ਨਗਰ ਕੌਂਸਲ ਰਮਦਾਸ ਦਾ ਭਗੌੜਾ ਸੀਨੀਅਰ ਮੀਤ ਪ੍ਰਧਾਨ ਪੁਲਸ ਅੜਿੱਕੇ

Friday, Jun 30, 2017 - 03:00 AM (IST)

ਅੰਮ੍ਰਿਤਸਰ,   (ਬਿਊਰੋ)- ਨਗਰ ਕੌਂਸਲ ਰਮਦਾਸ ਦੇ ਸੀਨੀਅਰ ਮੀਤ ਪ੍ਰਧਾਨ ਸੁਰਿੰਦਰਪਾਲ ਸਿੰਘ ਨਾਲ ਜਿਸ ਨੂੰ ਅਦਾਲਤ ਦਾ ਭਗੌੜਾ ਹੋਣ ਦੇ ਬਾਵਜੂਦ ਵੀ ਅਕਾਲੀ ਦਲ ਬਾਦਲ ਨੇ ਪਹਿਲਾਂ ਨਗਰ ਕੌਂਸਲ ਦੀਆਂ ਚੋਣਾਂ 'ਚ ਟਿਕਟ ਦੇ ਕੇ ਕੌਂਸਲਰ ਬਣਾਇਆ ਤੇ ਫਿਰ ਸੀਨੀਅਰ ਮੀਤ ਪ੍ਰਧਾਨ ਦਾ ਅਹੁਦਾ ਦੇ ਕੇ ਨਿਵਾਜਿਆ ਪਰ ਸੱਤਾ ਦੀ ਤਬਦੀਲੀ ਹੋ ਜਾਣ ਉਪਰੰਤ ਅੱਜ ਸਵੇਰੇ ਮਜੀਠਾ ਪੁਲਸ ਨੇ ਉਸ ਨੂੰ ਘਰੋਂ ਚੁੱਕਿਆ ਤੇ ਅਦਾਲਤ ਨੇ ਉਸ ਨੂੰ 14 ਦਿਨਾਂ ਲਈ ਜੇਲ ਭੇਜ ਦਿੱਤਾ ਹੈ।  ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਕਈ ਮੱਦਾਂ ਨੂੰ ਲੈ ਕੇ ਪਹਿਲਾਂ ਹੀ ਚਰਚਾ ਵਿਚ ਹੈ ਤੇ ਰਮਦਾਸ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਸੁਰਿੰਦਰਪਾਲ ਸਿੰਘ ਨੇ ਹਲਕੇ ਦੇ ਵਿਧਾਇਕ ਦੀ ਸ਼ਹਿ 'ਤੇ ਕਬੂਤਰਬਾਜ਼ੀ ਕਰਦਿਆਂ ਮਜੀਠਾ ਨਿਵਾਸੀ ਤੇਜਿੰਦਰ ਸਿੰਘ ਕੋਲੋਂ ਲੱਖਾਂ ਦੀ ਠੱਗੀ ਮਾਰੀ ਪਰ ਕਬੂਤਰਬਾਜ਼ੀ ਕਰਨ ਵਿਚ ਉਹ ਕਾਮਯਾਬ ਨਾ ਹੋਇਆ ਜਿਸ ਕਾਰਨ ਇਹ ਠੱਗੀ ਉਸ ਦੇ ਜੀਅ ਦਾ ਜੰਜ਼ਾਲ ਬਣ ਗਈ।  ਕੁਝ ਪੈਸੇ ਉਸ ਨੇ ਦਬਾ ਹੇਠ ਆ ਕੇ ਵਾਪਸ ਕਰ ਦਿੱਤੇ ਤੇ 6 ਲੱਖ ਦੇ ਦੋ ਚੈੱਕ ਦੇ ਦਿੱਤੇ ਜਿਹੜੇ ਬੈਂਕ ਵਾਲਿਆਂ ਨੇ ਪੈਸੇ ਨਾ ਹੋਣ ਦੀ ਸੂਰਤ ਵਿਚ ਵਾਪਸ ਭੇਜ ਦਿੱਤੇ। ਪੀੜਤ ਵਿਅਕਤੀ ਵੱਲੋਂ ਕਾਫੀ ਤਰਲੇ ਕੀਤੇ ਗਏ ਪਰ ਉਸ ਨੂੰ ਉਲਟੀਆਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਕਿ ਸਰਕਾਰ ਅਕਾਲੀ ਦਲ ਦੀ ਹੈ ਤੇ ਉਹ ਕੁਝ ਵੀ ਕਰ ਸਕਦਾ। ਅਖੀਰ ਪੀੜਤ ਤੇਜਿੰਦਰ ਸਿੰਘ ਨੇ ਅਦਾਲਤ ਦਾ ਸਹਾਰਾ ਲਿਆ ਪਰ ਦੋਸ਼ੀ ਅਦਾਲਤ ਵਿਚ ਪੇਸ਼ ਨਾ ਹੋਇਆ ਤੇ ਅਦਾਲਤ ਨੇ ਉਸ ਨੂੰ ਭਗੌੜਾ ਕਰਾਰ ਦੇ ਦਿੱਤਾ। 2015 ਵਿਚ ਹੋਈਆਂ ਨਗਰ ਕੌਂਸਲ ਚੋਣਾਂ ਸਮੇਂ ਭਗੌੜੇ ਉਸ ਵਿਅਕਤੀ ਨੂੰ ਅਕਾਲੀ ਦਲ ਨੇ ਟਿਕਟ ਹੀ ਨਹੀਂ ਦਿੱਤੀ ਸਗੋਂ ਜਿੱਤਣ ਉਪਰੰਤ ਸੀਨੀਅਰ ਮੀਤ ਪ੍ਰਧਾਨ ਦੇ ਵਕਾਰੀ ਅਹੁਦੇ 'ਤੇ ਬਿਠਾ ਦਿੱਤਾ। ਪੰਜਾਬ ਵਿਚ ਸੱਤਾ ਦੀ ਤਬਦੀਲੀ ਹੋਈ ਤਾਂ ਉਸ ਨੂੰ ਕੁਝ ਆਸ ਬੱਝੀ ਪਰ ਅਕਾਲੀ ਮਾਨਸਿਕਤਾ ਵਾਲੇ ਥਾਣਿਆਂ ਵਿਚ ਹਾਲੇ ਵੀ ਲੱਗੇ ਕਰਮਚਾਰੀਆਂ ਤੇ ਅਧਿਕਾਰੀਆਂ ਨੇ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਨਾ ਕੀਤਾ। ਬੀਤੇ ਦਿਨੀਂ ਜਦੋਂ ਅਦਾਲਤ ਨੇ ਪੁਲਸ ਨੂੰ ਝਾੜ ਪਾਈ ਤਾਂ ਸੁਰਿੰਦਰਪਾਲ ਕਾਲੀਆ ਨੂੰ ਉਸ ਵੇਲੇ ਘਰੋਂ ਗ੍ਰਿਫਤਾਰ ਕਰ ਲਿਆ ਜਦੋਂ ਉਹ ਕਿਸੇ ਹੋਰ ਵੱਡੇ ਕਾਰਨਾਮੇ ਦੀ ਵਿਉਂਤਬੰਦੀ ਕਰ ਰਿਹਾ ਸੀ। ਮਜੀਠਾ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਕੇ ਅਦਾਲਤ ਵਿਚ ਪੇਸ਼ ਕਰ ਦਿੱਤਾ ਜਿਥੇ ਉਸ ਨੂੰ ਅਦਾਲਤ ਨੇ 14 ਦਿਨਾਂ ਲਈ ਨਿਆਇਕ ਹਿਰਾਸਤ ਵਿਚ ਭੇਜਣ ਦੇ ਆਦੇਸ਼ ਦਿੰਦਿਆਂ ਉਸ ਨੂੰ ਜੇਲ ਭੇਜ ਦਿੱਤਾ।  


Related News