ਫਾਰਮਾਸਿਸਟਾਂ ਦੇ ਸੇਵਾਕਾਲ ''ਚ ਇਕ ਸਾਲ ਦੇ ਵਾਧੇ ''ਤੇ ਬਣੀ ਸਹਿਮਤੀ

Wednesday, Oct 11, 2017 - 06:59 AM (IST)

ਚੰਡੀਗੜ੍ਹ  (ਭੁੱਲਰ)  - ਪੰਜਾਬ ਦੇ ਸਰਕਾਰੀ ਹਸਪਤਾਲਾਂ ਤੇ ਡਿਸਪੈਂਸਰੀਆਂ ਵਿਚ ਕੰਮ ਕਰਦੇ ਫਾਰਮਾਸਿਸਟਾਂ ਦੇ ਸੇਵਾਕਾਲ ਵਿਚ ਇਕ ਸਾਲ ਦਾ ਵਾਧਾ ਕੀਤਾ ਜਾਵੇਗਾ। ਅੱਜ ਇਥੇ ਪੰਜਾਬ ਸਟੇਟ ਫਾਰਮਾਸਿਸਟ ਐਸੋਸੀਏਸ਼ਨ ਦੀ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਰਾਜੀਵ ਭੱਲਾ ਨਾਲ ਹੋਈ ਮੀਟਿੰਗ ਵਿਚ ਕਈ ਮੰਗਾਂ 'ਤੇ ਸਹਿਮਤੀ ਬਣੀ ਹੈ। ਐਸੋਸੀਏਸ਼ਨ ਦਾ ਵਫਦ ਸੂਬਾ ਪ੍ਰਧਾਨ ਨਰਿੰਦਰ ਮੋਹਨ ਸ਼ਰਮਾ ਅਤੇ ਜਨਰਲ ਸਕੱਤਰ ਰਵਿੰਦਰ ਲੂਥਰਾ ਦੀ ਅਗਵਾਈ 'ਚ ਅੱਜ ਇਥੇ ਵਿਭਾਗ ਦੇ ਡਾਇਰੈਕਟੋਰੇਟ ਵਿਖੇ ਡਾ. ਭੱਲਾ ਨੂੰ ਮਿਲਿਆ। ਡਾਇਰੈਕਟੋਰੇਟ ਵੱਲੋਂ ਪ੍ਰਵਾਨ ਮੰਗਾਂ ਨੂੰ ਲਾਗੂ ਕਰਾਉਣ ਲਈ ਜਲਦੀ ਕਾਰਵਾਈ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਮੰਗਾਂ ਬਾਰੇ ਸਿਹਤ ਮੰਤਰੀ ਪਹਿਲਾਂ ਹੀ ਫਾਰਮਾਸਿਸਟ ਐਸੋਸੀਏਸ਼ਨ ਨੂੰ ਭਰੋਸਾ ਦੇ ਚੁੱਕੇ ਹਨ।
ਇਸ ਮੌਕੇ ਮੰਗ ਪੱਤਰ 'ਤੇ ਹੋਈ ਵਿਚਾਰ ਚਰਚਾ ਤੋਂ ਬਾਅਦ ਕਈ ਮੰਗਾਂ ਪ੍ਰਵਾਨ ਕੀਤੀਆਂ ਗਈਆਂ। ਸੇਵਾਕਾਲ 'ਚ ਵਾਧੇ ਤੋਂ ਇਲਾਵਾ ਮੀਟਿੰਗ ਵਿਚ ਜਿਹੜੀਆਂ ਹੋਰ ਮੰਗਾਂ 'ਤੇ ਸਹਿਮਤੀ ਹੋਈ ਹੈ, ਉਨ੍ਹਾਂ ਵਿਚ ਫਾਰਮਾਸਿਸਟ ਅਤੇ ਚੀਫ ਫਾਰਮਾਸਿਸਟਾਂ ਦੇ ਅਹੁਦੇ ਦਾ ਨਾਮ ਬਦਲਣਾ, 302 ਨਵੀਆਂ ਆਸਾਮੀਆਂ ਬਣਾਉਣਾ, ਜ਼ਿਲਾ ਹੈੱਡਕੁਆਰਟਰਾਂ ਦੇ ਸਟੋਰਾਂ ਵਿਚ ਸਟਾਫ ਦੀ ਪੂਰਤੀ ਅਤੇ ਯੋਗ ਇਮਾਰਤ ਦਾ ਪ੍ਰਬੰਧ ਕਰਨਾ, ਤਰੱਕੀ ਹਾਸਲ ਚੀਫ ਫਾਰਮਾਸਿਸਟਾਂ ਨੂੰ ਜ਼ਿਲੇ ਵਿਚ ਨੇੜਲੇ ਸਥਾਨਾਂ ਵਿਚ ਐਡਜਸਟ ਕਰਨਾ ਅਤੇ ਸਿਹਤ ਸੰਸਥਾਵਾਂ ਵਿਚ ਫਾਰਮੇਸੀ ਨੂੰ ਆ ਰਹੀਆਂ ਮੁਸ਼ਕਲਾਂ ਦੇ ਹੱਲ ਦੇ ਨਿਪਟਾਰੇ ਦੇ ਮੁੱਦੇ ਸ਼ਾਮਿਲ ਹਨ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰ ਸ਼ਰਮਾ, ਮੀਤ ਪ੍ਰਧਾਨ ਸੁਨੀਲ ਦੱਤ, ਵਿੱਤ ਸਕੱਤਰ ਰਾਜ ਕੁਮਾਰ, ਮੁੱਖ ਸਲਾਹਕਾਰ ਕੁਲਭੂਸ਼ਣ ਸਿੰਗਲਾ, ਆਡੀਟਰ ਜਗਦੀਪ ਵਿਰਕ, ਜੁਆਇੰਟ ਸਕੱਤਰ ਸਿਸ਼ਨ ਕੁਮਾਰ, ਜਥੇਬੰਧਕ ਸਕੱਤਰ ਮੇਜਰ ਸਿੰਘ, ਪ੍ਰੈੱਸ ਸਕੱਤਰ ਬਲਰਾਜ ਸਿੰਘ ਦੇ ਨਾਮ ਜ਼ਿਕਰਯੋਗ ਹਨ।


Related News