ਸੁਸਤ ਕਾਰਜ ਪ੍ਰਣਾਲੀ ਕਾਰਨ ਲੋਕਾਂ ਨੂੰ ਮੁੱਕੀ ਹੁਣ ਸੇਵਾ ਕੇਂਦਰਾਂ ਤੋਂ ਸੇਵਾਵਾਂ ਦੀ ਆਸ

04/07/2018 1:19:52 PM


ਬਾਘਾਪੁਰਾਣਾ (ਚਟਾਨੀ) - ਲੋਕਾਂ ਨੂੰ ਸੇਵਾਵਾਂ ਦੇਣ ਲਈ ਖੋਲ੍ਹੇ ਸੇਵਾ ਕੇਂਦਰਾਂ ਤੋਂ ਉਨ੍ਹਾਂ ਨੂੰ ਹੁਣ ਸੇਵਾਵਾਂ ਦੀ ਆਸ ਮੁੱਕਦੀ ਜਾ ਰਹੀ ਹੈ। ਸੁਵਿਧਾ ਕੇਂਦਰਾਂ ਦੇ ਬਦਲ ਵਜੋਂ ਵਿਕਸਿਤ ਕੀਤੇ ਸੇਵਾ ਕੇਂਦਰ ਲੋਕਾਂ ਲਈ ਪ੍ਰੇਸ਼ਾਨੀਆਂ ਦਾ ਵੱਡਾ ਸਬੱਬ ਬਣ ਰਹੇ ਹਨ। ਸਵੇਰੇ 9.30 ਤੋਂ ਸ਼ਾਮ 5 ਵਜੇ ਤੱਕ ਸਿਰਫ 50 ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਵਾਲੇ ਇਸ ਕੇਂਦਰ 'ਚੋਂ ਨਿੱਤ ਦਿਨ ਅਨੇਕਾਂ ਲੋਕ ਨਿਰਾਸ਼ ਪਰਤਦੇ ਹਨ। 50 ਦੇ ਕਰੀਬ ਵੱਖ-ਵੱਖ ਸੇਵਾਵਾਂ ਇਸ ਕੇਂਦਰ ਤੋਂ ਦਿੱਤੀਆਂ ਜਾਂਦੀਆਂ ਹਨ ਪਰ ਸਭ ਤੋਂ ਵਧੇਰੇ ਲੋਕ ਲਾਈਨਾਂ 'ਚ ਅਜਿਹੇ ਦੇਖੇ ਜਾਂਦੇ ਹਨ, ਜੋ ਸਿਰਫ ਆਧਾਰ ਕਾਰਡ ਵਿਚਲੇ ਨਾਵਾਂ ਜਾਂ ਸਿਰਨਾਵਿਆਂ ਦੀ ਸੋਧ ਲਈ ਭਟ ਰਹੇ ਹਨ। 
ਬੇਸ਼ਕ ਤਰ੍ਹਾਂ-ਤਰ੍ਹਾਂ ਦੀਆਂ ਨਿੱਕੀਆਂ-ਮੋਟੀਆਂ ਗਲਤੀਆਂ ਲਈ ਭਾਵੇਂ ਆਧਾਰ ਕਾਰਡ ਬਣਾਉਣ ਵਾਲੇ ਅਮਲੇ ਦੀਆਂ ਅਣਗਹਿਲੀਆਂ ਜ਼ਿੰਮੇਵਾਰ ਹਨ ਪਰ ਲੋਕਾਂ ਨੂੰ ਅਜਿਹੇ ਬੇਸਮਝ ਸਟਾਫ ਦੀਆਂ ਗਲਤੀਆਂ ਦਾ ਖਮਿਆਜ਼ਾ ਖੱਜਲ-ਖੁਆਰ ਹੋ ਕੇ ਭੁਗਤਣਾ ਪੈ ਰਿਹਾ ਹੈ। ਸੇਵਾ ਕੇਂਦਰ 'ਚ ਆਪੋ-ਆਪਣੇ ਕੰਮਾਂ ਲਈ ਖੜ੍ਹੇ ਲੋਕਾਂ 'ਚੋਂ ਬਹੁਤਿਆਂ ਨੇ ਦੱਸਿਆ ਕਿ ਉਹ ਦੂਰੋਂ ਆਉਂਦੇ ਹਨ ਪਰ ਜਦ ਉਨ੍ਹਾਂ ਦੀ ਵਾਰੀ ਆਉਂਦੀ ਹੈ ਤਾਂ ਮਾਮੂਲੀ ਦਸਤਾਵੇਜ਼ੀ ਤਰੁੱਟੀਆਂ ਕਾਰਨ ਉਨ੍ਹਾਂ ਨੂੰ ਮੁੜ ਵਾਪਸ ਭੇਜ ਦਿੱਤਾ ਜਾਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸਟਾਫ ਵੱਲੋਂ ਇਕੋ ਵਾਰੀ ਹੀ ਤਫਤੀਸ਼ 'ਚ ਕੁੱਝ ਨਹੀਂ ਦੱਸਿਆ ਜਾਂਦਾ, ਸਗੋਂ ਵਾਰ-ਵਾਰ ਚੱਕਰ ਕਢਵਾਏ ਜਾਂਦੇ ਹਨ। 
ਲੋਕਾਂ ਨੇ ਦੱਸਿਆ ਕਿ ਆਧਾਰ ਕਾਰਡ, ਵੋਟਰ ਕਾਰਡ ਜਾਂ ਹੋਰਨਾਂ ਜ਼ਰੂਰੀ ਦਸਤਾਵੇਜ਼ ਅੰਦਰਲੀਆਂ ਗਲਤੀਆਂ ਦੀ ਦਰੁਸਤੀ ਵਾਸਤੇ ਪਹਿਲਾਂ ਤਾਂ ਸਰਪੰਚ, ਪੰਚ, ਨੰਬਰਦਾਰ ਜਾਂ ਕੌਂਸਲਰ ਆਦਿ ਵੱਲੋਂ ਕੀਤੀ ਸਿਫਾਰਿਸ਼ ਨੂੰ ਮੰਨ ਲਿਆ ਜਾਂਦਾ ਸੀ ਪਰ ਹੁਣ ਅਜਿਹੇ ਛੋਟ-ਮੋਟੇ ਕੰਮਾਂ ਲਈ ਵੀ ਹਲਕੇ ਦੇ ਵਿਧਾਇਕ ਦੀ ਸਿਫਾਰਿਸ਼ ਨੂੰ ਜ਼ਰੂਰੀ ਕਰ ਦਿੱਤਾ। ਇਥੇ ਸੇਵਾ ਕੇਂਦਰ 'ਚ ਸਵੇਰੇ 7 ਵਜੇ ਤੋਂ ਡੇਰਾ ਲਾ ਕੇ ਬੈਠੀ ਪਿੰਡ ਰੋਡੇ ਦੀ ਕਰਮਜੀਤ ਕੌਰ ਪਤਨੀ ਸਤਨਾਮ ਸਿੰਘ ਪੱਤੀ ਮੇਹਰਾ ਵੀ ਆਪਣੇ ਆਧਾਰ ਕਾਰਡ 'ਚ ਜਨਮ ਦੇ ਸਾਲ 1957 ਦੀ ਬਜਾਏ ਲਿਖੇ ਗਏ 1979 ਨੂੰ ਦਰੁਸਤ ਕਰਵਾਉਣ ਲਈ ਚੱਕਰ ਲਾ ਰਹੀ ਹੈ, ਜਦਕਿ ਦਲੀਪ ਸਿੰਘ ਸੇਖਾ ਅਤੇ ਚਰਨਜੀਤ ਕੌਰ ਮੌੜ ਨੌਂ ਆਬਾਦ ਨੇ ਖੱਜਲ-ਖੁਆਰੀ ਦਾ ਰੋਣਾ ਰੋਂਦਿਆਂ ਕਿਹਾ ਕਿ ਸੁਵਿਧਾ ਕੇਂਦਰਾਂ 'ਚੋਂ ਮਿਲਦੀਆਂ ਸੁਵਿਧਾਵਾਂ ਸੇਵਾ ਕੇਂਦਰਾਂ ਦੀ ਸੇਵਾ ਨਾਲੋਂ ਬਿਹਤਰ ਸਨ।
ਲੋਕਾਂ ਨੇ ਸੇਵਾ ਕੇਂਦਰਾਂ ਅੰਦਰਲੀ ਸੁਸਤ ਕਾਰਜ ਪ੍ਰਣਾਲੀ ਨੂੰ ਚੁਸਤ ਕਰਨ ਲਈ ਡਿਪਟੀ ਕਮਿਸ਼ਨਰ ਮੋਗਾ ਨੂੰ ਅਪੀਲ ਕੀਤੀ। ਖੱਜਲ ਹੁੰਦੇ ਲੋਕਾਂ ਨੇ ਕਿਹਾ ਕਿ ਜਿਹੜੇ ਕਰਮਚਾਰੀਆਂ ਵੱਲੋਂ ਉਨ੍ਹਾਂ ਦੇ ਦਸਤਾਵੇਜ਼ 'ਚ ਤਰੁੱਟੀਆਂ ਛੱਡੀਆਂ ਗਈਆਂ ਹਨ ਜਾਂ ਜਾਣਬੁੱਝ ਕੇ ਗਲਤੀਆਂ ਕੀਤੀਆਂ ਹਨ, ਉਨ੍ਹਾਂ ਨੂੰ ਹੀ ਇਸ ਲਈ ਜਵਾਬਦੇਹ ਬਣਾ ਕੇ ਕਾਰਵਾਈ ਕੀਤੀ ਜਾਵੇ।


Related News