ਕਿਣਮਿਣ ਦਾ ਕਹਿਰ : ਨਿਰਮਾਣ ਅਧੀਨ ਸੀਵਰੇਜ ਧੱਸਿਆ, ਮਜ਼ਦੂਰ ਦੀ ਮੌਤ

01/06/2020 11:35:35 PM

ਬਠਿੰਡਾ,(ਸੁਖਵਿੰਦਰ)- ਬਠਿੰਡਾ ’ਚ ਕਿਣਮਿਣ ਦਾ ਕਹਿਰ ਕਰੀਬ 24 ਘੰਟਿਆਂ ਤੋਂ ਜਾਰੀ ਹੈ, ਜਿਸ ਦੌਰਾਨ ਇਕ ਸੀਵਰੇਜ ਬੈਠ ਜਾਣ ਕਾਰਣ ਮਜ਼ਦੂਰ ਦੀ ਮੌਤ ਹੋ ਗਈ ਜਦੋਂਕਿ ਇਕ ਪੁਰਾਣੀ ਇਮਾਰਤ ਵੀ ਡਿੱਗ ਪਈ। ਆਦਰਸ਼ ਨਗਰ, ਬਠਿੰਡਾ ਵਿਖੇ ਸੀਵਰੇਜ ਪਾਉਣ ਦਾ ਕੰਮ ਚੱਲ ਰਿਹਾ ਸੀ, ਜਿਥੇ ਕਈ ਮਜ਼ਦੂਰ ਕੰਮ ਕਰ ਰਹੇ ਸਨ। ਕਿਣਮਿਣ ਕਾਰਣ ਆਸ-ਪਾਸ ਦੀ ਮਿੱਟੀ ਗਿੱਲੀ ਹੋ ਕੇ ਕਮਜ਼ੋਰ ਹੋ ਚੁੱਕੀ ਸੀ, ਜਿਸ ਦੌਰਾਨ ਮਸ਼ੀਨਾਂ ਦਾ ਵਜ਼ਨ ਨਾ ਝਲਦਿਆਂ ਖੁਦਾਈ ਕੀਤਾ ਸੀਵਰੇਜ ਧੱਸ ਗਿਆ ਅਤੇ ਸੀਵਰੇਜ ’ਚ ਕੰਮ ਕਰ ਰਿਹਾ ਇਕ ਮਜ਼ਦੂਰ ਮਿੱਟੀ ਹੇਠਾਂ ਹੀ ਦੱਬਿਆ ਗਿਆ। ਸਾਥੀ ਮਜ਼ਦੂਰਾਂ ਨੇ ਰੌਲਾ ਪਾ ਕੇ ਲੋਕਾਂ ਨੂੰ ਇਕੱਠੇ ਕੀਤਾ ਅਤੇ ਰਾਹਤ ਕਾਰਜ ਸ਼ੁਰੂ ਕੀਤੇ। ਨੌਜਵਾਨ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਵਰਕਰਾਂ ਸਮੇਤ ਮੌਕੇ ’ਤੇ ਪਹੁੰਚੇ। ਜੇ. ਸੀ. ਬੀ. ਅਤੇ ਲੋਕਾਂ ਦੀ ਮਦਦ ਨਾਲ ਜਦੋਂ ਤੱਕ ਮਜ਼ਦੂਰ ਨੂੰ ਮਿੱਟੀ ’ਚੋਂ ਬਾਹਰ ਕੱਢਿਆ ਗਿਆ, ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਦੀ ਸ਼ਨਾਖਤ ਸ਼ੰਕਰ ਕੁਮਾਰ ਵਾਸੀ ਗੋਪਾਲ ਨਗਰ ਬਠਿੰਡਾ ਵਜੋਂ ਹੋਈ ਹੈ, ਜੋ ਇਥੇ ਠੇਕੇਦਾਰ ਕੋਲ ਕੰਮ ਕਰ ਰਿਹਾ ਸੀ।

ਪੁਰਾਣੀ ਇਮਾਰਤ ਡਿੱਗੀ, ਜਾਨੀ ਨੁਕਸਾਨ ਤੋਂ ਬਚਾਅ

ਕਿਣਮਿਣ ਕਾਰਣ ਬੈਂਕ ਬਾਜ਼ਾਰ ’ਚ ਸਥਿਤ 100 ਸਾਲਾ ਇਕ ਪੁਰਾਣੀ ਇਮਾਰਤ ਡਿੱਗ ਪਈ, ਜਿਸ ਨੂੰ ਪਹਿਲਾਂ ਹੀ ਕੰਡਮ ਐਲਾਨ ਦਿੱਤਾ ਹੋਇਆ ਸੀ। ਕੰਡਮ ਹੋਣ ਕਾਰਨ ਇਮਾਰਤ ਨੂੰ ਕਾਫੀ ਸਮਾਂ ਪਹਿਲਾਂ ਹੀ ਖਾਲੀ ਕਰ ਦਿੱਤਾ ਗਿਆ ਸੀ ਕਿਉਂਕਿ ਸੰਭਾਵਨਾ ਸੀ ਕਿ ਇਹ ਇਮਾਰਤ ਕਿਸੇ ਵੀ ਸਮੇਂ ਡਿੱਗ ਸਕਦੀ ਹੈ। ਭਾਵੇਂ ਜਾਨੀ ਨੁਕਸਾਨ ਤੋਂ ਬਚਾ ਰਿਹਾ ਪਰ ਕੁਝ ਦੋਪਹੀਆ ਤੇ ਦੋ ਕਾਰਾਂ ਦਾ ਕਾਫੀ ਨੁਕਸਾਨ ਹੋਇਆ ਹੈ। ਇਸ ਬਾਰੇ ਨਗਰ ਨਿਗਮ ਦੇ ਮੇਅਰ ਬਲਵੰਤ ਰਾਏ ਨਾਥ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਸਬੰਧਤ ਟੀਮ ਨੂੰ ਮੌਕੇ ’ਤੇ ਭੇਜਿਆ ਹੈ। ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।


Bharat Thapa

Content Editor

Related News