ਨਿਊਜ਼ੀਲੈਂਡ ਭੇਜਣ ਦੇ ਨਾਂ ''ਤੇ 7 ਲੱਖ ਠੱਗੇ

11/20/2017 1:34:11 AM

ਨਵਾਂਸ਼ਹਿਰ, (ਤ੍ਰਿਪਾਠੀ)- ਨਿਊਜ਼ੀਲੈਂਡ ਭੇਜਣ ਦੇ ਨਾਂ 'ਤੇ 7 ਲੱਖ ਰੁਪਏ ਦੀ ਠੱਗੀ ਕਰਨ ਵਾਲੇ ਏਜੰਟ ਖਿਲਾਫ਼ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ 'ਚ ਨਛੱਤਰ ਕੌਰ ਪਤਨੀ ਸੁਰਿੰਦਰ ਸਿੰਘ ਵਾਸੀ ਪਿੰਡ ਹੇੜੀਆ (ਮੁਕੰਦਪੁਰ) ਨੇ ਦੱਸਿਆ ਕਿ ਉਸ ਨੇ ਨਿਊਜ਼ੀਲੈਂਡ ਜਾਣ ਲਈ ਹਨੂਮਾਨਗੜ੍ਹ ਦੇ ਏਜੰਟ ਆਜ਼ਾਦ ਸਿੰਘ ਨਾਲ ਗੱਲ ਕੀਤੀ ਸੀ, ਜਿਸ ਨੇ ਵਿਦੇਸ਼ ਭੇਜਣ ਲਈ 10 ਲੱਖ ਰੁਪਏ ਦੀ ਮੰਗ ਕੀਤੀ ਪਰ ਸੌਦਾ 7 ਲੱਖ ਰੁਪਏ 'ਚ ਹੋਇਆ। ਉਸ ਨੇ ਆਪਣਾ ਪਾਸਪੋਰਟ ਤੇ ਰਾਸ਼ੀ ਏਜੰਟ ਨੂੰ ਦੇ ਦਿੱਤੀ, ਜਿਸ ਨੇ ਜਲਦ ਹੀ ਉਸ ਨੂੰ ਨਿਊਜ਼ੀਲੈਂਡ ਭੇਜਣ ਦਾ ਭਰੋਸਾ ਦਿੱਤਾ ਪਰ 7 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਨਾ ਤਾਂ ਏਜੰਟ ਨੇ ਉਸ ਨੂੰ ਵਿਦੇਸ਼ ਭੇਜਿਆ ਤੇ ਨਾ ਹੀ ਪਾਸਪੋਰਟ ਤੇ ਪੈਸੇ ਵਾਪਸ ਕਰ ਰਿਹਾ ਹੈ। ਪੈਸੇ ਮੰਗਣ 'ਤੇ ਉਹ ਲਗਾਤਾਰ ਪੈਸੇ ਵਾਪਸ ਕਰਨ ਦਾ ਵਾਅਦਾ ਕਰਦਾ ਰਿਹਾ ਪਰ ਵਾਪਸ ਨਹੀਂ ਕੀਤੇ। ਸ਼ਿਕਾਇਤਕਰਤਾ ਨੇ ਏਜੰਟ 'ਤੇ ਧਮਕੀਆਂ ਦੇਣ ਦਾ ਦੋਸ਼ ਵੀ ਲਾਇਆ।
ਇਸ ਸ਼ਿਕਾਇਤ ਦੀ ਜਾਂਚ ਡੀ. ਐੱਸ. ਪੀ. (ਡੀ) ਨਵਾਂਸ਼ਹਿਰ ਵੱਲੋਂ ਕਰਨ ਉਪਰੰਤ ਦਿੱਤੀ ਰਿਪੋਰਟ ਦੇ ਆਧਾਰ 'ਤੇ ਥਾਣਾ ਮੁਕੰਦਪੁਰ ਦੀ ਪੁਲਸ ਨੇ ਏਜੰਟ ਆਜ਼ਾਦ ਸਿੰਘ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News