ਸੇਵਾ ਕੇਂਦਰ ਦੇ ਇਕ ਆਪਰੇਟਰ ’ਤੇ ਨਿਰਧਾਰਤ ਫੀਸ ਤੋਂ ਵੱਧ ਪੈਸੇ ਲੈਣ ਦਾ ਦੋਸ਼

Thursday, Aug 30, 2018 - 12:31 AM (IST)

ਸੇਵਾ ਕੇਂਦਰ ਦੇ ਇਕ ਆਪਰੇਟਰ ’ਤੇ ਨਿਰਧਾਰਤ ਫੀਸ ਤੋਂ ਵੱਧ ਪੈਸੇ ਲੈਣ ਦਾ ਦੋਸ਼

 ਬਟਾਲਾ,   (ਮਠਾਰੂ)-  ਸੂਬਾ ਸਰਕਾਰ ਵੱਲੋਂ ਆਮ ਲੋਕਾਂ ਨੂੰ ਰਾਜ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਨਾਲ ਸਬੰਧਤ ਕੰਮਕਾਜ ਕਰਵਾਉਣ ਲਈ ਇਕੋ ਛੱਤ ਹੇਠਾਂ ਸੇਵਾ ਕੇਂਦਰਾਂ ਰਾਹੀਂ ਲਗਭਗ 177 ਦੇ ਕਰੀਬ ਸਰਕਾਰੀ ਕੰਮਾਂ ਸਬੰਧੀ ਦਸਤਾਵੇਜ਼ ਬਣਾਉਣ ਦੀ ਸੁਵਿਧਾ ਦਿੱਤੀ ਗਈ ਹੈ। ਸਰਕਾਰ ਵੱਲੋਂ ਇਹ ਸੇਵਾ ਕੇਂਦਰ ਇਕ ਕੰਪਨੀ ਨੂੰ ਠੇਕੇ ਉਪਰ ਦਿੱਤੇ ਹੋਏ ਹਨ, ਜਿਸ ਵੱਲੋਂ ਜ਼ਿਲੇ ਅੰਦਰ ਇਕ ਜਨਰਲ ਮੈਨੇਜਰ ਲਾ ਕੇ ਇਨ੍ਹਾਂ ਸੇਵਾ ਕੇਂਦਰਾਂ ਨੂੰ ਚਲਾਉਣ ਵਾਸਤੇ ਪ੍ਰਾਈਵੇਟ ਤੌਰ ’ਤੇ ਆਪਰੇਟਰ ਰੱਖੇ ਹੋਏ ਹਨ ਪਰ ਬਟਾਲਾ ਦੇ ਇਕ ਸੇਵਾ ਕੇਂਦਰ ਵਿਚ ਤਾਇਨਾਤ ਇਕ ਆਪਰੇਟਰ ਵੱਲੋਂ ਕਾਇਦੇ-ਕਾਨੂੰਨਾਂ ਨੂੰ ਛਿੱਕੇ ’ਤੇ ਟੰਗ ਕੇ ਆਪਣੀ ਮਨਮਰਜ਼ੀ ਕਰਦਿਆਂ ਵੱਖ-ਵੱਖ ਸਬੰਧਤ ਕੰਮਾਂ ਲਈ ਨਿਰਧਾਰਤ ਕੀਤੀ ਗਈ ਸਰਕਾਰੀ ਫੀਸ ਤੋਂ ਇਲਾਵਾ ਕਥਿਤ ਤੌਰ ’ਤੇ ਆਮ ਲੋਕਾਂ ਕੋਲੋਂ ਵਾਧੂ ਪੈਸੇ ਵਸੂਲਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਬਟਾਲਾ ਦੇ ਇੰਡਸਟਰੀ ਏਰੀਏ ਅਤੇ ਥਾਣਾ ਸਦਰ ਵਿਚ ਬਣੇ ਹੋਏ ਸੇਵਾ ਕੇਂਦਰ ਵਿਚ ਤਾਇਨਾਤ ਇਕ ਆਪਰੇਟਰ ਵੱਲੋਂ  ਵਾਧੂ ਪੈਸੇ ਵਸੂਲੇ ਜਾਣ ਦੇ ਮਾਮਲੇ ਨੂੰ ਲੈ ਕੇ ਇਸ ਸੇਵਾ ਕੇਂਦਰ ’ਚੋਂ ਹਲਫ਼ੀਆ ਬਿਆਨ ਬਣਵਾਉਣ ਵਾਲੇ ਕੁਝ ਲੋਕਾਂ ਵੱਲੋਂ ਜਿਥੇ ਇਸ ਸਬੰਧੀ ਐੱਸ. ਡੀ. ਐੱਮ. ਬਟਾਲਾ  ਰੋਹਿਤ ਗੁਪਤਾ ਅਤੇ ਇਨ੍ਹਾਂ ਸੇਵਾ ਕੇਂਦਰਾਂ ਦੇ ਜ਼ਿਲਾ ਮੈਨੇਜਰ ਸੁਨੀਲ ਕੁਮਾਰ ਨੂੰ ਸ਼ਿਕਾਇਤ ਭੇਜ ਕੇ ਆਮ ਲੋਕਾਂ ਦੀ ਕਥਿਤ ਤੌਰ ’ਤੇ ਹੋ ਰਹੀ ਲੁੱਟ-ਖਸੁੱਟ ਦਾ ਮਾਮਲਾ ਸਾਹਮਣੇ ਲਿਆਉਂਦਿਆਂ ਉਕਤ ਆਪਰੇਟਰ ਖਿਲਾਫ਼ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ, ਉਥੇ ਨਾਲ ਹੀ ਇਹ ਸੰਜੀਦਾ ਮਾਮਲਾ ਪੱਤਰਕਾਰਾਂ ਦੇ ਧਿਆਨ ਹਿੱਤ ਵੀ ਲਿਆਂਦਾ ਗਿਆ ਹੈ। 
ਸੇਵਾ ਕੇਂਦਰ ਦੇ ਆਪਰੇਟਰ ਦੀ ਬਾਰੀਕੀ ਨਾਲ ਜਾਂਚ ਕਰਵਾਈ ਜਾਵੇਗੀ : ਐੱਸ. ਡੀ. ਐੱਮ. ਬਟਾਲਾ   
ਜਦ ਇਸ ਮਾਮਲੇ ਸਬੰਧੀ ਐੱਸ. ਡੀ. ਐੱਮ. ਬਟਾਲਾ ਰੋਹਿਤ ਗੁਪਤਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਰਕਾਰੀ ਫੀਸ ਤੋਂ ਵੱਧ ਪੈਸੇ ਲੈਣ ਦਾ ਮਾਮਲਾ ਗੰਭੀਰ ਹੈ, ਇਸ ਲਈ ਵਿਸ਼ੇਸ਼ ਅਧਿਕਾਰੀਆਂ ਦੀ ਡਿਊਟੀ ਲਾ ਕੇ ਇੰਡਸਟਰੀ ਏਰੀਏ ਦੇ ਇਸ ਸੇਵਾ ਕੇਂਦਰ ਦੇ ਆਪਰੇਟਰ ਦੀ ਬਾਰੀਕੀ ਨਾਲ ਜਾਂਚ ਕਰਵਾਈ ਜਾਵੇਗੀ ਅਤੇ ਜਾਂਚ ਰਿਪੋਰਟ ਦੇ ਆਧਾਰ ’ਤੇ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਜਾਵੇਗਾ। 
 ਕੀ ਕਹਿਣਾ ਹੈ ਸੇਵਾ ਕੇਂਦਰਾਂ ਦੇ ਜਨਰਲ ਮੈਨੇਜਰ ਦਾ 
 ਜਦ ਇਸ ਮਾਮਲੇ ਸਬੰਧੀ ਜ਼ਿਲੇ ਦੇ ਸੇਵਾ ਕੇਂਦਰਾਂ ਦੇ ਜਨਰਲ ਮੈਨੇਜਰ ਸੁਨੀਲ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬਟਾਲਾ ਦੇ ਇੰਡਸਟਰੀ  ਏਰੀਏ ਦੇ ਇਸ ਸੇਵਾ ਕੇਂਦਰ ਵਿਚ ਤਾਇਨਾਤ ਉਕਤ ਆਪਰੇਟਰ ਖਿਲਾਫ਼ ਵਾਧੂ ਪੈਸੇ ਲੈਣ ਸਬੰਧੀ ਪਹਿਲਾਂ ਵੀ ਸ਼ਿਕਾਇਤਾਂ ਮਿੱਲ ਚੁੱਕੀਆਂ ਹਨ, ਜਦ ਕਿ ਵਿਜੀਲੈਂਸ ਟੀਮ ਵੱਲੋਂ ਛਾਪੇਮਾਰੀ ਕਰਦਿਆਂ ਉਕਤ ਆਪਰੇਟਰ ਦੀ ਸਾਰੀ ਰਿਪੋਰਟ ਵੀ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕੰਪਨੀ ਨੂੰ ਪਤਾ ਲੱਗ ਚੁੱਕਾ ਹੈ ਕਿ ਉਕਤ ਆਪਰੇਟਰ ਭ੍ਰਿਸ਼ਟਾਚਾਰ ਕਰ ਰਿਹਾ ਹੈ, ਇਸ ਲਈ ਇਸ ਸੇਵਾ ਕੇਂਦਰ ਵਿਚ ਕੰਪਨੀ ਵੱਲੋਂ ਤਿੰਨ ਆਪਰੇਟਰ ਲਾਏ ਗਏ ਹਨ, ਜਦ ਕਿ ਹਰ ਸੇਵਾ ਕੇਂਦਰ ਵਿਚ ਸਿਰਫ਼ 2 ਆਪਰੇਟਰ ਹੀ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਉਕਤ ਮਾਮਲੇ ਸਬੰਧੀ ਸਾਰੀ ਰਿਪੋਰਟ ਤਿਆਰ ਕਰ ਕੇ ਕੰਪਨੀ ਦੇ ਹੈੱਡ ਆਫ਼ਿਸ ਨੂੰ ਭੇਜ ਦਿੱਤੀ ਗਈ ਹੈ, ਜਿਸ ਦੀ ਮੁਕੰਮਲ ਰਿਪੋਰਟ ਕੁਝ ਦਿਨਾਂ ਤੱਕ ਵਾਪਸ ਆੳੁਣ ਤੋਂ ਬਾਅਦ ਜਿਥੇ ਇਸ ਆਪਰੇਟਰ ਨੂੰ ਸੇਵਾ ਕੇਂਦਰ ਤੋਂ ਬਾਹਰ ਕਰ ਦਿੱਤਾ ਜਾਵੇਗਾ, ਉਥੇ ਨਾਲ ਹੀ ਬਣਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ।
 ਲਾਏ ਗਏ ਦੋਸ਼ ਝੂਠੇ ਤੇ ਬੇਬੁਨਿਆਦ : ਆਪਰੇਟਰ
 ਜਦ ਇਸ ਮਾਮਲੇ ਸਬੰਧੀ ਸੇਵਾ ਕੇਂਦਰ ਦੇ ਸਬੰਧਤ ਆਪਰੇਟਰ ਜਤਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਸਰਕਾਰੀ ਫੀਸ ਤੋਂ ਇਲਾਵਾ ਵਾਧੂ ਪੈਸੇ ਲੈਣ ਦੇ ਲੱਗ ਰਹੇ ਸਾਰੇ ਦੋਸ਼ਾਂ ਨੂੰ ਝੂਠ  ਦੱਸਦਿਆਂ ਮੁੱਢੋਂ ਹੀ ਰੱਦ ਕਰ ਦਿੱਤਾ ਅਤੇ ਕਿਹਾ ਕਿ ਉਹ ਆਪਣਾ ਕੰਮ ਪੂਰੀ ਈਮਾਨਦਾਰੀ ਨਾਲ ਕਰ ਰਿਹਾ ਹੈ। 


Related News