ਪੰਜਾਬ ''ਚ ਪੈ ਰਹੀ ਕੜਾਕੇ ਦੀ ਠੰਡ, ਨਵਾਂਸ਼ਹਿਰ ਦਾ ਤਾਪਮਾਨ 0 ਡਿਗਰੀ, ਦੂਜੇ ਸਥਾਨ ''ਤੇ ਹੈ ਇਹ ਜ਼ਿਲ੍ਹਾ

Monday, Jan 15, 2024 - 05:18 PM (IST)

ਪੰਜਾਬ ''ਚ ਪੈ ਰਹੀ ਕੜਾਕੇ ਦੀ ਠੰਡ, ਨਵਾਂਸ਼ਹਿਰ ਦਾ ਤਾਪਮਾਨ 0 ਡਿਗਰੀ, ਦੂਜੇ ਸਥਾਨ ''ਤੇ ਹੈ ਇਹ ਜ਼ਿਲ੍ਹਾ

ਨਵਾਂਸ਼ਹਿਰ : ਪੰਜਾਬ 'ਚ ਠੰਡ ਚੋਟੀ 'ਤੇ ਪਹੁੰਚਦਾ ਨਜ਼ਰ ਆ ਰਿਹਾ ਹੈ। ਇਸ ਸਾਲ ਪਹਿਲੀ ਵਾਰ ਪੰਜਾਬ ਦੇ ਨਵਾਂਸ਼ਹਿਰ ਜ਼ਿਲ੍ਹੇ ਦਾ ਘੱਟੋ-ਘੱਟ ਤਾਪਮਾਨ 0 ਡਿਗਰੀ ਦਰਜ ਕੀਤਾ ਗਿਆ ਹੈ। ਲੁਧਿਆਣਾ 2 ਡਿਗਰੀ ਨਾਲ ਦੂਜੇ ਸਥਾਨ 'ਤੇ ਰਿਹਾ। ਬਾਕੀ ਜ਼ਿਲ੍ਹਿਆਂ ਦਾ ਵੀ ਇਹੋ ਹਾਲ ਹੈ। ਕੜਾਕੇ ਦੀ ਠੰਡ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸੀਜ਼ਨ 'ਚ ਪਹਿਲੀ ਵਾਰ ਸੂਬੇ ਦੇ ਸਾਰੇ ਜ਼ਿਲਿਆਂ 'ਚ ਘੱਟੋ-ਘੱਟ ਪਾਰਾ 5 ਡਿਗਰੀ ਤੋਂ ਹੇਠਾਂ ਚਲਾ ਗਿਆ ਹੈ। 

ਸਕੂਲਾਂ 'ਚ ਵਧੀਆਂ ਛੁੱਟੀਆਂ
ਬੱਚਿਆਂ ਨੂੰ ਸਕੂਲ ਜਾਣ ਆ ਰਹੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਸਿੱਖਿਆ ਵਿਭਾਗ ਨੇ ਪੰਜਵੀਂ ਤੱਕ ਦੀਆਂ ਜਮਾਤਾਂ ਦੀਆਂ ਛੁੱਟੀਆਂ 21 ਜਨਵਰੀ ਤੱਕ ਵਧਾ ਦਿੱਤੀਆਂ ਹਨ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਨੁਸਾਰ 5ਵੀਂ ਜਮਾਤ ਤੱਕ ਦੇ ਸਾਰੇ ਸਰਕਾਰੀ, ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲ 21 ਜਨਵਰੀ ਤੱਕ ਬੰਦ ਰਹਿਣਗੇ। ਜਦੋਂ ਕਿ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਦੁਪਹਿਰ 3 ਵਜੇ ਤੱਕ ਖੁੱਲ੍ਹਣਗੇ। ਉਥੇ ਹੀ ਡਬਲ ਸ਼ਿਫਟ ਵਾਲੇ ਸਕੂਲਾਂ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ। 

ਉਡਾਣਾਂ ਅਤੇ ਟਰੇਨਾਂ 'ਚ ਦੇਰੀ
ਪੰਜਾਬ 'ਚ ਪੈ ਰਹੀ ਸੰਘਣੀ ਧੁੰਦ ਅਤੇ ਠੰਡ ਨੇ ਉਡਾਣਾਂ ਅਤੇ ਟਰੇਨਾਂ ਦੀ ਰਫਤਾਰ 'ਤੇ ਵੀ ਬ੍ਰੇਕ ਲਗਾ ਦਿੱਤੀ ਹੈ। ਸਵੇਰੇ ਅਤੇ ਸ਼ਾਮ ਦੇ ਸਮੇਂ ਗਹਿਰੀ ਧੁੰਦ ਕਾਰਨ ਅੰਮ੍ਰਿਤਸਰ ਹਵਾਈ ਅੱਡੇ 'ਤੇ ਕਰੀਬ 16 ਉਡਾਣਾਂ 2 ਤੋਂ 5 ਘੰਟੇ ਦੇਰੀ ਨਾਲ ਰਵਾਨਾ ਹੋਈਆਂ। ਪਠਾਨਕੋਟ ਤੋਂ ਇੱਕ ਦਰਜਨ ਤੋਂ ਵੱਧ ਟਰੇਨਾਂ ਦੇਰੀ ਨਾਲ ਪੁੱਜੀਆਂ ਹਨ, ਜਿਨ੍ਹਾਂ ਵਿੱਚ 9 ਤੋਂ ਵੱਧ ਟਰੇਨਾਂ ਦੇਰੀ ਨਾਲ ਚੱਲਣ ਦੀਆਂ ਰਿਪੋਰਟਾਂ ਹਨ। ਅੰਮ੍ਰਿਤਸਰ ਸ਼ਤਾਬਦੀ 2 ਘੰਟੇ ਤੋਂ ਵੱਧ ਦੇਰੀ ਨਾਲ ਪਹੁੰਚੀ। ਪਟਿਆਲਾ, ਜਲੰਧਰ, ਬਠਿੰਡਾ, ਗੁਰਦਾਸਪੁਰ, ਅੰਮ੍ਰਿਤਸਰ, ਫਰੀਦਕੋਟ, ਨਵਾਂਸ਼ਹਿਰ, ਲੁਧਿਆਣਾ ਅਤੇ ਪਠਾਨਕੋਟ ਵਿੱਚ ਵਿਜ਼ੀਬਿਲਟੀ 50 ਮੀਟਰ ਤੋਂ ਘੱਟ ਰਹੀ। ਹਾਲਾਂਕਿ ਬਾਅਦ ਦੁਪਹਿਰ 2 ਵਜੇ ਦੇ ਕਰੀਬ ਕਈ ਜ਼ਿਲ੍ਹਿਆਂ ਵਿੱਚ ਚੰਗੀ ਧੁੱਪ ਦੇਖਣ ਨੂੰ ਮਿਲੀ, ਜਿਸ ਨਾਲ ਕੁਝ ਰਾਹਤ ਮਿਲੀ।

ਧੁੰਦ ਅਤੇ ਸੀਤ ਲਹਿਰ ਦਾ ਰੈੱਡ ਅਲਰਟ
ਮੌਸਮ ਵਿਭਾਗ ਨੇ ਸੋਮਵਾਰ ਦੇ ਮੌਸਮ ਲਈ ਕੋਲਡ ਵੇਵ ਦਾ ਰੈੱਡ ਅਲਰਟ ਜਾਰੀ ਕੀਤਾ ਹੈ, ਜਦਕਿ ਇਸ ਤੋਂ ਬਾਅਦ 20 ਜਨਵਰੀ ਤੱਕ ਆਰੇਂਜ ਅਲਰਟ ਰਹੇਗਾ। ਇਸ ਦੌਰਾਨ ਸੰਘਣੀ ਧੁੰਦ ਛਾਈ ਰਹੇਗੀ ਅਤੇ ਸ਼ੀਤ ਲਹਿਰ ਕਾਰਨ ਮੌਸਮ ਹੋਰ ਜ਼ਿਆਦਾ ਠੰਢਾ ਰਹੇਗਾ। 


author

Anuradha

Content Editor

Related News