ਰੇਪ ਦੇ ਦੋਸ਼ ''ਚ ਫਸੇ RS ਗਲੋਬਲ ਦੇ ਮਾਲਕ ਦਾ ਸਮਝੌਤਾ ਕਰਨ ਲਈ ਜੁਟੇ ਕਈ ਵੱਡੇ ਅਧਿਕਾਰੀ ਤੇ ਨੇਤਾ

Monday, Sep 02, 2024 - 04:30 PM (IST)

ਰੇਪ ਦੇ ਦੋਸ਼ ''ਚ ਫਸੇ RS ਗਲੋਬਲ ਦੇ ਮਾਲਕ ਦਾ ਸਮਝੌਤਾ ਕਰਨ ਲਈ ਜੁਟੇ ਕਈ ਵੱਡੇ ਅਧਿਕਾਰੀ ਤੇ ਨੇਤਾ

ਜਲੰਧਰ (ਵੈੱਬ ਡੈਸਕ)-ਜਲੰਧਰ ਦੇ ਰਣਜੀਤ ਨਗਰ ’ਚ ਸਥਿਤ ਮਸ਼ਹੂਰ ਟਰੈਵਲ ਏਜੰਟ ਆਰ. ਐੱਸ. ਗਲੋਬਲ ਦੇ ਮਾਲਕ ਸੁਖਦੇਵ ਸਿੰਘ ਰਾਹੀ ਨੂੰ ਪੁਲਸ ਨੇ ਬੀਤੇ ਦਿਨ ਜਬਰ-ਜ਼ਿਨਾਹ ਦੇ ਮਾਮਲੇ ’ਚ ਗ੍ਰਿਫ਼ਤਾਰ ਕਰ ਲਿਆ ਸੀ। ਰਾਹੀ 'ਤੇ ਦੋਸ਼ ਹੈ ਕਿ ਉਸ ਨੇ ਆਪਣੀ ਕਲਾਇੰਟ ਲੜਕੀ ਨੂੰ ਵਿਦੇਸ਼ ਭੇਜਣ ਤੋਂ ਪਹਿਲਾਂ ਇਕ ਹੋਟਲ ਵਿਚ ਹੋਣ ਵਾਲੇ ਕਥਿਤ ਸੈਮੀਨਾਰ ਦਾ ਝਾਂਸਾ ਦੇ ਕੇ ਬੁਲਾਇਆ ਅਤੇ ਫਿਰ ਉਸ ਨੂੰ ਨਸ਼ੇ ਵਾਲੀ ਕੋਲਡ ਡ੍ਰਿੰਕ ਪਿਆ ਕੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਇਸ ਤੋਂ ਬਾਅਦ ਪੀੜਤਾ ਨੇ ਪੀ. ਜੀ. ਵਿਚ ਜਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਸਮੇਂ ਸਿਰ ਹਸਪਤਾਲ ਪਹੁੰਚਾਉਣ ’ਤੇ ਉਸ ਦਾ ਬਚਾਅ ਹੋ ਗਿਆ, ਜਿਸ ਤੋਂ ਬਾਅਦ ਮਾਮਲਾ ਪੁਲਸ ਦੇ ਧਿਆਨ ’ਚ ਲਿਆਂਦਾ ਗਿਆ।

ਰਾਹੀ ਦੀ ਗ੍ਰਿਫ਼ਤਾਰੀ ਦੀ ਖ਼ਬਰ ਨੇ ਪੰਜਾਬ ਅਤੇ ਹਰਿਆਣਾ ਦੀ ਟਰੈਵਲ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ ਸੀ। ਉਥੇ ਹੀ ਹੁਣ ਇੰਮੀਗ੍ਰੇਸ਼ਨ ਖੇਤਰ ਅਤੇ ਸ਼ਹਿਰ ਦੇ ਮੀਡੀਆ ਹਲਕਿਆਂ ਵਿਚ ਚਰਚਾ ਘੁੰਮ ਰਹੀ ਹੈ ਕਿ ਸੁਖਚੈਨ ਸਿੰਘ ਰਾਹੀ ਇਸ ਮਾਮਲੇ ਨੂੰ ਬਚਾਉਣ ਲਈ ਜੋੜ-ਤੋੜ ਸ਼ੁਰੂ ਹੋ ਚੁੱਕੇ ਹਨ। 
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜਬਰ-ਜ਼ਿਨਾਹ ਪੀੜਤਾ ਨੂੰ ਬਿਨਾਂ ਕਿਸੇ ਖ਼ਰਚੇ ਦੇ ਵਿਦੇਸ਼ ਭੇਜਣ ਅਤੇ ਉਥੇ ਸੈਟਲ ਕਰਨ ਦਾ ਆਫ਼ਰ ਵੀ ਦਿੱਤਾ ਜਾ ਸਕਦਾ ਹੈ। ਕੁਝ ਵੱਡੇ ਟਰੈਵਲ ਏਜੰਟ ਅਤੇ ਕੁਝ ਵੱਡੇ ਨੇਤਾ, ਅਧਿਕਾਰੀ ਮਿਲ ਕੇ ਇਸ ਮਾਮਲੇ ਵਿਚ ਸੁਖਚੈਨ ਸਿੰਘ ਰਾਹੀ ਅਤੇ ਜਬਰ-ਜ਼ਿਨਾਹ ਪੀੜਤਾ ਵਿਚਾਲੇ ਸਮਝੌਤੇ ਕਰਵਾਉਣ ਵਿਚ ਲੱਗੇ ਹੋਏ ਹਨ। 

ਜਾਣੋ ਕੌਣ ਹਨ ਡੇਰਾ ਬਿਆਸ ਦੇ ਨਵੇਂ ਮੁਖੀ ਜਸਦੀਪ ਸਿੰਘ ਗਿੱਲ

ਉਥੇ ਹੀ ਜਲੰਧਰ ਪੁਲਸ ਕਮਿਸ਼ਨਰ ਨੇ ਜਿਸ ਤਰ੍ਹਾਂ ਨਾਲ ਸਖ਼ਤੀ ਵਿਖਾਉਂਦੇ ਹੋਏ ਟਰੈਵਲ ਏਜੰਟ ਰਾਹੀ ਨੂੰ ਕਾਬੂ ਕਰਕੇ ਉਨ੍ਹਾਂ ਖ਼ਿਲਾਫ਼ ਐੱਫ਼. ਆਈ. ਆਰ. ਦਰਜ ਕੀਤੀ ਹੈ, ਉਸ ਨਾਲ ਜਲੰਧਰ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਖ਼ੂਬ ਸੁਰਖੀਆਂ ਬਟੋਰ ਰਹੇ ਹਨ। ਹੁਣ ਵੇਖਣਾ ਹੋਵੇਗਾ ਕਿ ਦੋਵੇਂ ਪੱਖਾਂ ਵਿਚ ਸਮਝੌਤਾ ਕਰਵਾਉਣ ਦੀਆਂ ਕੋਸ਼ਿਸ਼ਾਂ ਸਫ਼ਲ ਰਹਿੰਦੀਆਂ ਹਨ ਜਾਂ ਫਿਰ ਪੀੜਤਾ ਆਪਣੇ ਸਟੈਂਡ 'ਤੇ ਕਾਇਮ ਰਹੇਗੀ ਅਤੇ ਕੋਈ ਸਮਝੌਤਾ ਨਹੀਂ ਕਰੇਗੀ। ਕੀ ਜਬਰ-ਜ਼ਿਨਾਹ ਦੇ ਦੋਸ਼ਾਂ ਵਿਚ ਘਿਰੇ ਟਰੈਵਲ ਏਜੰਟ ਸੁਖਚੈਨ ਸਿੰਘ ਰਾਹੀ ਨੂੰ ਆਪਣੇ ਕੀਤੇ ਦੀ ਸਜ਼ਾ ਭੁਗਤਣੀ ਪਵੇਗੀ।  ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਲੜਕੀ ਨੇ ਦੱਸਿਆ ਸੀ ਕਿ ਉਹ ਇਕ ਸਕੂਲਿੰਗ ਵੀਜ਼ਾ ਲਾਉਣ ਵਾਲੀ ਟਰੈਵਲ ਏਜੰਸੀ ਵਿਚ ਨੌਕਰੀ ਕਰਦੀ ਹੈ ਅਤੇ ਪੀ. ਜੀ. ਵਿਚ ਰਹਿੰਦੀ ਹੈ। ਯੂਰਪ ਜਾਣ ਲਈ ਯੂ-ਟਿਊਬ ’ਤੇ ਇਸ਼ਤਿਹਾਰ ਦੇਖ ਕੇ ਉਸ ਨੇ 19 ਅਗਸਤ ਨੂੰ ਰਣਜੀਤ ਨਗਰ ਸਥਿਤ ਆਰ. ਐੱਸ. ਗਲੋਬਲ ਟਰੈਵਲ ਏਜੰਸੀ ਵੱਲੋਂ ਦਿੱਤੇ ਨੰਬਰ ’ਤੇ ਫੋਨ ਕੀਤਾ ਸੀ। ਅਗਲੇ ਹੀ ਦਿਨ ਆਰ. ਐੱਸ. ਗਲੋਬਲ ਦੇ ਸਟਾਫ਼ ਨੇ ਉਸ ਨੂੰ ਦਫ਼ਤਰ ਬੁਲਾ ਲਿਆ। ਜਦੋਂ ਉਹ ਦਫ਼ਤਰ ਗਈ ਤਾਂ ਉਸ ਦੀ ਮੁਲਾਕਾਤ ਟਰੈਵਲ ਏਜੰਸੀ ਦੇ ਮਾਲਕ ਸੁਖਦੇਵ ਸਿੰਘ ਰਾਹੀ ਨਾਲ ਕਰਵਾਈ ਗਈ। ਜਿਉਂ ਹੀ ਉਹ ਉਸ ਦੇ ਦਫ਼ਤਰ ਗਈ ਤਾਂ ਰਾਹੀ ਨੇ ਬਾਕੀ ਲੜਕੀਆਂ ਦੇ ਸਟਾਫ਼ ਨੂੰ ਬਾਹਰ ਭੇਜ ਦਿੱਤਾ ਅਤੇ ਉਸ ਨਾਲ ਗੱਲਬਾਤ ਕਰਨ ਲੱਗਾ।

ਰਾਹੀ ਨੇ ਸਿੰਗਾਪੁਰ ਭੇਜਣ ਲਈ ਲੜਕੀ ਨਾਲ 5.75 ਲੱਖ ਰੁਪਏ ਵਿਚ ਸੌਦਾ ਕੀਤਾ ਅਤੇ ਪੀੜਤਾ ਦਾ ਨੰਬਰ ਲੈ ਕੇ ਉਸ ਨੂੰ ਆਪਣਾ ਨਿੱਜੀ ਨੰਬਰ ਦੇ ਦਿੱਤਾ। ਪੀੜਤਾ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਉਹ ਆਪਣੇ ਪੀ. ਜੀ. ਵਿਚ ਵਾਪਸ ਆ ਗਈ ਸੀ। ਕੁਝ ਦਿਨਾਂ ਬਾਅਦ ਰਾਹੀ ਨੇ ਉਸ ਨੂੰ ਵ੍ਹਟਸਐਪ ’ਤੇ ਆਪਣਾ ਬਾਇਓਡਾਟਾ ਭੇਜਣ ਲਈ ਕਿਹਾ, ਜੋ ਉਸ ਨੂੰ ਭੇਜ ਦਿੱਤਾ ਗਿਆ। ਬਾਅਦ ’ਚ ਸੁਖਦੇਵ ਸਿੰਘ ਨੇ ਰਾਹੀ ਨੂੰ 31 ਅਗਸਤ ਨੂੰ ਸ਼ਾਮ 4 ਵਜੇ ਬੀ. ਐੱਸ. ਐੱਫ਼. ਚੌਂਕ ਨਜ਼ਦੀਕ ਸਥਿਤ ਇਕ ਹੋਟਲ ’ਚ ਸੈਮੀਨਾਰ ’ਚ ਸ਼ਾਮਲ ਹੋਣ ਲਈ ਬੁਲਾਇਆ। ਪੀੜਤਾ ਅਨੁਸਾਰ ਜਦੋਂ ਉਹ ਸ਼ਾਮ 4.30 ਵਜੇ ਉਕਤ ਹੋਟਲ ਪਹੁੰਚੀ ਤਾਂ ਉਸ ਨੂੰ ਪਤਾ ਲੱਗਾ ਕਿ ਉੱਥੇ ਕੋਈ ਸੈਮੀਨਾਰ ਨਹੀਂ ਹੋ ਰਿਹਾ। ਜਦੋਂ ਉਹ ਨਾਲ ਲੱਗਦੇ ਹੋਟਲ ’ਚ ਗਈ ਤਾਂ ਰਿਸੈਪਸ਼ਨ ’ਤੇ ਸੈਮੀਨਾਰ ਬਾਰੇ ਪੁੱਛਿਆ ਤਾਂ ਉਥੇ ਖੜ੍ਹੇ ਹੋਟਲ ਸਟਾਫ਼ ਨੇ ਉਸ ਦਾ ਪਛਾਣ ਪੱਤਰ ਮੰਗਿਆ ਅਤੇ ਫਿਰ ਦੂਜੀ ਮੰਜ਼ਿਲ ’ਤੇ ਸਥਿਤ ਕਮਰਾ ਨੰਬਰ 203 ’ਚ ਭੇਜ ਦਿੱਤਾ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ: 4 ਦੋਸਤਾਂ ਦੀ ਕਾਰ ਫਲਾਈਓਵਰ ਤੋਂ ਹੇਠਾਂ ਡਿੱਗੀ, ਉੱਡੇ ਪਰਖੱਚੇ
 

ਪੀੜਤਾ ਨੇ ਦੱਸਿਆ ਸੀ ਕਿ ਜਦੋਂ ਉਹ ਕਮਰੇ ’ਚ ਗਈ ਤਾਂ ਉਥੇ ਕੋਈ ਨਹੀਂ ਸੀ ਪਰ ਖਾਣ-ਪੀਣ ਦਾ ਸਾਮਾਨ ਪਹਿਲਾਂ ਹੀ ਪਿਆ ਹੋਇਆ ਸੀ। ਜਦੋਂ ਲੜਕੀ ਨੇ ਸੁਖਦੇਵ ਸਿੰਘ ਰਾਹੀ ਨੂੰ ਫੋਨ ਕਰਕੇ ਸੈਮੀਨਾਰ ਬਾਰੇ ਪੁੱਛਿਆ ਤਾਂ ਉਸ ਨੇ ਉਸ ਨੂੰ ਕੁਝ ਸਮਾਂ ਉਡੀਕ ਕਰਨ ਲਈ ਕਿਹਾ ਅਤੇ ਹੋਰ ਸਟੂਡੈਂਟਸ ਦੇ ਆਉਣ ਦਾ ਬਹਾਨਾ ਬਣਾਇਆ। ਕੁਝ ਸਮੇਂ ਬਾਅਦ ਰਾਹੀ ਵੀ ਕਮਰੇ ਵਿਚ ਆ ਗਿਆ ਅਤੇ ਵਿਦਿਆਰਥੀਆਂ ਦੇ ਆਉਂਦੇ ਹੀ ਸੈਮੀਨਾਰ ਸ਼ੁਰੂ ਕਰਨ ਦੀ ਗੱਲ ਕੀਤੀ। ਪੀੜਤਾ ਅਨੁਸਾਰ ਸੁਖਦੇਵ ਸਿੰਘ ਰਾਹੀ ਨੇ ਉਸ ਨੂੰ ਪਹਿਲਾਂ ਤੋਂ ਹੀ ਗਲਾਸ ਵਿਚ ਪਈ ਕੋਲਡ ਡ੍ਰਿੰਕ ਪਿਆ ਦਿੱਤੀ, ਜਿਸ ਤੋਂ ਬਾਅਦ 15 ਮਿੰਟਾਂ ਬਾਅਦ ਉਸ ਨੂੰ ਨੀਂਦ ਆਉਣ ਲੱਗੀ ਅਤੇ ਬਾਅਦ ਵਿਚ ਉਹ ਬੇਹੋਸ਼ ਹੋ ਗਈ। ਕੁਝ ਸਮੇਂ ਬਾਅਦ ਉਸ ਨੂੰ ਅਹਿਸਾਸ ਹੋਇਆ ਕਿ ਸੁਖਦੇਵ ਸਿੰਘ ਉਸ ਨਾਲ ਗਲਤ ਕੰਮ ਕਰ ਰਿਹਾ ਹੈ। ਉਸ ਨੇ ਉਸ ਨੂੰ ਧੱਕੇ ਵੀ ਮਾਰੇ ਪਰ ਹੋਸ਼ ਨਾ ਹੋਣ ਕਾਰਨ ਉਹ ਕੁਝ ਨਾ ਕਰ ਸਕੀ। ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਸ ਦੇ ਸਰੀਰ ’ਤੇ ਕੱਪੜੇ ਨਹੀਂ ਸਨ ਅਤੇ ਸਰੀਰ ’ਤੇ ਚਰੁੰਡਣ ਦੇ ਨਿਸ਼ਾਨ ਸਨ।

ਦੋਸ਼ ਹੈ ਕਿ ਉਸ ਨੇ ਸੁਖਦੇਵ ਸਿੰਘ ਦਾ ਵਿਰੋਧ ਕੀਤਾ, ਜਿਸ ਤੋਂ ਬਾਅਦ ਉਹ ਉਸ ਨੂੰ ਆਪਣੀ ਫਾਰਚੂਨਰ ਗੱਡੀ ਵਿਚ ਬਿਠਾ ਕੇ ਉਸ ਦੇ ਪੀ. ਜੀ. ਵਿਚ ਆਇਆ। ਇਸ ਤੋਂ ਪ੍ਰੇਸ਼ਾਨ ਹੋ ਕੇ ਪੀੜਤਾ ਨੇ ਆਪਣੇ ਪੀ. ਜੀ. ਵਿਚ ਜਾ ਕੇ ਕੋਈ ਜ਼ਹਿਰੀਲਾ ਪਦਾਰਥ ਨਿਗਲ ਲਿਆ, ਜਿਸ ਕਾਰਨ ਉਸ ਦੀ ਸਿਹਤ ਵਿਗੜਨ ਲੱਗੀ। ਉਸ ਨੇ ਆਪਣੀ ਟਰੈਵਲ ਏਜੰਸੀ ਦੇ ਮਾਲਕ ਨੂੰ ਫੋਨ ਕਰ ਕੇ ਸਾਰੀ ਗੱਲ ਦੱਸੀ, ਜਿਸ ਨੇ ਪੀ. ਜੀ. ਆ ਕੇ ਉਸ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ। 

ਇਹ ਵੀ ਪੜ੍ਹੋ- ਅਮਰੀਕਾ ਤੋਂ ਲਾਸ਼ ਬਣ ਪਰਤਿਆ ਇਕਲੌਤਾ ਪੁੱਤ, ਰੋਂਦੇ ਮਾਪਿਆਂ ਨੇ ਸਿਹਰਾ ਸਜਾ ਦਿੱਤੀ ਅੰਤਿਮ ਵਿਦਾਈ

ਜ਼ਹਿਰੀਲਾ ਪਦਾਰਥ ਨਿਗਲਣ ਤੋਂ ਪਹਿਲਾਂ ਪੀੜਤਾ ਨੇ ਇਕ ਸੁਸਾਈਡ ਨੋਟ ਵੀ ਲਿਖਿਆ, ਜਿਸ ’ਚ ਉਸ ਨੇ ਆਪਣੀ ਪੂਰੀ ਪ੍ਰੇਸ਼ਾਨੀ ਲਿਖੀ ਹੋਈ ਸੀ। ਇਲਾਜ ਮੁਕੰਮਲ ਹੋਣ ਤੋਂ ਬਾਅਦ ਪੀੜਤਾ ਨੇ ਥਾਣਾ ਨਵੀਂ ਬਾਰਾਦਰੀ ’ਚ ਸ਼ਿਕਾਇਤ ਦਰਜ ਕਰਵਾਈ ਅਤੇ ਪੁਲਸ ਨੂੰ ਸੁਸਾਈਡ ਨੋਟ ਵੀ ਸੌਂਪਿਆ। ਦੂਜੇ ਪਾਸੇ ਥਾਣਾ ਨਵੀਂ ਬਾਰਾਦਰੀ ਦੇ ਇੰਚਾਰਜ ਕਮਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਸ਼ਿਕਾਇਤ ਮਿਲਦਿਆਂ ਹੀ ਤੁਰੰਤ ਕਾਰਵਾਈ ਕਰਦਿਆਂ ਸੁਖਦੇਵ ਸਿੰਘ ਰਾਹੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੀੜਤਾ ਦੇ ਬਿਆਨਾਂ ਦੇ ਆਧਾਰ ’ਤੇ ਸੁਖਦੇਵ ਸਿੰਘ ਰਾਹੀ ਖ਼ਿਲਾਫ਼ ਐੱਫ਼. ਆਈ. ਆਰ. ਦਰਜ ਕੀਤੀ ਗਈ, ਜਿਸ ਤੋਂ ਬਾਅਦ ਉਸ ਦੀ ਗ੍ਰਿਫ਼ਤਾਰੀ ਵਿਖਾ ਦਿੱਤੀ ਗਈ। ਐੱਸ. ਐੱਚ. ਓ. ਕਮਲਜੀਤ ਸਿੰਘ ਦਾ ਕਹਿਣਾ ਹੈ ਕਿ ਸੁਖਦੇਵ ਸਿੰਘ ਰਾਹੀ ਨੂੰ ਸੋਮਵਾਰ ਅਦਾਲਤ ਵਿਚ ਪੇਸ਼ ਕਰਕੇ ਉਸ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ।

ਇਹ ਵੀ ਪੜ੍ਹੋ-ਪੰਜਾਬ 'ਚ ਮੇਲੇ ਦੌਰਾਨ ਵੱਡਾ ਹਾਦਸਾ, ਮੱਥਾ ਟੇਕਣ ਆਈ ਬਜ਼ੁਰਗ ਔਰਤ ਦੀ ਤੜਫ਼-ਤੜਫ਼ ਕੇ ਹੋਈ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News