ਪੰਜਾਬ ਦੇ ਭਲੇ ਲਈ ਕੈਪਟਨ ਨੇ ਲਿਆ ਅਹਿਮ ਫੈਸਲਾ : ਸਿਡਾਨਾ
Thursday, Nov 23, 2017 - 02:39 PM (IST)
ਜਲਾਲਾਬਾਦ (ਬੰਟੀ) - ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਉਦਯੋਗਪਤੀ ਵਿਮਲ ਸਿਡਾਨਾ ਨੇ ਪ੍ਰੈੱਸ ਵਾਰਤਾ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਲੰਬੀ ਪਾਰੀ ਖੇਡਣ ਦਾ ਐਲਾਨ ਕਰ ਕੇ ਕਾਂਗਰਸੀਆਂ 'ਚ ਇਕ ਨਵਾਂ ਉਤਸ਼ਾਹ ਤੇ ਜਾਨ ਫੂਕ ਦਿੱਤੀ ਹੈ ਤੇ ਕਾਂਗਰਸ ਪਾਰਟੀ ਦਾ ਹਰ ਨੁਮਾਇੰਦਾ ਉਨ੍ਹਾਂ ਦੇ ਇਸ ਫੈਸਲੇ 'ਤੇ ਖੁਸ਼ੀ ਜ਼ਾਹਿਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਾਹਿਬ ਹਮੇਸ਼ਾ ਹੀ ਪੰਜਾਬ ਦੇ ਹਿਤੈਸ਼ੀ ਰਹੇ ਹਨ ਤੇ ਉਨ੍ਹਾਂ ਦੇ ਲਏ ਫੈਸਲੇ ਹਮੇਸ਼ਾ ਹੀ ਇਤਿਹਾਸਕ ਸਿੱਧ ਹੋਏ ਹਨ।
ਸਿਡਾਨਾ ਨੇ ਕਿਹਾ ਕਿ ਪੰਜਾਬ ਦੇ ਲੋਕ ਵੀ ਚਾਹੁੰਦੇ ਹਨ ਕਿ ਪੰਜਾਬ ਦੀ ਤਰੱਕੀ ਅਤੇ ਸੁੱਖ-ਸ਼ਾਂਤੀ ਲਈ ਉਹ ਕੈਪਟਨ ਸਾਹਿਬ ਦੀਆਂ ਲੰਬੇ ਸਮੇਂ ਤੱਕ ਸੇਵਾਵਾਂ ਲੈਣ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਕੈਪਟਨ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਬਣੇ ਹਨ, ਕਿਸਾਨਾਂ ਨੂੰ ਕਦੀ ਵੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਅਤੇ ਹੁਣ ਕੈਪਟਨ ਅਮਰਿੰਦਰ ਸਿੰਘ ਅਕਾਲੀ-ਭਾਜਪਾ ਵੱਲੋਂ ਬਰਬਾਦ ਕੀਤੇ ਪੰਜਾਬ ਨੂੰ ਫਿਰ ਤੋਂ ਖੁਸ਼ਹਾਲ ਸੂਬਾ ਬਣਾਉਣ ਲਈ ਪੁਰਜ਼ੋਰ ਮਿਹਨਤ ਕਰ ਰਹੇ ਹਨ ਅਤੇ ਭ੍ਰਿਸ਼ਟਾਚਾਰ, ਗੈਂਗਸਟਰਾਂ, ਨਸ਼ਿਆਂ ਤੇ ਹੋਰ ਸਮਾਜਿਕ ਬੁਰਾਈਆਂ ਨੂੰ ਜੜ੍ਹੋਂ ਖਤਮ ਕਰਨ 'ਚ ਲੱਗੇ ਹੋਏ ਹਨ ਤੇ ਜਲਦੀ ਹੀ ਪੰਜਾਬ ਫਿਰ ਸੋਨੇ ਦੀ ਚਿੜੀ ਕਹਿਲਾਏਗਾ।