PGI 'ਚ ਔਰਤ ਨੂੰ ਟੀਕਾ ਲਾਉਣ ਦੇ ਮਾਮਲੇ 'ਚ ਸਨਸਨੀਖ਼ੇਜ਼ ਖ਼ੁਲਾਸਾ, ਖ਼ਬਰ ਪੜ੍ਹ ਰਹਿ ਜਾਵੋਗੇ ਹੈਰਾਨ
Wednesday, Nov 22, 2023 - 12:51 PM (IST)
ਚੰਡੀਗੜ੍ਹ (ਸੰਦੀਪ) : ਪੀ. ਜੀ. ਆਈ. ਗਾਇਨੀ ਵਾਰਡ 'ਚ ਦਾਖ਼ਲ ਹਰਮੀਤ ਕੌਰ ਨੂੰ ਟੀਕਾ ਸੰਗਰੂਰ ਨਿਵਾਸੀ ਜਸਪ੍ਰੀਤ ਕੌਰ ਨੇ ਲਾਇਆ ਸੀ। ਇਸ ਕੰਮ ਲਈ ਮਹਿਲਾ ਮਰੀਜ਼ ਦੇ ਭਰਾ ਰਾਜਪੁਰਾ ਵਾਸੀ ਜਸਮੀਤ ਸਿੰਘ ਨੇ ਉਸ ਨੂੰ ਪੈਸੇ ਦਿੱਤੇ ਸਨ। ਉੱਥੇ ਹੀ ਇਸ ਸਾਜ਼ਿਸ਼ 'ਚ ਔਰਤ ਦਾ ਜੀਜਾ ਬੂਟਾ ਸਿੰਘ ਵਾਸੀ ਪਟਿਆਲਾ, ਜੋ ਕਿ ਡਰਾਈਵਰ ਹੈ ਅਤੇ ਉਸ ਦਾ ਦੋਸਤ ਮਨਦੀਪ ਸਿੰਘ, ਜੋ ਕਿ ਮਰੀਜ਼ ਦੀ ਦੇਖਭਾਲ/ਹੈਲਪਰ ਵਜੋਂ ਕੰਮ ਕਰਦਾ ਹੈ, ਵੀ ਸ਼ਾਮਲ ਸਨ। ਇਹ ਦੋਵੇਂ ਪਟਿਆਲਾ ਤੋਂ ਜ਼ਹਿਰੀਲਾ ਟੀਕਾ ਲੈ ਕੇ ਆਏ ਸਨ। ਪੁਲਸ ਨੇ ਮਹਿਲਾ ਮਰੀਜ਼ ਦੇ ਭਰਾ ਅਤੇ ਪੇਸ਼ੈਂਟ ਕੇਅਰ ਨੂੰ ਰਾਜਪੁਰਾ ਅਤੇ ਹੋਰਨਾ ਮੁਲਜ਼ਮਾਂ ਨੂੰ ਪਟਿਆਲਾ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਪੁੱਛਗਿੱਛ ਲਈ ਮੁਲਜ਼ਮ ਕੁੜੀ ਦਾ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ। ਇਹ ਖ਼ੁਲਾਸਾ ਐੱਸ. ਐੱਸ. ਪੀ. ਕੰਵਰਦੀਪ ਕੌਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਡੀ. ਐੱਸ. ਪੀ. ਸੈਂਟਰਲ ਗੁਰਮੁੱਖ ਸਿੰਘ ਦੀ ਅਗਵਾਈ ਅਤੇ ਸੈਕਟਰ-11 ਥਾਣਾ ਇੰਚਾਰਜ ਮਲਕੀਤ ਸਿੰਘ ਦੀ ਨਿਗਰਾਨੀ ਹੇਠ ਟੀਮ ਨੇ ਸ਼ਾਨਦਾਰ ਕੰਮ ਕਰਦਿਆਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਪੁਲਸ ਇਸ ਗੱਲ ਦੀ ਜਾਂਚ 'ਚ ਜੁੱਟੀ ਹੈ ਕਿ ਮੁਲਜ਼ਮਾਂ ਨੇ ਹਰਮੀਤ ਕੌਰ ਦਾ ਕਤਲ ਕਰਨ ਦੀ ਕੋਸ਼ਿਸ਼ 'ਚ ਕਿਹੜਾ ਟੀਕਾ ਲਾਇਆ ਸੀ। ਐੱਸ. ਐੱਸ. ਪੀ. ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਉਹ ਮੁਲਜ਼ਮਾਂ ਤੋਂ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਹਰਮੀਤ ਕੌਰ ਨੂੰ ਕਿਹੜਾ ਟੀਕਾ ਲਾ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਉੱਥੇ ਹੀ ਦੂਜੇ ਪਾਸੇ ਪੁਲਸ ਮਰੀਜ਼ ਦੇ ਖੂਨ ਅਤੇ ਹੋਰ ਰਿਪੋਰਟਾਂ ਦੇ ਆਧਾਰ ’ਤੇ ਇਸ ਗੱਲ ਦੀ ਪੁਸ਼ਟੀ ਕਰਨ ਦੀ ਕੋਸ਼ਿਸ਼ ਕਰੇਗੀ ਕਿ ਮੁਲਜ਼ਮ ਟੀਕੇ ਸਬੰਧੀ ਸਹੀ ਜਾਣਕਾਰੀ ਦੇ ਰਹੀ ਹੈ ਜਾਂ ਨਹੀਂ। ਇਸ ਤਰ੍ਹਾਂ ਪੁਲਸ ਪੀ. ਜੀ. ਆਈ. ਡਾਕਟਰਾਂ ਦੀ ਮਦਦ ਨਾਲ ਜਾਂਚ ਕਰੇਗੀ ਕਿ ਕੀ ਮੁਲਜ਼ਮ ਸਹੀ ਜਾਣਕਾਰੀ ਦੇ ਰਹੇ ਹਨ ਜਾਂ ਨਹੀਂ?
ਇਹ ਵੀ ਪੜ੍ਹੋ : ਪੰਜਾਬ 'ਚ ਤੜਕਸਾਰ NIA ਦਾ ਵੱਡਾ ਐਕਸ਼ਨ, ਇਸ ਪਿੰਡ 'ਚ ਕੀਤੀ ਛਾਪੇਮਾਰੀ
ਨਨਾਣ ਦੀ ਸ਼ਿਕਾਇਤ ’ਤੇ ਦਰਜ ਕੀਤਾ ਸੀ ਕੇਸ
ਐੱਸ. ਐੱਸ. ਪੀ. ਨੇ ਦੱਸਿਆ ਕਿ 16 ਨਵੰਬਰ ਨੂੰ ਸੈਕਟਰ-11 ਥਾਣਾ ਪੁਲਸ ਨੇ ਪੀ. ਜੀ. ਆਈ. ਦੀ ਗਾਇਨੀ ਵਾਰਡ 'ਚ ਦਾਖ਼ਲ ਹਰਮੀਤ ਦੀ ਨਨਾਣ ਨੇ ਸ਼ਿਕਾਇਤ ਦਿੱਤੀ ਸੀ। ਉਸ ਨੇ ਦੱਸਿਆ ਸੀ ਕਿ ਸ਼ੱਕੀ ਔਰਤ ਆਈ ਅਤੇ ਖ਼ੁਦ ਨੂੰ ਨਰਸ ਦੱਸਦੇ ਹੋਏ ਹਰਮੀਤ ਕੌਰ ਨੂੰ ਟੀਕਾ ਲਾ ਦਿੱਤਾ। ਜਦੋਂ ਉਸ ਨੂੰ ਸ਼ੱਕ ਹੋਇਆ ਤਾਂ ਮੁਲਜ਼ਮ ਫ਼ਰਾਰ ਹੋ ਗਈ। ਪੁਲਸ ਨੇ ਸ਼ਿਕਾਇਤਕਰਤਾ ਅਤੇ ਹੋਰਨਾਂ ਮਰੀਜ਼ਾਂ ਦੇ ਰਿਸ਼ਤੇਦਾਰਾਂ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ। ਪੁਲਸ ਮੁਲਜ਼ਮ ਔਰਤ ਦੀ ਭਾਲ 'ਚ ਲਗਾਤਾਰ ਛਾਪੇਮਾਰੀ ਕਰ ਰਹੀ ਸੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਸਕੂਲ 'ਚ ਲੀਕ ਹੋਈ Gas, ਪੈ ਗਈਆਂ ਭਾਜੜਾਂ, ਬੱਚਿਆਂ ਨੂੰ ਕਰ ਦਿੱਤੀ ਛੁੱਟੀ (ਵੀਡੀਓ)
ਪੀ. ਜੀ. ਆਈ. ਰੈਫ਼ਰ ਕਰਨ ਤੋਂ ਬਾਅਦ ਬਣਾਈ ਯੋਜਨਾ
ਐੱਸ. ਐੱਸ. ਪੀ. ਨੇ ਦੱਸਿਆ ਕਿ ਹਾਲਤ ਖ਼ਰਾਬ ਹੋਣ ’ਤੇ ਹਰਮੀਤ ਨੂੰ ਨਿੱਜੀ ਹਸਪਤਾਲ ਤੋਂ ਪੀ. ਜੀ. ਆਈ. ਦਾਖ਼ਲ ਕਰਵਾਇਆ ਗਿਆ ਤਾਂ ਉਸੇ ਸਮੇਂ ਜਸਮੀਤ ਨੇ ਭੈਣ ਹਰਮੀਤ ਨੂੰ ਜ਼ਹਿਰੀਲਾ ਟੀਕਾ ਲਵਾਉਣ ਦੀ ਯੋਜਨਾ ਬਣਾ ਲਈ ਸੀ। ਉਸ ਨੇ ਜੀਜੇ ਬੂਟਾ ਸਿੰਘ, ਉਸਦੇ ਦੋਸਤ ਮਨਦੀਪ ਸਿੰਘ ਅਤੇ ਮੁਲਜ਼ਮ ਜਸਪ੍ਰੀਤ ਕੌਰ ਨਾਲ ਮਿਲ ਕੇ ਇਹ ਯੋਜਨਾ ਬਣਾਈ ਸੀ। ਸਕੀਮ ਤਹਿਤ ਜਸਪ੍ਰੀਤ ਪੀ. ਜੀ. ਆਈ. ਪਹੁੰਚੀ ਅਤੇ ਜ਼ਹਿਰੀਲਾ ਟੀਕਾ ਲਾ ਦਿੱਤਾ। ਇਸ ਕੰਮ ਨੂੰ ਅੰਜਾਮ ਦੇਣ ਦੇ ਬਦਲੇ ਜਸਪ੍ਰੀਤ ਨੂੰ ਜਸਮੀਤ ਨੇ ਚੰਗੀ ਰਕਮ ਦੇਣ ਦਾ ਲਾਲਚ ਦਿੱਤਾ ਸੀ।
ਇਸ ਤਰ੍ਹਾਂ ਕੀਤਾ ਗਿਆ ਸੀ ਹਰਮੀਤ ਕੌਰ ਨੂੰ ਪੀ. ਜੀ. ਆਈ. ਰੈਫ਼ਰ
ਜ਼ਿਕਰਯੋਗ ਹੈ ਕਿ ਹਰਮੀਤ ਕੌਰ ਨੂੰ ਕਿਡਨੀ ਦੀ ਗੰਭੀਰ ਸੱਟ ਅਤੇ ਹੋਰ ਗੁੰਝਲਦਾਰ ਸਮੱਸਿਆਵਾਂ ਕਾਰਨ ਰੈਫ਼ਰ ਕੀਤੇ ਜਾਣ ਤੋਂ ਬਾਅਦ 7 ਨਵੰਬਰ ਨੂੰ ਪੀ. ਜੀ. ਆਈ. 'ਚ ਦਾਖ਼ਲ ਕਰਵਾਇਆ ਗਿਆ ਸੀ। 2 ਨਵੰਬਰ ਨੂੰ ਡਲਿਵਰੀ ਦੌਰਾਨ ਜ਼ਿਆਦਾ ਖੂਨ ਵਗਣ ਅਤੇ ਗੰਭੀਰ ਇਨਫੈਕਸ਼ਨ ਕਾਰਨ ਪੀ. ਜੀ. ਆਈ. ਰੈਫ਼ਰ ਕਰਨ ਤੋਂ ਪਹਿਲਾਂ ਹੀ ਉਸ ਦਾ ਡਾਇਲਸਿਸ ਹੋ ਚੁੱਕਾ ਸੀ। ਪੀ. ਜੀ. ਆਈ. ਵਿਚ ਵਗਦੇ ਖੂਨ ਨੂੰ ਕੰਟਰੋਲ ਕਰ ਕੇ ਮਰੀਜ਼ ਨੂੰ ਆਈ. ਸੀ. ਯੂ. 'ਚ ਸ਼ਿਫਟ ਕੀਤਾ ਗਿਆ। ਵਾਰ-ਵਾਰ ਡਾਇਲਸਿਸ ਕੀਤਾ ਜਾ ਰਿਹਾ ਹੈ। ਡਾਕਟਰ ਮਰੀਜ਼ ’ਤੇ ਨਜ਼ਰ ਰੱਖ ਰਹੇ ਹਨ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8