ਪ੍ਰਾਪਰਟੀ ਟੈਕਸ ਦੀ ਰਿਕਵਰੀ ਲਈ ਰੋਜ਼ਾਨਾ ਦੇ ਹਿਸਾਬ ਨਾਲ ਤੈਅ ਹੋਏ ਟਾਰਗੈੱਟ

06/19/2019 1:22:57 AM

ਲੁਧਿਆਣਾ(ਹਿਤੇਸ਼)— ਨਗਰ ਨਿਗਮ ਦੇ ਮੇਅਰ ਅਤੇ ਕਮਿਸ਼ਨਰ ਨੇ ਪ੍ਰਾਪਰਟੀ ਟੈਕਸ ਦੇ ਬਕਾਇਆ ਕਰ ਦੀ ਰਿਕਵਰੀ ਲਈ ਚੈਕਿੰਗ ਅਤੇ ਨੋਟਿਸ ਜਾਰੀ ਕਰਨ ਸਬੰਧੀ ਰੋਜ਼ਾਨਾ ਦੇ ਹਿਸਾਬ ਨਾਲ ਟਾਰਗੈੱਟ ਤੈਅ ਕਰ ਦਿੱਤੇ ਹਨ। ਇਥੇ ਚਾਰੇ ਜ਼ੋਨਾਂ ਦੀ ਰੀਵਿਊ ਮੀਟਿੰਗ ਵਿਚ ਮੇਅਰ ਅਤੇ ਕਮਿਸ਼ਨਰ ਨੇ ਅਫਸਰਾਂ ਨੂੰ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਪ੍ਰਾਪਰਟੀ ਟੈਕਸ ਦੀ ਰੈਗੂਲਰ ਰਿਟਰਨ ਜਮ੍ਹਾ ਨਹੀਂ ਕਰਵਾਈ, ਉਨ੍ਹਾਂ ਨੂੰ ਨੋਟਿਸ ਜਾਰੀ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ, ਜਿਨ੍ਹਾਂ 'ਤੇ ਸੀਲਿੰਗ ਚਾਲੂ ਕਰਨ ਲਈ ਜੁਲਾਈ ਦੀ ਡੈੱਡਲਾਈਨ ਰੱਖੀ ਗਈ ਹੈ।

ਇਸੇ ਤਰ੍ਹਾਂ ਕਦੇ ਵੀ ਟੈਕਸ ਨਾ ਦੇਣ ਵਾਲੇ ਲੋਕਾਂ ਦੀ ਫੜੋ-ਫੜੀ ਲਈ ਯੂ.ਆਈ.ਡੀ. ਨੰਬਰਾਂ ਨੂੰ ਆਧਾਰ ਬਣਾ ਕੇ ਕੰਮ ਤੇਜ਼ ਕਰਨ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਗਲਤ ਰਿਟਰਨ ਭਰ ਕੇ ਨਗਰ ਨਿਗਮ ਨੂੰ ਚੂਨਾ ਲਾਉਣ ਵਾਲਿਆਂ ਤੋਂ ਜੁਰਮਾਨਾ ਵਸੂਲਣ ਲਈ ਡੋਰ-ਟੂ-ਡੋਰ ਚੈਕਿੰਗ ਸਬੰਧੀ ਰੋਜ਼ਾਨਾ ਦੇ ਹਿਸਾਬ ਨਾਲ ਟਾਰਗੈੱਟ ਤੈਅ ਕਰਨ ਦੀ ਜ਼ਿੰਮੇਵਾਰੀ ਜ਼ੋਨਲ ਕਮਿਸ਼ਨਰਾਂ ਨੂੰ ਦਿੱਤੀ ਗਈ ਹੈ।

ਜ਼ੋਨ ਸੀ ਵਿਚ ਕੱਟੇ ਨਾਜਾਇਜ਼ ਕਾਲੋਨੀਆਂ ਦੇ ਪਾਣੀ ਤੇ ਸੀਵਰੇਜ ਦੇ ਕੁਨੈਕਸ਼ਨ
ਇਕ ਪਾਸੇ ਜਿੱਥੇ ਨਗਰ ਨਿਗਮ ਦੀ ਇਮਾਰਤੀ ਸ਼ਾਖਾ ਵਲੋਂ ਨਾਜਾਇਜ਼ ਕਾਲੋਨੀਆਂ ਖਿਲਾਫ ਕੋਈ ਖਾਸ ਕਾਰਵਾਈ ਨਹੀਂ ਕੀਤੀ ਜਾ ਰਹੀ, ਉਥੇ ਓ. ਐਂਡ ਐੱਮ. ਸੈੱਲ ਵਲੋਂ ਇਨ੍ਹਾਂ ਨਾਜਾਇਜ਼ ਕਾਲੋਨੀਆਂ ਵਲੋਂ ਜੋੜੇ ਗਏ ਪਾਣੀ ਅਤੇ ਸੀਵਰੇਜ ਦੇ ਕੁਨੈਕਸ਼ਨ ਕੱਟਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਦਾ ਆਗਾਜ਼ ਜ਼ੋਨ-ਸੀ ਤੋਂ ਕੀਤਾ ਗਿਆ, ਜਿੱਥੇ ਗਿੱਲ ਰੋਡ ਨਹਿਰ ਦੇ ਨਾਲ ਲਗਦੇ ਈਸ਼ਰ ਨਗਰ ਅਤੇ ਗੁਰੂ ਨਾਨਕ ਨਗਰ ਵਿਚ ਨਾਜਾਇਜ਼ ਕਾਲੋਨੀਆਂ ਦੇ ਪਾਣੀ ਅਤੇ ਸੀਵਰੇਜ ਦੇ ਕੁਨੈਕਸ਼ਨ ਕੱਟ ਦਿੱਤੇ ਗਏ। ਐੱਸ.ਈ. ਰਜਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਕਾਲੋਨੀਆਂ ਵਲੋਂ ਕੁਨੈਕਸ਼ਨ ਜੋੜਨ ਲਈ ਨਗਰ ਨਿਗਮ ਤੋਂ ਕੋਈ ਮਨਜ਼ੂਰੀ ਨਹੀਂ ਲਈ ਸੀ ਤੇ ਨਾ ਹੀ ਕੋਈ ਫੀਸ ਜਮ੍ਹਾ ਕਰਵਾਈ ਸੀ।


Baljit Singh

Content Editor

Related News