰ ਦਾ ਮੁੱਖ ਟ੍ਰੀਟਮੈਂਟ ਪਲਾਂਟ ਫੋਲੜੀਵਾਲ 'ਚ ਹੈ, ਜੋ ਨਾਰਥ ਤੋਂ ਕਈ ਕਿਲੋਮੀਟਰ ਦੂਰ ਛਾਉਣੀ ਵਿਧਾਨ ਸਭਾ ਹਲਕੇ ਦੇ ਇਕ ਪਾਸੇ ਪੈਂਦਾ ਹੈ। ਦੂਜਾ ਟ੍ਰੀਟਮੈਂਟ ਪਲਾਂਟ ਬਸਤੀ ਪੀਰਦਾਦ 'ਚ ਹੈ, ਜੋ ਨਾਰਥ ਤੋਂ ਦੂਰ ਅਤੇ ਵੈਸਟ ਵਿਧਾਨ ਸਭਾ ਹਲਕੇ 'ਚ ਹੈ। ਨਾਰਥ ਹਲਕੇ ਦਾ ਕੁਝ ਸੀਵਰੇਜ ਟ੍ਰੀਟ ਹੋਣ ਲਈ ਸੈਂਟਰਲ ਵਿਧਾਨ ਸਭਾ ਹਲਕੇ ਵਿਚ ਬਣੇ ਜੈਤੇਵਾਲੀ ਪਲਾਂਟ ਵਿਚ ਜਾਂਦਾ ਹੈ। ਤਿੰਨੇ ਹੀ ਪਲਾਂਟ ਵੱਖ-ਵੱਖ ਥਾਵਾਂ 'ਤੇ ਸਥਿਤ ਹੋਣ ਕਾਰਨ ਨਾਰਥ ਵਿਧਾਨ ਸਭਾ ਹਲਕੇ ਲਈ ਸਿਰਦਰਦੀ ਬਣ ਗਏ ਹਨ ਕਿਉਂਕਿ ਇਨ੍ਹਾਂ ਪਲਾਂਟਾਂ ਤੱਕ ਜਾਣ ਵਾਲੀਆਂ ਸੀਵਰ ਲਾਈਨਾਂ ਜੇਕਰ ਭਰੀਆਂ ਹੋਈਆਂ ਮਿਲਦੀਆਂ ਹਨ ਤਾਂ ਟੇਲ ਐਂਡ ਭਾਵ ਸਭ ਤੋਂ ਪਿਛਲੇ ਸਿਰੇ 'ਤੇ ਹੋਣ ਕਾਰਨ ਨਾਰਥ ਵਿਧਾਨ ਸਭਾ ਹਲਕੇ ਨੂੰ ਸੀਵਰ ਓਵਰਫਲੋਅ ਝੱਲਣਾ ਪੈਂਦਾ ਹੈ।

ਕੂੜੇ ਦੇ ਨਾਲ-ਨਾਲ ਹੁਣ ਸੀਵਰ ਸਮੱਸਿਆ ਨਾਲ ਜੂਝਣ ਲੱਗਾ ਸ਼ਹਿਰ
ਕਦੇ ਜਲੰਧਰ ਸ਼ਹਿਰ ਨੂੰ ਪੰਜਾਬ ਦਾ ਸਭ ਤੋਂ ਖੂਬਸੂਰਤ ਅਤੇ ਰਹਿਣਯੋਗ ਸ਼ਹਿਰ ਮੰਨਿਆ ਜਾਂਦਾ ਸੀ ਪਰ ਪਿਛਲੇ ਕੁਝ ਸਾਲਾਂ ਤੋਂ ਜਲੰਧਰ ਦੇ ਹਾਲਾਤ 'ਚ ਲਗਾਤਾਰ ਗਿਰਾਵਟ ਆਈ ਹੈ। ਇਨ੍ਹੀਂ ਦਿਨੀਂ ਇਹ ਸ਼ਹਿਰ ਜਿੱਥੇ ਖੁੱਲ੍ਹੇਆਮ ਪਈ ਗੰਦਗੀ ਅਤੇ ਕੂੜੇ ਦੇ ਢੇਰਾਂ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੈ, ਉਥੇ ਹੁਣ ਇਸ ਸ਼ਹਿਰ 'ਚ ਸੀਵਰੇਜ ਦੀ ਸਮੱਸਿਆ ਵੀ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਨਿਗਮ ਨੇ ਸ਼ਹਿਰ ਦੀ ਸੀਵਰ ਵਿਵਸਥਾ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ। ਜੇਕਰ ਨਿਗਮ ਕਾਲਾ ਸੰਘਿਆਂ ਡ੍ਰੇਨ ਦੇ ਨਾਲ-ਨਾਲ ਥੋੜ੍ਹੀ-ਥੋੜ੍ਹੀ ਸਮਰੱਥਾ ਵਾਲੇ ਸੀਵਰੇਜ ਟ੍ਰੀਟਮੈਂਟ ਪਲਾਂਟ ਲਾ ਲੈਂਦਾ ਤਾਂ ਉਸ ਨੂੰ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪੈਂਦਾ ਅਤੇ ਨਾ ਹੀ ਨਾਰਥ ਦਾ ਸੀਵਰੇਜ ਟ੍ਰੀਟ ਹੋਣ ਲਈ 20 ਕਿਲੋਮੀਟਰ ਦੂਰ ਫੋਲੜੀਵਾਲ ਤੱਕ ਜਾਂਦਾ। ਹੁਣ ਵੀ ਸਮੱਸਿਆ ਦਾ ਹੱਲ ਇਹੀ ਹੈ ਕਿ ਨਾਰਥ ਵਿਧਾਨ ਸਭਾ ਹਲਕੇ 'ਚ ਨਾਲੇ ਦੇ ਕਿਨਾਰੇ ਟ੍ਰੀਟਮੈਂਟ ਪਲਾਂਟ ਲਾਏ ਜਾਣ।

ਇੰਡਸਟਰੀ ਵੀ ਚੁੱਪ ਬੈਠਣ ਵਾਲੀ ਨਹੀਂ
ਰਿਹਾਇਸ਼ੀ ਕਾਲੋਨੀਆਂ ਨੂੰ ਸੀਵਰ ਸਮੱਸਿਆ ਤੋਂ ਬਚਾਉਣ ਲਈ ਨਿਗਮ ਨੇ ਫੋਲੜੀਵਾਲ ਪੁਆਇੰਟ ਦੇ ਡਿਸਪੋਜ਼ਲ 'ਤੇ ਤਾਲਾ ਤਾਂ ਲਾ ਦਿਤਾ ਹੈ। ਇਸ ਨਾਲ ਇੰਡਸਟਰੀ 'ਚ ਰੋਸ ਫੈਲ ਰਿਹਾ ਹੈ, ਜੋ ਆਉਣ ਵਾਲੇ ਦਿਨਾਂ 'ਚ ਵਿਧਾਇਕਾਂ ਅਤੇ ਮੰਤਰੀ ਤੋਂ ਹੁੰਦੇ ਹੋਏ ਚੀਫ ਸੈਕਟਰੀ ਤੱਕ ਪਹੁੰਚ ਸਕਦਾ ਹੈ। ਇੰਡਸਟਰੀ ਦੇ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਇਹ ਫੋਕਲ ਪੁਆਇੰਟ 1981 ਵਿਚ ਸਰਕਾਰ ਨੇ ਕੱਟਿਆ ਸੀ ਪਰ ਕਾਲੀਆ ਕਾਲੋਨੀ ਵਰਗੀਆਂ ਕਾਲੋਨੀਆਂ 1995 ਵਿਚ ਕੱਟੀਆਂ ਗਈਆਂ ਤੇ ਉਹ ਵੀ ਨਾਜਾਇਜ਼ ਤੌਰ 'ਤੇ। ਕਾਲੀਆ ਕਾਲੋਨੀ ਦਾ ਲੈਵਲ ਫੋਕਲ ਪੁਆਇੰਟ ਤੋਂ ਕਈ ਫੁੱਟ ਹੇਠਾਂ ਹੈ, ਜਿਸ ਕਾਰਨ ਪਾਣੀ ਉਧਰ ਜਾਂਦਾ ਹੈ। ਉਦਯੋਗਪਤੀ ਕਹਿੰਦੇ ਹਨ ਕਿ ਫੋਕਲ ਪੁਆਇੰਟ 'ਚ ਸੀਵਰ ਵਿਵਸਥਾ ਅਤੇ ਟ੍ਰੀਟਮੈਂਟ ਪਲਾਂਟ ਆਦਿ ਦਾ ਕੰਮ ਸਰਕਾਰ ਦਾ ਹੈ, ਉਨ੍ਹਾਂ ਦਾ ਨਹੀਂ ਪਰ ਸਰਕਾਰ ਸੁੱਤੀ ਹੋਈ ਹੈ। ਆਉਣ ਵਾਲੇ ਦਿਨਾਂ 'ਚ ਇੰਡਸਟਰੀ ਦਾ ਗੁੱਸਾ ਇਸ ਮਾਮਲੇ 'ਚ ਉਭਰ ਕੇ ਸਾਹਮਣੇ ਆ ਸਕਦਾ ਹੈ।


rajwinder kaur

Content Editor

Related News