ਸੇਵਾ ਕੇਂਦਰ ਦੀਆਂ ਸੇਵਾਵਾਂ ਠੱਪ, ਬਿਜਲੀ ਕੁਨੈਕਸ਼ਨ ਕੱਟਿਆ
Monday, Jun 11, 2018 - 07:05 AM (IST)
ਰਾਮਾਂ ਮੰਡੀ, (ਪਰਮਜੀਤ)- ਸਥਾਨਕ ਸ਼ਹਿਰ ਦੇ ਸੇਵਾ ਕੇਂਦਰ ਵੱਲੋਂ ਬਿਜਲੀ ਦਾ ਬਿੱਲ ਨਾ ਭਰੇ ਜਾਣ ਕਾਰਨ ਪਾਵਰਕਾਮ ਨੇ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਹੈ, ਜਿਸ ਕਾਰਨ ਸੇਵਾ ਕੇਂਦਰ ਦੀਆਂ ਸੇਵਾਵਾਂ ਠੱਪ ਹੋ ਗਈਆਂ ਹਨ। ਇਸ ਮੌਕੇ ਸੇਵਾ ਕੇਂਦਰ 'ਚ ਆਪਣੇ ਕੰਮ ਧੰਦੇ ਕਰਵਾਉਣ ਲਈ ਆਏ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੇਂ ਮੰਡੀ ਵਾਸੀ ਤਰਸੇਮ ਚੰਦ ਮਲਕਾਨਾ ਨੇ ਦੱਸਿਆ ਅੱਤ ਦੀ ਗਰਮੀ 'ਚ ਬਜ਼ੁਰਗ ਔਰਤਾਂ ਪੈਦਲ ਤੁਰ ਕੇ ਆਪਣੇ ਬੁਢਾਪਾ ਪੈਨਸ਼ਨ ਦੇ ਫਾਰਮ ਜਮ੍ਹਾ ਕਰਵਾਉਣ ਆਈਆਂ ਹਨ ਪਰ ਸੇਵਾ ਕੇਂਦਰ ਦਾ ਬਿਜਲੀ ਕੁਨੈਕਸ਼ਨ ਕੱਟਿਆ ਹੋਣ ਕਾਰਨ ਕੰਪਿਊਟਰ ਬੰਦ ਪਏ ਹਨ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸੇਵਾ ਕੇਂਦਰ 'ਚ ਬਿਜਲੀ ਕੁਨੈਕਸ਼ਨ ਕੱਟਿਆ ਹੋਣ ਕਾਰਨ ਕਰਮਚਾਰੀ ਅੱਤ ਦੀ ਗਰਮੀ 'ਚ ਬੈਠਣ ਲਈ ਮਜਬੂਰ ਹਨ। ਸਬੰਧਤ ਕਰਮਚਾਰੀਆਂ ਨੇ ਦੱਸਿਆ ਕਿ ਬਿਜਲੀ ਵਿਭਾਗ ਵੱਲੋਂ ਸੇਵਾ ਕੇਂਦਰ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ, ਜਿਸ ਸਬੰਧੀ ਕੰਪਨੀ ਅਤੇ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਜਨਰਲ ਸਕੱਤਰ ਨੇ ਕਿਹਾ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਆਮ ਲੋਕਾਂ ਨੂੰ ਸਹੂਲਤਾਂ ਦੇਣ ਦੇ ਮਕਸਦ ਨਾਲ ਸੇਵਾ ਕੇਂਦਰ ਖੋਲ੍ਹੇ ਸਨ ਪਰ ਕੈਪਟਨ ਸਰਕਾਰ ਵੱਲੋਂ ਸੇਵਾ ਕੇਂਦਰਾਂ ਨੂੰ ਬੰਦ ਕਰਨਾ ਬਹੁਤ ਹੀ ਮੰਦਭਾਗਾ ਕੰਮ ਹੈ। ਸਰੁਪ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸੇਵਾ ਕੇਂਦਰ ਦੀ ਬਿਜਲੀ ਚਾਲੂ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਅੱਤ ਦੀ ਗਰਮੀ 'ਚ ਖੱਜਲ-ਖੁਆਰ ਨਾ ਹੋਣਾ ਪਵੇ।
ਕੀ ਕਹਿਣਾ ਹੈ ਪਾਵਰਕਾਮ ਅਧਿਕਾਰੀ ਦਾ
ਜਦੋਂ ਪਾਵਰਕਾਮ ਰਾਮਾਂ ਮੰਡੀ ਦੇ ਐੱਸ. ਡੀ. ਓ. ਸੰਦੀਪ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਸੇਵਾ ਕੇਂਦਰ ਰਾਮਾਂ ਮੰਡੀ ਵੱਲੋਂ ਪਿਛਲੇ 6 ਮਹੀਨਿਆਂ ਤੋਂ ਬਿਜਲੀ ਦਾ ਬਿੱਲ ਨਹੀਂ ਭਰਿਆ ਗਿਆ, ਜਿਸ ਕਰ ਕੇ ਸੇਵਾ ਕੇਂਦਰ ਦੇ ਵੱਲ ਇਕ ਲੱਖ ਦੇ ਕਰੀਬ ਬਿਜਲੀ ਬਿੱਲ ਬਕਾਇਆ ਖੜ੍ਹਾ ਹੈ, ਜਦੋਂ ਸੇਵਾ ਕੇਂਦਰ ਵੱਲੋਂ ਬਿਜਲੀ ਦਾ ਬਿੱਲ ਭਰ ਦਿੱਤਾ ਜਾਵੇਗਾ ਤਾਂ ਤੁੰਰਤ ਬਿਜਲੀ ਕੁਨੈਕਸ਼ਨ ਜੋੜ ਦਿੱਤਾ ਜਾਵੇਗਾ।
