ਸੀਨੀਅਰ ਕਾਂਗਰਸੀ ਆਗੂ ਹੈਪੀ ਬਾਜਵਾ ਨੇ ਕੀਤੀ ਖੁਦਕੁਸ਼ੀ, ਮਰਨ ਤੋਂ ਪਹਿਲਾਂ ਕਿਹਾ-ਪਾਰਟੀ ਨੇ ਵੀ ਨਹੀਂ ਫੜੀ ਮੇਰੀ ਬਾਂਹ
Thursday, Jul 29, 2021 - 06:47 PM (IST)
ਮੁੱਲਾਂਪੁਰ ਦਾਖਾ (ਕਾਲੀਆ)-ਪਿੰਡ ਜਾਂਗਪੁਰ ਦੇ ਰਹਿਣ ਵਾਲੇ ਸੀਨੀਅਰ ਕਾਂਗਰਸੀ ਆਗੂ ਦਲਜੀਤ ਸਿੰਘ ਹੈਪੀ ਬਾਜਵਾ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਸਪੋਰਟਸ ਐਂਡ ਕਲਚਰਲ ਸੈੱਲ ਹਲਕਾ ਦਾਖਾ ਨੇ ਅੱਜ ਆਪਣੀ ਕਾਂਗਰਸ ਪਾਰਟੀ ’ਤੇ ਨਮੋਸ਼ੀ ਪ੍ਰਗਟਾਉਂਦਿਆਂ ਆਡੀਓ ਸੋਸ਼ਲ ਮੀਡੀਆ ’ਤੇ ਜਾਰੀ ਕੀਤੀ। ਇਸ ਆਡੀਓ ’ਚ ਉਨ੍ਹਾਂ ਆਪਣੇ ਹੀ ਪਿੰਡ ਦੇ ਤਿੰਨ ਵਿਅਕਤੀਆਂ ਨੂੰ ਮੌਤ ਦਾ ਜ਼ਿੰਮੇਵਾਰ ਠਹਿਰਾ ਕੇ ਜ਼ਹਿਰੀਲੀ ਚੀਜ਼ ਨਿਗਲ ਕੇ ਜੀਵਨ ਲੀਲਾ ਖਤਮ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਜਾਂਗਪੁਰ ’ਚ ਇੱਕ ਪਲਾਟ ਹੈਪੀ ਬਾਜਵਾ ਨੇ ਖਰੀਦਿਆ ਸੀ। ਇਸ ਪਲਾਟ ਦੀ ਰਜਿਸਟਰੀ ਵੀ ਉਸ ਨੇ ਆਪਣੇ ਨਾਂ ਕਰਵਾ ਲਈ ਸੀ ਪਰ ਇਸ ਦੀ ਮਲਕੀਅਤ ਨੂੰ ਲੈ ਕੇ ਪਿੰਡ ਦੇ ਹੀ ਇੱਕ ਵਿਅਕਤੀ ਨਾਲ ਵਿਵਾਦ ਚੱਲ ਰਿਹਾ ਸੀ, ਜਿਸ ਨੂੰ ਲੈ ਕੇ ਉਨ੍ਹਾਂ ਨੇ ਲੋਕਲ ਕਾਂਗਰਸ ਹਾਈਕਮਾਂਡ ਕੋਲ ਵੀ ਮਸਲੇ ਨੂੰ ਸੁਲਝਾਉਣ ਲਈ ਫਰਿਆਦ ਰੱਖੀ ਸੀ ਪਰ ਇਸ ਮਸਲੇ ’ਤੇ ਪਾਰਟੀ ਵੱਲੋਂ ਹੈਪੀ ਬਾਜਵਾ ਮੁਤਾਬਿਕ ਉਸ ਦੀ ਪੂਰੀ ਤਰ੍ਹਾਂ ਬਾਂਹ ਨਹੀਂ ਫੜੀ ਗਈ ਸੀ।
ਇਹ ਵੀ ਪੜ੍ਹੋ : ਗਰੀਬ ਪਰਿਵਾਰ ’ਤੇ ਕਹਿਰ ਬਣ ਵਰ੍ਹਿਆ ਮੀਂਹ, ਘਰ ਦੀ ਛੱਤ ਡਿਗਣ ਨਾਲ ਇੱਕ ਦੀ ਮੌਤ
ਇਸੇ ਤੋਂ ਖਫ਼ਾ ਹੋ ਕੇ ਸੋਸ਼ਲ ਮੀਡੀਆ ’ਤੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਆਪਣੇ ਪਰਿਵਾਰ ਦੀ ਬਾਂਹ ਫੜਨ ਲਈ ਅਤੇ ਹੋਰ ਕਾਂਗਰਸੀ ਵਰਕਰਾਂ ਦੀ ਸੁਣਵਾਈ ਕਰਨ ਸਬੰਧੀ ਨਸੀਹਤ ਦੇ ਕੇ ਆਪਣੇ ਟਰੈਕਟਰ ’ਤੇ ਪਿੰਡ ਹਿੱਸੋਵਾਲ ਨੇੜੇ ਪੁੱਜ ਕੇ ਦੁਪਹਿਰ ਕਰੀਬ ਦੋ ਵਜੇ ਜ਼ਹਿਰੀਲੀ ਚੀਜ਼ ਨਿਗਲ ਲਈ, ਜਿਸ ਦੀ ਹਾਲਤ ਖਰਾਬ ਹੁੰਦੀ ਦੇਖ ਨਿੱਜੀ ਹਸਪਤਾਲ ਮੁੱਲਾਂਪੁਰ ਵਿਖੇ ਲਿਆਂਦਾ ਗਿਆ। ਜਿੱਥੇ ਉਹ ਜ਼ਿੰਦਗੀ-ਮੌਤ ਦੀ ਲੜਾਈ ਲੜਦਾ ਹੋਇਆ ਦਮ ਤੋੜ ਗਿਆ। ਜਾਰੀ ਆਡੀਓ ’ਚ ਅਤੇ ਹੱਥ ਲਿਖਤ ਪੋਸਟ ’ਚ ਹੈਪੀ ਬਾਜਵਾ ਨੇ ਇਹ ਵੀ ਲਿਖਿਆ ਹੈ ਕਿ ‘‘ਮੇਰੀ ਮੌਤ ਦੇ ਜ਼ਿੰਮੇਵਾਰ ਪ੍ਰੀਤਮ ਸਿੰਘ ਪੁੱਤਰ ਹਰਚੰਦ ਸਿੰਘ, ਬਲਜਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਅਤੇ ਮਹਿੰਦਰ ਸਿੰਘ ਬਾਬੂ ਪੰਚ ਪੁੱਤਰ ਲਛਮਣ ਸਿੰਘ ਹਨ ਅਤੇ ਇਹ ਲੋਕ ਮੇਰੇ ਵਿਰੁੱਧ ਝੂਠੀਆਂ ਗਵਾਹੀਆਂ ਦੇ ਕੇ ਆਏ ਹਨ।’’
ਥਾਣਾ ਦਾਖਾ ਦੀ ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਆਰੰਭ ਕਰ ਦਿੱਤੀ ਹੈ। ਇਸ ਸਬੰਧੀ ਡੀ. ਐੱਸ. ਪੀ. ਗੁਰਬੰਸ ਸਿੰਘ ਬੈਂਸ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਹੈਪੀ ਬਾਜਵਾ ਦੀ ਮੌਤ ਦੇ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਉਸ ਦੇ ਪਰਿਵਾਰ ਨੂੰ ਇਨਸਾਫ ਮਿਲ ਸਕੇ। ਕੈਪਟਨ ਸੰਦੀਪ ਸਿੰਘ ਸੰਧੂ ਨੇ ਕਾਂਗਰਸੀ ਆਗੂ ਹੈਪੀ ਬਾਜਵਾ ਦੀ ਮੌਤ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਪਾਰਟੀ ਦਾ ਇੱਕ ਜੁਝਾਰੂ ਵਰਕਰ ਸਾਡੇ ਤੋਂ ਰੁਖ਼ਸਤ ਹੋ ਗਿਆ ਹੈ, ਜਿਸ ਦਾ ਪਿਆ ਘਾਟਾ ਪਾਰਟੀ ਅਤੇ ਪਰਿਵਾਰ ਨੂੰ ਕਦੇ ਵੀ ਪੂਰਾ ਨਹੀਂ ਹੋ ਸਕਦਾ। ਉਨ੍ਹਾਂ ਪਰਿਵਾਰ ਨਾਲ ਵੀ ਦੁੱਖ ਸਾਂਝਾ ਕੀਤਾ।
ਇਹ ਵੀ ਪੜ੍ਹੋ : ਅਮਰੀਕਾ ’ਚ ਪੜ੍ਹਾਈ ਕਰ ਰਹੇ ਭਾਰਤੀ ਵਿਦਿਆਰਥੀਆਂ ਲਈ ਵੱਡੀ ਖ਼ਬਰ, ਸੰਸਦ ’ਚ ਪੇਸ਼ ਹੋਇਆ ਨਵਾਂ ਬਿੱਲ